Guru Granth Sahib Logo
  
ਇਸ ਪਉੜੀ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਜਿਵੇਂ ਪਹਿਲੇ ਚਾਰ ਗੁਰੂ ਸਾਹਿਬਾਨ ਨੇ ਆਪਣੇ ਜੀਵਨ-ਕਾਲ ਵਿਚ ਮਨੁਖਤਾ ਦਾ ਉਧਾਰ ਕੀਤਾ, ਉਸੇ ਪਰੰਪਰਾ ਨੂੰ ਗੁਰੂ ਅਰਜਨ ਸਾਹਿਬ ਅੱਗੇ ਤੋਰ ਰਹੇ ਹਨ। ਪਹਿਲੇ ਚਾਰ ਗੁਰੂ ਸਾਹਿਬਾਨ ਵਾਂਗ ਹੀ ਗੁਰੂ ਅਰਜਨ ਸਾਹਿਬ ਦਾ ਨੂਰ ਵੀ ਖੂਬ ਚਮਕ-ਦਮਕ ਰਿਹਾ ਹੈ। ਸਵੇਰ ਤੋਂ ਸ਼ਾਮ ਤਕ, ਭਾਵ ਹਰ ਸਮੇਂ, ਗੁਰੂ ਸਾਹਿਬ ਗਿਆਨ ਦੇ ਚਾਨਣ ਨਾਲ ਪੂਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਮਾਨ ਕਰ ਰਹੇ ਹਨ। ਸੱਚੇ ਪ੍ਰਭੂ ਵੱਲੋਂ ਮਿਲੀ ਸੱਚੇ ਨਾਮ ਦੀ ਬਰਕਤ ਨਾਲ ਗੁਰੂ ਅਰਜਨ ਸਾਹਿਬ ਦੀ ਵਡਿਆਈ ਦਿਨ ਦੁਗਣੀ ਤੇ ਰਾਤ ਚੌਗੁਣੀ ਵਧ ਰਹੀ ਹੈ।
ਚਾਰੇ ਜਾਗੇ ਚਹੁ ਜੁਗੀ   ਪੰਚਾਇਣੁ ਆਪੇ ਹੋਆ
ਆਪੀਨੈ੍ ਆਪੁ ਸਾਜਿਓਨੁ   ਆਪੇ ਹੀ ਥੰਮਿ੍ ਖਲੋਆ
ਆਪੇ ਪਟੀ  ਕਲਮ ਆਪਿ   ਆਪਿ ਲਿਖਣਹਾਰਾ ਹੋਆ
ਸਭ ਉਮਤਿ ਆਵਣ ਜਾਵਣੀ   ਆਪੇ ਹੀ ਨਵਾ ਨਿਰੋਆ
ਤਖਤਿ ਬੈਠਾ ਅਰਜਨ ਗੁਰੂ   ਸਤਿਗੁਰ ਕਾ ਖਿਵੈ ਚੰਦੋਆ
ਉਗਵਣਹੁ ਤੈ ਆਥਵਣਹੁ   ਚਹੁ ਚਕੀ ਕੀਅਨੁ ਲੋਆ
ਜਿਨੀ੍ ਗੁਰੂ ਸੇਵਿਓ   ਮਨਮੁਖਾ ਪਇਆ ਮੋਆ
ਦੂਣੀ ਚਉਣੀ ਕਰਾਮਾਤਿ   ਸਚੇ ਕਾ ਸਚਾ ਢੋਆ
ਚਾਰੇ ਜਾਗੇ ਚਹੁ ਜੁਗੀ   ਪੰਚਾਇਣੁ ਆਪੇ ਹੋਆ ॥੮॥੧॥
-ਗੁਰੂ ਗ੍ਰੰਥ ਸਾਹਿਬ ੯੬੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਭਾਈ ਸਤਾ ਤੇ ਬਲਵੰਡ ਕਹਿੰਦੇ ਹਨ ਕਿ ਚਹੁਜੁਗੀ, ਭਾਵ ਚਾਰੇ ਜੁਗਾਂ ਦੇ ਮਨੁਖਾਂ ਦਾ ਉਧਾਰ ਕਰਨ ਵਾਲੇ, ਚਾਰ ਗੁਰੂ ਸਾਹਿਬਾਨ, ਆਪੋ-ਆਪਣੇ ਸਮੇਂ ਪਰਗਟ ਹੋ ਕੇ ਗਿਆਨ ਦਾ ਪ੍ਰਕਾਸ਼ ਕਰਦੇ ਰਹੇ। ਚੌਥੇ ਪਾਤਸ਼ਾਹ ਤੋਂ ਬਾਅਦ ਹੁਣ ਪੰਚਾਇਣ-ਪ੍ਰਭੂ ਆਪ ਪੰਚਮ ਗੁਰੂ, ਗੁਰੂ ਅਰਜਨ ਸਾਹਿਬ ਦੇ ਰੂਪ ਵਿਚ ਪਰਗਟ ਹੋਇਆ ਹੈ। ਗੁਰੂ ਸਾਹਿਬ ਨੂੰ ਇਥੇ ਚਾਰੇ ਜੁਗਾਂ ਦੇ ਮਨੁਖਾਂ ਦਾ ਉਧਾਰ ਕਰਨ ਵਾਲੇ (ਚਹੁਜੁਗੀ) ਕਹਿਣ ਦੇ ਪਿੱਛੇ ਇਹ ਭਾਵ ਹੈ ਕਿ ਗੁਰੂ ਸਾਹਿਬ ਵੱਲੋਂ ਦੱਸਿਆ ਅਤੇ ਦ੍ਰਿੜਾਇਆ ਸੱਚਾ ਨਾਮ ਹੀ ਮਨੁਖਤਾ ਦਾ ਉਧਾਰ ਕਰਨ ਵਾਲਾ ਹੈ।

ਇਹ ਜੁਗ ਜਤ, ਸੰਜਮ, ਤੀਰਥ ਆਦਿ ਕਰਮ-ਕਾਂਡਾਂ ਦਾ ਨਹੀਂ ਹੈ। ਇਸ ਜੁਗ ਵਿਚ ਪ੍ਰਭੂ ਦਾ ਜਸ ਗਾ ਕੇ ਉਸ ਦਾ ਸਿਮਰਨ ਕਰਕੇ ਹੀ ਜੀਵਨ ਸਫਲ ਹੁੰਦਾ ਹੈ। ਇਸ ਪ੍ਰਥਾਇ ਗੁਰੂ ਅਮਰਦਾਸ ਸਾਹਿਬ ਦੇ ਬਚਨ ਹਨ: ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥ ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥ ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥ ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥

ਇਸ ਪਉੜੀ ਅੰਦਰ ਭਾਈ ਸਤਾ ਤੇ ਬਲਵੰਡ ਪਰਮੇਸ਼ਰ ਨੂੰ ‘ਪੰਚਾਇਣ’ ਆਖਦੇ ਹਨ। ਇਸ ਸੰਦਰਭ ਵਿਚ ‘ਪੰਚਾਇਣ’ ਇਕ ਪੁਰਖੀ ਰਾਜਸੀ ਨਿਜ਼ਾਮ ਦੇ ਵਿਪਰੀਤ ਪੰਚਾਇਤੀ ਰਾਜ ਅਤੇ ਸਮਾਜ ਦਾ ਸੰਕੇਤਕ ਹੈ ਤੇ ਇਸੇ ਕਰਕੇ ਅਕਾਲ ਪੁਰਖ ਨੇ ਆਪ ਗੁਰੂ ਅਰਜਨ ਸਾਹਿਬ ਨੂੰ ਥਾਪਿਆ ਹੈ ਤੇ ਆਪ ਹੀ ਉਨ੍ਹਾਂ ਦੇ ਅੰਦਰ ਥੰਮ ਦੀ ਨਿਆਈਂ ਅਡਿਗ ਹੈ।

ਉਹ ਪਰਮੇਸ਼ਰ ਆਪ ਹੀ ਸ੍ਵੈ ਨੂੰ ਰਚਦਾ ਅਤੇ ਆਪ ਹੀ ਆਪਣੀ ਬਣਾਈ ਰਚਨਾ ਵਿਚ ਵਿਆਪਕ ਹੋ ਕੇ ਉਸ ਨੂੰ ਆਸਰਾ ਦਿੰਦਾ ਹੈ। ਜੀਵਾਂ ਦੀ ਅਗਵਾਈ ਲਈ ਪਰਮੇਸ਼ਰ ਆਪ ਹੀ ਫੱਟੀ, ਆਪ ਹੀ ਕਲਮ ਹੈ ਅਤੇ ਆਪ ਹੀ ਉਸ ਫੱਟੀ ਉਪਰ ਲਿਖਣ ਵਾਲਾ ਹੁੰਦਾ ਹੈ। ਭਾਵ, ਗੁਰੂ ਅਰਜਨ ਸਾਹਿਬ ਵਿਚ ਵਰਤ ਕੇ ਬਾਣੀ ਦਾ ਉਚਾਰਣ ਕਰਨ ਵਾਲਾ ਅਤੇ ਉਚਾਰਣ ਹੋਈ ਬਾਣੀ ਨੂੰ ਪੋਥੀਆਂ ਦੇ ਰੂਪ ਵਿਚ ਲਿਖਣ-ਲਿਖਾਉਣ ਵਾਲਾ ਵੀ ਪਰਮੇਸ਼ਰ ਆਪ ਹੀ ਹੈ। ਇਸੇ ਲਈ ਬਾਣੀ ਵਿਚ ਪੋਥੀ ਨੂੰ ਪਰਮੇਸ਼ਰ ਦਾ ਥਾਨ ਕਿਹਾ ਗਿਆ ਹੈ: ਪੋਥੀ ਪਰਮੇਸਰ ਕਾ ਥਾਨੁ ॥ ਸੋ, ਪਰਮੇਸ਼ਰ ਆਪ ਹੀ ਗੁਰੂ ਪਾਤਸ਼ਾਹ ਵਿਚ ਵਰਤ ਕੇ ਸਾਰਾ ਕਾਰਜ ਕਰਵਾ ਰਿਹਾ ਹੈ।

ਗੁਰੂ ਅਮਰਦਾਸ ਸਾਹਿਬ ਨੇ ਗੁਰੂ ਅਰਜਨ ਸਾਹਿਬ ਨੂੰ ਬਾਲਪਣ ਵਿਚ ‘ਦੋਹਤਾ ਬਾਣੀ ਕਾ ਬੋਹਿਥਾ’ ਆਖਿਆ ਸੀ। ‘ਬੋਹਿਥ’ ਜਹਾਜ ਨੂੰ ਕਹਿੰਦੇ ਹਨ। ਗੁਰੂ ਅਰਜਨ ਸਾਹਿਬ ਬਾਣੀ ਦੇ ਵਡੇ ਰਚੈਤਾ ਹਨ। ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਵੱਧ ਬਾਣੀ ਉਨ੍ਹਾ ਦੀ ਹੀ ਦਰਜ ਹੈ। ਸਧਾਰਣ ਲੇਖਕ ਦਾ ਆਪਣੀ ਲੇਖਣੀ ’ਤੇ ਕਾਬੂ ਨਹੀਂ ਹੁੰਦਾ। ਉਹ ਲਿਖਣਾ ਕੁਝ ਹੋਰ ਚਾਹੁੰਦਾ ਹੈ ਤੇ ਲਿਖਿਆ ਕੁਝ ਹੋਰ ਜਾਂਦਾ ਹੈ। ਗੁਰੂ ਅਰਜਨ ਸਾਹਿਬ ਆਪਣੀ ਕਲਮ, ਭਾਸ਼ਾ ਅਤੇ ਲੇਖਣੀ ਦੇ ਖ਼ੁਦ ਮਾਲਕ ਹਨ ਤੇ ਉਨ੍ਹਾਂ ਨੂੰ ਆਪਣੀ ਲੇਖਣੀ ’ਤੇ ਮੁਕੰਮਲ ਆਬੂਰ ਹਾਸਲ ਹੈ।

ਗੁਰੂ ਘਰ ਵਿਚ ਸੰਗਤ ਦਾ ਆਉਣਾ-ਜਾਣਾ ਸਦਾ ਬਣਿਆ ਰਹਿੰਦਾ ਹੈ ਤੇ ਪੰਚਮ ਪਾਤਸ਼ਾਹ ਕਦੇ ਵਿਹਲੇ ਨਹੀਂ ਰਹਿੰਦੇ। ਅਕਾਲ ਪੁਰਖ ਆਪ ਉਨ੍ਹਾਂ ਨੂੰ ਹਮੇਸ਼ਾ ਨਵੇਂ ਨਰੋਏ ਰਖਦਾ ਹੈ। ਜਦ ਉਹ ਤਖਤ ’ਤੇ ਬਿਰਾਜਮਾਨ ਹੁੰਦੇ ਹਨ ਤਾਂ ਉਨ੍ਹਾਂ ਦੇ ਮੁਖੜੇ ਦਾ ਨਵਾਂ ਨਿਰੋਆਪਣ ਤੇ ਉਨ੍ਹਾਂ ਦੇ ਸਿਰ ਉਤੇ ਸੁਸ਼ੋਭਿਤ ਚੰਦੋਆ ਡਲਕਾਂ ਮਾਰਦਾ ਹੈ।

ਸਵੇਰ ਤੋਂ ਸ਼ਾਮ ਤਕ ਗੁਰੂ ਸਾਹਿਬ ਦਾ ਤੇਜ ਪ੍ਰਤਾਪ ਚਾਰੇ ਪਾਸੇ ਸੂਰਜ ਦੀ ਤਰ੍ਹਾਂ ਪ੍ਰਕਾਸ਼ ਕਰਦਾ ਰਹਿੰਦਾ ਹੈ। ਜਿਹੜੇ ਵੀ ਲੋਕ ਗੁਰੂ ਸਾਹਿਬ ਨੂੰ ਨਹੀਂ ਮੰਨਦੇ ਉਨ੍ਹਾਂ ਦੀ ਗਿਣਤੀ ਮਨਮੁਖਾਂ ਵਿਚ ਹੁੰਦੀ ਹੈ ਤੇ ਅਜਿਹੇ ਮਨਮੁਖ ਮਰੇ ਹੋਏ ਇਨਸਾਨ ਸਮਝੇ ਜਾਂਦੇ ਹਨ।

ਗੁਰੂ ਅਰਜਨ ਸਾਹਿਬ ਸਦਾ-ਥਿਰ ਪ੍ਰਭੂ ਦੇ ਆਸਰੇ ਵਿਚ ਵਿਚਰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਆਤਮਕ ਸ਼ਕਤੀ ਦੀ ਕਰਾਮਾਤ ਹੋਰ ਵਧਦੀ ਜਾ ਰਹੀ ਹੈ।

‘ਆਸਾ ਕੀ ਵਾਰ’ ਵਿਚ ਆਇਆ ਹੈ ਕਿ ਸਤਿਜੁਗ ਵਿਚ ਸੰਤੋਖ ਦੇ ਰੱਥ ਨੂੰ ਧਰਮ ਪ੍ਰੇਰਤ ਕਰਦਾ ਹੈ। ਤ੍ਰੇਤੇ ਵਿਚ ਸੰਜਮ ਦੇ ਰੱਥ ਨੂੰ ਬੱਲ ਧੱਕਦਾ ਹੈ। ਦੁਆਪਰ ਵਿਚ ਤਪ ਦੇ ਰੱਥ ਨੂੰ ਸੱਚ ਚਲਾਉਂਦਾ ਹੈ ਤੇ ਕਲਿਜੁਗ ਵਿਚ ਅਗਨੀ ਦੇ ਰੱਥ ਨੂੰ ਝੂਠ ਹੱਕਦਾ ਹੈ। ਇਸੇ ਕਾਰਣ ਚਾਰੇ ਜੁਗਾਂ ਲਈ ਚਾਰ ਵੇਦ ਰਚੇ ਗਏ ਤੇ ਹਰ ਜੁਗ ਦੇ ਵਖ-ਵਖ ਚਾਰ ਅਵਤਾਰ ਅਨੁਮਾਨੇ ਗਏ ਹਨ। ਚਾਰ ਸ਼ਬਦ ਤੋਂ ਸਾਮੀ ਪਰੰਪਰਾ ਦੇ ਚਾਰ ਕਤੇਬ ਵੀ ਚੇਤੇ ਆਉਂਦੇ ਹਨ, ਜਿਨ੍ਹਾਂ ਵਿਚ ਹਜ਼ਰਤ ਮੂਸਾ ਦੀ ਤੌਰੇਤ, ਹਜ਼ਰਤ ਦਾਊਦ ਦੀ ਜ਼ਬੂਰ, ਹਜ਼ਰਤ ਈਸਾ ਦੀ ਅੰਜੀਲ ਅਤੇ ਹਜ਼ਰਤ ਮੁਹੰਮਦ ਦਾ ਕੁਰਆਨ ਸ਼ਾਮਲ ਹੈ। ਇਹ ਵੀ ਆਪੋ-ਆਪਣੇ ਸਮੇਂ ਜੁਗ ਦੇ ਚਾਰ ਸੱਚ ਅਤੇ ਉਸ ਸੱਚ ਨੂੰ ਪੇਸ਼ ਕਰਨ ਵਾਲੇ ਚਾਰ ਪੈਗ਼ੰਬਰ ਮੰਨੇ ਗਏ ਹਨ। ਇਸੇ ਕਾਰਣ ਭਾਈ ਸਤਾ ਤੇ ਬਲਵੰਡ ਇਸ ਵਾਰ ਦੀ ਆਖਰੀ ਪਉੜੀ ਵਿਚ ਫਿਰ ਦੁਹਰਾਉਂਦੇ ਹਨ ਕਿ ਚਾਰ ਜੁਗਾਂ ਦੇ ਚਾਰ ਵੇਦਾਂ, ਚਾਰ ਅਵਤਾਰਾਂ ਤੇ ਇਸੇ ਤਰ੍ਹਾਂ ਚਾਰ ਕਤੇਬਾਂ ਤੇ ਚਾਰ ਪੈਗ਼ੰਬਰਾਂ ਦੇ ਬਾਅਦ ‘ਪੰਚਾਇਣ’ ਅਕਾਲ ਪੁਰਖ, ਗੁਰੂ ਅਰਜਨ ਸਾਹਿਬ ਦੇ ਰੂਪ ਵਿਚ ਸੰਸਾਰ ਵਿਚ ਆਪ ਆ ਗਿਆ ਹੈ।

ਭਾਈ ਗੁਰਦਾਸ ਜੀ ਨੇ ਵੀ ਆਪਣੀ ਪਹਿਲੀ ਵਾਰ ਵਿਚ ਇਸ ਬਾਰੇ ਵਰਨਣ ਕਰਦਿਆਂ ਲਿਖਿਆ ਹੈ ਕਿ ਮਨੁਖ ਨੂੰ ਆਤਮਕ ਗਿਲਾਨੀ ਤੋਂ ਰੋਕਣ ਵਾਲਾ ਧਰਮ ਹੀ ਹੁੰਦਾ ਹੈ। ਜਦੋਂ ਪਾਪ ਪ੍ਰਬਲ ਤੇ ਧਰਮ ਨਿਰਬਲ ਹੋ ਜਾਵੇ ਤਾਂ ਪਾਪ ਦਾ ਨਾਸ ਤੇ ਧਰਮ ਨੂੰ ਬਲਵਾਨ ਕਰਨ ਵਾਲੇ ਕਿਸੇ ਅਵਤਾਰੀ ਵਿਅਕਤੀ ਦੀ ਲੋੜ ਹੁੰਦੀ ਹੈ। ਉਸ ਵੇਲੇ ਵੀ ਅਜਿਹੇ ਹੀ ਗੁਰੂ ਦੀ ਲੋੜ ਸੀ, ਜਿਹੜਾ ਜਗਤ ਵਿਚ ਗਿਆਨ ਦਾ ਪ੍ਰਕਾਸ਼ ਕਰ ਸਕੇ। ਇਸੇ ਲਈ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਅਤੇ ਉਨ੍ਹਾਂ ਦੇ ਚਾਰ ਸਰੂਪਾਂ ਤੋਂ ਬਾਅਦ ਹੁਣ ਪੰਚਾਇਣ ਪ੍ਰਭੂ ਗੁਰੂ ਅਰਜਨ ਪਾਤਸ਼ਾਹ ਦੇ ਰੂਪ ਵਿਚ ਪਰਗਟ ਹੋਇਆ ਹੈ। ਸੰਸਾਰ ਵਿਚ ਸੱਚ ਅਤੇ ਧਰਮ ਦਾ ਪ੍ਰਕਾਸ਼ ਕਰਨ ਲਈ ਉਹ ਪ੍ਰਭੂ ਆਪ ਹੀ ਪੱਟੀ, ਆਪ ਹੀ ਕਲਮ ਤੇ ਆਪ ਹੀ ਲਿਖਾਰੀ ਹੋ ਕੇ ਗੁਰੂ ਪਾਤਸ਼ਾਹ ਰਾਹੀਂ ਬਾਣੀ ਉਚਾਰਣ ਕਰ ਰਿਹਾ ਹੈ:

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਪ੍ਰਭੁ ਆਪੇ ਹੋਆ।
ਆਪੇ ਪਟੀ ਕਲਮਿ ਆਪਿ ਆਪੇ ਲਿਖਣਿਹਾਰਾ ਹੋਆ।
ਬਾਝੁ ਗੁਰੂ ਅੰਧੇਰੁ ਹੈ ਖਹਿ ਖਹਿ ਮਰਦੇ ਬਹੁ ਬਿਧਿ ਲੋਆ।
ਵਰਤਿਆ ਪਾਪੁ ਜਗਤ੍ਰ ਤੇ ਧਉਲ ਉਡੀਣਾ ਨਿਸਿਦਿਨ ਰੋਆ।
ਬਾਝੁ ਦਇਆ ਬਲਹੀਣ ਹੋਇ ਨਿਘਰ ਚਲੇ ਰਸਾਤਲਿ ਟੋਆ।
ਖੜਾ ਇਕਤੇ ਪੈਰ ਤੇ ਪਾਪਾ ਸੰਗਿ ਬਹੁ ਭਾਰਾ ਹੋਆ।
ਥੰਮੇ ਕੋਇ ਨ ਸਾਧੁ ਬਿਨੁ ਸਾਧੁ ਨ ਦਿਸੈ ਜਗਿ ਵਿਚਿ ਕੋਆ।
ਧਰਮ ਧਉਲ ਪੁਕਾਰੇ ਤਲੈ ਖੜੋਆ ॥੨੨॥ -ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੨
Tags