ਇਸ
ਪਉੜੀ ਵਿਚ ਗੁਰੂ ਰਾਮਦਾਸ ਸਾਹਿਬ ਦੇ ਗੁਰਿਆਈ ਪ੍ਰਾਪਤ ਕਰ ਕੇ, ਗੁਰਗੱਦੀ ’ਤੇ ਸਥਾਪਤ ਹੋਣ ਦਾ ਜਿਕਰ ਕੀਤਾ ਗਿਆ ਹੈ। ਗੁਰੂ ਮਹਿਮਾਂ ਕਰਦਿਆਂ ਵਰਨਣ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਇਕ ਜੋਤ ਹੀ ਹਨ, ਜਿਨ੍ਹਾਂ ਸੇਵਕਾਂ ਨੇ ਗੁਰੂ ਰਾਮਦਾਸ ਸਾਹਿਬ ਦੇ ਹੁਕਮ ਨੂੰ ਕਮਾਇਆ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ। ਉਨ੍ਹਾਂ ਅੰਦਰੋਂ ਕਾਮ, ਕ੍ਰੋਧ ਆਦਿਕ ਵਿਕਾਰ ਨਾਸ ਹੋ ਗਏ। ਜਿਸ ਕਿਸੇ ਨੇ ਵੀ ਗੁਰੂ ਸਾਹਿਬ ਦੇ ਦੀਦਾਰ ਕੀਤੇ, ਉਸ ਦਾ ਮਨ ਅਡੋਲ ਹੋ ਗਿਆ।
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥
ਜਿਨੀ੍ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥
-ਗੁਰੂ ਗ੍ਰੰਥ ਸਾਹਿਬ ੯੬੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਹ ਪਉੜੀ ਗੁਰੂ ਰਾਮਦਾਸ ਸਾਹਿਬ ਦੀ ਉਸਤਤਿ ਨਾਲ ਭਰਪੂਰ ਹੈ। ਗੁਰੂ ਅਮਰਦਾਸ ਸਾਹਿਬ ਦੇ ਪੁੱਤਰਾਂ, ਮੋਹਨ ਤੇ ਮੋਹਰੀ ਦੀ ਥਾਂ ਘੁੰਗਣੀਆਂ ਵੇਚਣ ਵਾਲੇ ਇਕ ਅਨਾਥ ਅਤੇ ਸਧਾਰਨ ਸਿਖ, ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਗੁਰਿਆਈ ਵਰਗੀ ਵਡੀ ਦਾਤ ਮਿਲਣੀ ਕਿਸੇ ਰੱਬੀ ਕਰਾਮਾਤ ਤੋਂ ਘੱਟ ਨਹੀ ਸੀ। ਇਹ ਕਰਤਾ ਪੁਰਖ ਦੀ ਬਖਸ਼ਿਸ਼ ਸੀ। ਜਿਸ ਸਿਰਜਣਹਾਰ ਪਰਮੇਸ਼ਰ ਨੇ ਗੁਰੂ ਰਾਮਦਾਸ ਸਾਹਿਬ ਨੂੰ ਪੈਦਾ ਕੀਤਾ, ਉਸੇ ਨੇ ਹੀ ਗੁਰੂ ਦੇ ਗਿਆਨ ਰੂਪੀ ਇਲਾਹੀ ਨੂਰ ਨਾਲ ਉਨ੍ਹਾ ਨੂੰ ਨਿਵਾਜਿਆ।
ਇਸ ਦੀ ਵਿਆਖਿਆ ਕਰਦੇ ਹੋਏ ਭਾਈ ਵੀਰ ਸਿੰਘ ਲਿਖਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਦੇ ਵੇਲੇ ਸ੍ਰੀ ਦਰਬਾਰ ਸਾਹਿਬ ਦਾ ਪਵਿੱਤਰ ਸਰੋਵਰ ਬਣ ਚੁੱਕਾ ਸੀ। ਗੁਰੂ ਸਾਹਿਬ ਉਸ ਦੇ ਵਿਚਾਲੇ ਬੈਠੇ ਗਿਆਨ ਦੀ ਜੋਤ ਜਗਾ ਰਹੇ ਸਨ, ਭਾਵ ਕਥਾ-ਕੀਰਤਨ, ਉਪਦੇਸ਼, ਨਾਮ-ਦਾਨ ਦੇ ਨਾਲ-ਨਾਲ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇ ਰਹੇ ਸਨ। ਸਰੋਵਰ ਭਾਵੇਂ ਅਜੇ ਕੱਚਾ ਸੀ ਪਰ ਉਸ ਵਿਚ ਜਲ ਭਰਪੂਰ ਸੀ ਤੇ ਵਿਚਕਾਰ ਇਕ ਸਥਾਨ ਸੀ, ਜਿਥੇ ਗੁਰੂ ਸਾਹਿਬ ਬਿਰਾਜਮਾਨ ਹੋ ਕੇ ਸਤਿਸੰਗ ਦੇ ਦਰਬਾਰ ਲਾਉਂਦੇ ਸਨ।
ਬੇਸ਼ਕ ਭਾਈ ਸਤਾ ਤੇ ਬਲਵੰਡ ਨੇ ਵਾਰ-ਵਾਰ ਵਰਨਣ ਕੀਤਾ ਹੈ ਕਿ ਸਾਰੇ ਗੁਰੂ ਸਾਹਿਬਾਨ ਇਕ ਜੋਤ ਹਨ, ਪਰ ਇਸ ਪਉੜੀ ਵਿਚ ਜਦ ਉਹ ਆਪਣੇ ਸਮਰਪਣ ਦਾ ਮੁਖ ਚੌਥੇ ਪਾਤਸ਼ਾਹ ਵੱਲ ਕਰਦੇ ਹਨ ਤਾਂ ਪਹਿਲੀ ਵਾਰੀ ਵਿਸਮਾਦਬੋਧਕ ਸ਼ਬਦ ‘ਧੰਨ ਧੰਨ’ ਦੀ ਵਰਤੋਂ ਕਰਦੇ ਹਨ। ਰੱਬੀ ਗੁਣਾਂ ਦੇ ਪੁੰਜ ਹੋਣ ਕਾਰਣ ਸਾਰੀ ਸੰਗਤ ਨੇ ਚੌਥੇ ਪਾਤਸ਼ਾਹ ਨੂੰ ਰੱਬੀ ਰੂਪ ਪ੍ਰਵਾਨ ਕਰਕੇ ਨਮਸ਼ਕਾਰ ਕੀਤੀ। ਇਸ ਬਾਰੇ ਬਾਬਾ ਸੁੰਦਰ ਜੀ ਦਾ ਵੀ ਕਥਨ ਹੈ ਕਿ ਗੁਰੂ ਅਮਰਦਾਸ ਸਾਹਿਬ ਦਾ ਬਚਨ ਮੰਨਦੇ ਹੋਏ ਉਨ੍ਹਾ ਦੇ ਪੁੱਤਰ ਮੋਹਰੀ ਸਮੇਤ ਸਾਰੀ ਸੰਗਤ ਗੁਰੂ ਰਾਮਦਾਸ ਜੀ ਦੇ ਚਰਨੀ ਲੱਗੀ: ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥ ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥ ...ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥
ਇਸ ਪਉੜੀ ਵਿਚ ਭਾਈ ਸਤਾ ਤੇ ਬਲਵੰਡ ਨੇ ਚੌਥੇ ਪਾਤਸ਼ਾਹ ਨੂੰ ਅਟੱਲ, ਅਥਾਹ ਅਤੇ ਅਤੋਲ ਕਿਹਾ ਹੈ। ਅਟੱਲ ਦਾ ਅਰਥ ਹੈ, ਜੋ ਹਮੇਸ਼ਾ ਸਥਿਰ ਰਹੇ, ਜੋ ਕਦੇ ਬਦਲੇ ਨਾਂ। ਅਥਾਹ ਦਾ ਅਰਥ ਹੈ, ਜਿਸ ਦੀ ਥਾਹ ਨਹੀਂ ਪਾਈ ਸਕਦੀ ਭਾਵ ਜਿਸ ਦੀ ਗਹਿਰ-ਗੰਭੀਰਤਾ ਨਾਪੀ ਨਾ ਜਾ ਸਕੇ। ਅਤੋਲ ਦਾ ਅਰਥ ਹੈ ਜੋ ਤੋਲਿਆ ਨਾ ਜਾ ਸਕੇ, ਭਾਵ ਜਿਸ ਦੀ ਸਖਸ਼ੀਅਤ ਤੋਲਣ ਦੇ ਕਿਸੇ ਮਨੁਖੀ ਪੈਮਾਨੇ ਵਿਚ ਨਾ ਆਵੇ।
ਗੁਰੂ ਰਾਮਦਾਸ ਸਾਹਿਬ ਅਟੱਲ ਹਨ, ਕਿਉਂਕਿ ਉਹ ਆਪਣੇ ਇਰਾਦੇ ’ਤੇ ਕਾਇਮ ਹਨ। ਉਹ ਅਥਾਹ ਹਨ, ਕਿਉਂਕਿ ਉਨ੍ਹਾਂ ਦੀ ਗਹਿਰ-ਗੰਭੀਰਤਾ ਨਾਪੀ ਨਹੀਂ ਜਾ ਸਕਦੀ। ਉਹ ਅਤੋਲ ਹਨ, ਕਿਉਂਕਿ ਉਨ੍ਹਾਂ ਦੀ ਹਸਤੀ ਦਾ ਗਉਰਾਪਣ ਤੋਲਿਆ ਨਹੀਂ ਜਾ ਸਕਦਾ। ਭਾਈ ਸਤਾ ਤੇ ਬਲਵੰਡ ਗੱਲ ਮੁਕਾਉਂਦੇ ਹਨ ਕਿ ਉਹ ਏਨੇ ਅੰਤ ਰਹਿਤ ਅਰਥਾਤ ਅਨੰਤ ਹਨ ਕਿ ਉਨ੍ਹਾਂ ਦਾ ਕੋਈ ਆਰ ਤੇ ਪਾਰ ਨਹੀਂ ਹੈ।
ਇਸ ਪਉੜੀ ਵਿਚ ਭਾਈ ਸਤਾ ਤੇ ਬਲਵੰਡ ਦਰਸਾਉਂਦੇ ਹਨ ਕਿ ਜਿਨ੍ਹਾਂ ਨੇ ਪ੍ਰੇਮ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੀ ਸੇਵਾ ਕੀਤੀ, ਉਨ੍ਹਾਂ ਨੂੰ ਆਪ ਜੀ ਨੇ ਜੀਵਨ ਚੱਕਰ ਦੇ ਝਮੇਲਿਆਂ ਤੋਂ ਪਾਰ ਕਰ ਦਿੱਤਾ। ਇਸ ਸੰਦਰਭ ਵਿਚ ‘ਸੇਵਿਆ’ ਸ਼ਬਦ ਦਾ ਅਰਥ ਗੁਰੂ ਸਾਹਿਬ ਦੀ ਦੇਹ ਜਾਂ ਨਿਜ ਦੀ ਸੇਵਾ ਨਹੀਂ, ਬਲਕਿ ਗੁਰੂ ਦੇ ਦੱਸੇ ਮਾਰਗ ’ਤੇ ਚੱਲਣਾ ਹੈ। ਗੁਰਵਾਕ ਹੈ: ਗੁਰ ਕੀ ਸੇਵਾ ਸਬਦੁ ਵੀਚਾਰੁ॥
ਅਸਲ ਵਿਚ ਕੁਝ ਮਨੋਵਿਕਾਰ ਸਾਨੂੰ ਜੀਵਨ ਚੱਕਰ ਵਿਚ ਉਲਝਾਈ ਰਖਦੇ ਹਨ ਤੇ ਇਸ ਤੋਂ ਨਿਰਲੇਪ ਹੋਣ ਵਿਚ ਰੁਕਾਵਟ ਪਾਉਂਦੇ ਹਨ। ਉਨ੍ਹਾਂ ਵਿਚ ਪਦਾਰਥ ਦਾ ਲਾਲਚ ਹੈ, ਬੇਕਾਬੂ ਚਾਹਤ ਹੈ, ਜਿਨ੍ਹਾਂ ਦੀ ਅਪੂਰਤੀ ਕਾਰਣ ਉਪਜਣ ਵਾਲਾ ਕ੍ਰੋਧ ਹੈ ਤੇ ਖ਼ਲਕਤ ਵਿਚ ਆਪਣੇ-ਪਰਾਏ ਦਾ ਫਰਕ ਪਾਉਣ ਵਾਲਾ ਮੋਹ ਹੈ। ਇਹ ਮਨੋਵਿਕਾਰ ਅੱਗੋਂ ਹੋਰ ਵਿਕਾਰਾਂ ਨੂੰ ਜਨਮ ਦਿੰਦੇ ਹਨ ਤੇ ਇਸ ਤਰ੍ਹਾਂ ਵਿਕਾਰਾਂ ਦਾ ਇਕ ਵਡਾ ਪਰਵਾਰ ਬਣ ਜਾਂਦਾ ਹੈ। ਭਾਈ ਸਤਾ ਤੇ ਬਲਵੰਡ ਦਰਸਾਉਂਦੇ ਹਨ ਕਿ ਗੁਰੂ ਦੀ ਸੇਵਾ ਨਾਲ ਵਿਕਾਰਾਂ ਦਾ ਸਾਰਾ ਪਰਵਾਰ ਹੀ ਮਰ-ਮੁੱਕ ਜਾਂਦਾ ਹੈ।
ਇਸ ਪਉੜੀ ਵਿਚਲੇ ‘ਥਾਨ’ ਅਤੇ ‘ਪੈਸਕਾਰਿਆ’ ਸ਼ਬਦ ਵਿਸ਼ੇਸ਼ ਧਿਆਨ ਮੰਗਦੇ ਹਨ। ਥਾਨ ਦਾ ਅਰਥ ਗੁਰੂ ਅਰਜਨ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਣ ਹੋਈ ਤੁਕ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’ ਵਿਚੋਂ ਸਪਸ਼ਟ ਹੁੰਦਾ ਹੈ। ਇਸ ਤੁਕ ਵਿਚ ਸਦਾ-ਸਦਾ ਲਈ ਹਾਜ਼ਰ-ਨਾਜ਼ਰ ਰੱਬੀ ਜੋਤ ਵਾਲੇ ਸਦੀਵੀ ਅਤੇ ਸਰਬ-ਸਾਂਝੇ ਸਥਾਨ ਅੰਮ੍ਰਿਤਸਰ ਨੂੰ ਗੁਰੂ ਰਾਮਦਾਸ ਜੀ ਦੇ ਥਾਨ ਵਜੋਂ ‘ਧੰਨ’ ਆਖਿਆ ਹੈ ਤੇ ਇਸ ਨੂੰ ਮਨੁਖਤਾ ਲਈ ਸੱਚਾ ਇਨਾਮ ਦੱਸਿਆ ਹੈ।
ਭਾਈ ਸਤਾ ਤੇ ਬਲਵੰਡ ਇਸ ਪਉੜੀ ਦੇ ਅਖੀਰ ਵਿਚ ਦਸਦੇ ਹਨ ਕਿ ਵਿਚਾਰ ਕੀਤਾ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਹੀ ਹੁਣ ਗੁਰੂ ਰਾਮਦਾਸ ਕਹੇ ਜਾਂਦੇ ਹਨ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਮਨ ਦੇ ਵਿਕਾਰ ਦੂਰ ਹੁੰਦੇ ਹਨ ਤੇ ਮਨ ਸਾਧਾਰ ਅਰਥਾਤ ਅਧਾਰ ਅਤੇ ਆਸਰੇ ਵਾਲਾ ਹੋ ਜਾਂਦਾ ਹੈ। ਇਥੇ ਭਾਈ ਸਤਾ ਤੇ ਬਲਵੰਡ ਆਪਣੀ ਮਨੋਦਸ਼ਾ ਵੱਲ ਵੀ ਸੰਕੇਤ ਕਰਦੇ ਜਾਪਦੇ ਹਨ ਕਿ ਵਿਚਾਰ ਉਪਰੰਤ ਉਨ੍ਹਾਂ ਦੇ ਮਨ ਵਿਚ ਵੀ ਸੁਧਾਰ ਹੋ ਗਿਆ ਹੈ ਤੇ ਵਿਕਾਰ ਦੂਰ ਹੋ ਗਏ ਹਨ।
ਭਾਈ ਗੁਰਦਾਸ ਜੀ ਨੇ ਵੀ ਆਪਣੀ ਪਹਿਲੀ ਵਾਰ ਵਿਚ ਜਿਕਰ ਕੀਤਾ ਹੈ ਕਿ ਗੁਰਿਆਈ ਗੁਰੂ ਅਮਰਦਾਸ ਜੀ ਦੇ ਪੁੱਤਰਾਂ, ਮੋਹਨ ਤੇ ਮੋਹਰੀ ਦੀ ਥਾਂ ਉਲਟੀ ਗੰਗਾ ਵਹਾਉਣ ਦੇ ਤੁਲ ਗੁਰੂ ਰਾਮਦਾਸ ਜੀ ਨੂੰ ਪ੍ਰਾਪਤ ਹੋਈ। ਇਸ ਪਉੜੀ ਵਿਚਲੀ ਤੁਕ ‘ਜਿਸ ਦੀ ਵਸਤੁ ਤਿਸੈ ਘਰਿ ਆਵੈ’ ਦੀ ਵਿਆਖਿਆ ਕਰਦੇ ਹੋਏ ਭਾਈ ਵੀਰ ਸਿੰਘ ਲਿਖਦੇ ਹਨ ਕਿ ਪਹਿਲਾਂ ਗੁਰਆਈ ਘਰੋਂ ਬਾਹਰ ਹੀ ਦਿੱਤੀ ਜਾਂਦੀ ਸੀ, ਪਰ ਜੇਕਰ ਘਰ ਦਾ ਹੀ ਕੋਈ ਵਿਅਕਤੀ ਹੱਕਦਾਰ ਹੋਵੇ ਤਾਂ ਉਹ ਘਰ ਵਿਚ ਹੀ ਰਹਿ ਸਕਦੀ ਹੈ। ਹੁਣ ਜਦੋਂ ਗੁਰੂ ਰਾਮਦਾਸ ਸਾਹਿਬ ਨੇ ਆਪਣੇ ਆਪ ਨੂੰ ਹੱਕਦਾਰ ਬਣਾਇਆ ਤਾਂ ਗੁਰਿਆਈ ਉਨ੍ਹਾਂ ਨੂੰ ਹੀ ਮਿਲ ਗਈ। ਅਗੋਂ ਵੀ ਫਿਰ ਜਦੋਂ ਕਾਬਲ ਤੇ ਹੱਕਦਾਰ ਵਿਅਕਤੀ ਘਰ ਵਿਚ ਹੀ ਮਿਲ ਗਏ ਤਾਂ ਗੁਰਿਆਈ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦੀ ਰਹੀ:
ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ।
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤਿ ਜਗਾਵੈ।
ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮੁੰਦ੍ਰਿ ਸਮਾਵੈ।
ਦਿਤਾ ਲਈਐ ਆਪਣਾ ਅਣਿਦਿਤਾ ਕਛੁ ਹਥਿ ਨ ਆਵੈ।
ਫਿਰਿ ਆਈ ਘਰਿ ਅਰਜਣੇ ਪੁਤ ਸੰਸਾਰੀ ਗੁਰੂ ਕਹਾਵੈ।
ਜਾਣਿ ਨ ਦੇਸਾਂ ਸੋਢੀਓ ਹੋਰਸਿ ਅਜਰੁ ਨ ਜਰਿਆ ਜਾਵੈ।
ਘਰ ਹੀ ਕੀ ਵਥੁ ਘਰੇ ਰਹਾਵੈ ॥੪੭॥ -ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੭