Guru Granth Sahib Logo
  
ਇਸ ਪਉੜੀ ਵਿਚ ਗੁਰਿਆਈ ਪ੍ਰਾਪਤ ਕਰ ਕੇ, ਗੁਰਗੱਦੀ ’ਤੇ ਸੁਸ਼ੋਭਿਤ ਹੋ ਚੁੱਕੇ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਹੈ। ਇਸ ਮਹਿਮਾ ਦਾ ਵਰਨਣ ਦੇਵਤਿਆਂ ਵੱਲੋਂ ਖੀਰ-ਸਮੁੰਦਰ ਨੂੰ ਰਿੜਕੜ ਵਾਲੀ ਇਕ ਮਿਥਿਹਾਸਕ ਕਥਾ ਦੀ ਉਦਾਹਰਣ ਦੇ ਕੇ ਕੀਤਾ ਗਿਆ ਹੈ। ਗੁਰੂ ਅਮਰਦਾਸ ਸਾਹਿਬ ਨੇ ਗੁਰ-ਸ਼ਬਦ ਦਾ ਮਧਾਣਾ ਬਣਾ ਕੇ, ਮਨ ਦਾ ਨੇਤ੍ਰਾ ਪਾ ਕੇ, ਸਰੀਰ ਰੂਪੀ ਸਮੁੰਦਰ ਨੂੰ ਰਿੜਕਿਆ ਅਤੇ ਦੈਵੀ ਗੁਣ ਰੂਪੀ ਚੌਦਾਂ ਰਤਨ ਕੱਢੇ। ਵਿਕਾਰਾਂ ਨੂੰ ਮਾਤ ਪਾਉਣ ਲਈ ਆਤਮ-ਗਿਆਨ ਨੂੰ ਘੋੜਾ, ਸੁੱਚੇ ਆਚਰਣ ਨੂੰ ਕਾਠੀ, ਸਤਵਾਦੀ ਸੁਭਾਅ ਨੂੰ ਕਮਾਣ ਬਣਾਇਆ ਅਤੇ ਪ੍ਰਭੂ-ਜਸ ਦਾ ਤੀਰ ਬਣਾ ਕੇ ਚਿੱਲਾ ਚੜ੍ਹਾਇਆ। ਗੁਰੂ ਸਾਹਿਬ ਦੇ ਸੁਭਾਅ ਲਈ ਸੁਘੜ, ਸੁਜਾਨ, ਪਰਬਤ ਵਾਂਗ ਅਡੋਲ, ਦਾਨੀ ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦਾ ਰੂਪ ਹੀ ਦਰਸਾਇਆ ਹੈ। ਉਹ ਗੁਰੂ ਨਾਨਕ ਸਾਹਿਬ ਦੁਆਰਾ ਸ਼ੁਰੂ ਕੀਤੇ ਗਏ ਰਾਜ ਦੇ ਤੀਸਰੇ ਪਾਤਸ਼ਾਹ ਹਨ ਅਤੇ ਗੈਰ-ਵਿਰਾਸਤੀ ਅਰਥਾਂ ਵਿਚ ਗੁਰੂ ਨਾਨਕ ਸਾਹਿਬ ਦੇ ਪੋਤੇ ਦਰਸਾਏ ਗਏ ਹਨ।
ਸੋ ਟਿਕਾ  ਸੋ ਬੈਹਣਾ   ਸੋਈ ਦੀਬਾਣੁ
ਪਿਯੂ ਦਾਦੇ ਜੇਵਿਹਾ   ਪੋਤਾ ਪਰਵਾਣੁ
ਜਿਨਿ ਬਾਸਕੁ ਨੇਤ੍ਰੈ ਘਤਿਆ   ਕਰਿ ਨੇਹੀ ਤਾਣੁ
ਜਿਨਿ ਸਮੁੰਦੁ ਵਿਰੋਲਿਆ   ਕਰਿ ਮੇਰੁ ਮਧਾਣੁ
ਚਉਦਹ ਰਤਨ ਨਿਕਾਲਿਅਨੁ   ਕੀਤੋਨੁ ਚਾਨਾਣੁ
ਘੋੜਾ ਕੀਤੋ ਸਹਜ ਦਾ   ਜਤੁ ਕੀਓ ਪਲਾਣੁ
ਧਣਖੁ ਚੜਾਇਓ ਸਤ ਦਾ   ਜਸ ਹੰਦਾ ਬਾਣੁ
ਕਲਿ ਵਿਚਿ ਧੂ ਅੰਧਾਰੁ ਸਾ   ਚੜਿਆ ਰੈਭਾਣੁ
ਸਤਹੁ ਖੇਤੁ ਜਮਾਇਓ   ਸਤਹੁ ਛਾਵਾਣੁ
ਨਿਤ ਰਸੋਈ ਤੇਰੀਐ   ਘਿਉ ਮੈਦਾ ਖਾਣੁ
ਚਾਰੇ ਕੁੰਡਾਂ ਸੁਝੀਓਸੁ   ਮਨ ਮਹਿ ਸਬਦੁ ਪਰਵਾਣੁ
ਆਵਾਗਉਣੁ ਨਿਵਾਰਿਓ   ਕਰਿ ਨਦਰਿ ਨੀਸਾਣੁ
ਅਉਤਰਿਆ ਅਉਤਾਰੁ ਲੈ   ਸੋ ਪੁਰਖੁ ਸੁਜਾਣੁ
ਝਖੜਿ ਵਾਉ ਡੋਲਈ   ਪਰਬਤੁ ਮੇਰਾਣੁ
ਜਾਣੈ ਬਿਰਥਾ ਜੀਅ ਕੀ   ਜਾਣੀ ਹੂ ਜਾਣੁ
ਕਿਆ ਸਾਲਾਹੀ  ਸਚੇ ਪਾਤਿਸਾਹ   ਜਾਂ ਤੂ ਸੁਘੜੁ ਸੁਜਾਣੁ
ਦਾਨੁ ਜਿ ਸਤਿਗੁਰ ਭਾਵਸੀ   ਸੋ ਸਤੇ ਦਾਣੁ
ਨਾਨਕ ਹੰਦਾ ਛਤ੍ਰੁ ਸਿਰਿ   ਉਮਤਿ ਹੈਰਾਣੁ
ਸੋ ਟਿਕਾ  ਸੋ ਬੈਹਣਾ   ਸੋਈ ਦੀਬਾਣੁ
ਪਿਯੂ ਦਾਦੇ ਜੇਵਿਹਾ   ਪੋਤ੍ਰਾ ਪਰਵਾਣੁ ॥੬॥
-ਗੁਰੂ ਗ੍ਰੰਥ ਸਾਹਿਬ ੯੬੭-੯੬੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪ੍ਰਚਲਤ ਪਰੰਪਰਾਈ ਵਿਚਾਰ ਅਨੁਸਾਰ ਪੰਜਵੇਂ ਪਾਤਸ਼ਾਹ ਤਕ ਗੁਰਿਆਈ ਦੇਣ ਵੇਲੇ ਪੰਜ ਪੈਸੇ ਅਤੇ ਨਾਰੀਅਲ ਗੁਰਿਆਈ ਪ੍ਰਾਪਤ ਕਰਨ ਵਾਲੇ ਦੀ ਝੋਲ਼ੀ ਵਿਚ ਪਾ ਕੇ ਉਸ ਦੇ ਮੱਥੇ ਉਤੇ ਕੇਸਰ ਦਾ ਤਿਲਕ ਲਗਾਇਆ ਜਾਂਦਾ ਸੀ। ਤਿਲਕ ਨੂੰ ਟਿੱਕਾ ਵੀ ਕਿਹਾ ਜਾਂਦਾ ਹੈ ਤੇ ਟਿੱਕੇ ਦਾ ਅਰਥ ‘ਟਿੱਕਿਆ ਹੋਇਆ’ ਜਾਂ ‘ਸਥਾਪਤ ਕੀਤਾ ਹੋਇਆ’ ਵੀ ਹੈ। ‘ਟਿੱਕਾ’ ਤੋਂ ਇਥੇ ਭਾਵ ਕੇਸਰ ਜਾਂ ਚੰਦਨ ਆਦਿ ਦੇ ਟਿੱਕੇ ਦੀ ਬਜਾਇ ‘ਸ਼ਬਦ ਜਾਂ ਨਾਮ-ਨੀਸ਼ਾਨ’ ਹੈ। ਇਸ ਵਿਚਾਰ ਦੀ ਪ੍ਰੋੜਤਾ ‘ਰਾਮਕਲੀ ਸਦ’ ਬਾਣੀ ਵਿਚੋਂ ਵੀ ਹੋ ਜਾਂਦੀ ਹੈ: ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ॥

ਗੁਰੂ ਟਿੱਕੇ ਜਾਣ ਉਪਰੰਤ ਗੁਰੂ ਸਾਹਿਬਾਨ ਗੁਰ ਉਪਦੇਸ਼ ਦੇ ਪ੍ਰਚਾਰ ਅਤੇ ਪਸਾਰ ਲਈ ਤਖਤ ਉਤੇ ਬਿਰਾਜਮਾਨ ਹੋ ਕੇ ਦੀਵਾਨ ਸਜਾਉਂਦੇ ਸਨ। ਭਾਈ ਸਤਾ ਤੇ ਬਲਵੰਡ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੀ ਵਡਿਆਈ ਕਰਨ ਉਪਰੰਤ ਇਸ ਪਉੜੀ ਵਿਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੀ ਉਸਤਤਿ ਕਰਦੇ ਹਨ ਕਿ ਜਿਵੇਂ ਬੱਚੇ ਆਪਣੇ ਬਾਪ-ਦਾਦੇ ’ਤੇ ਜਾਂਦੇ ਹਨ, ਇਵੇਂ ਗੁਰੂ ਅਮਰਦਾਸ ਸਾਹਿਬ ਵੀ ਆਪਣੇ ਗੁਰਦੇਵ ਗੁਰੂ ਅੰਗਦ ਸਾਹਿਬ ਅਤੇ ਉਨ੍ਹਾਂ ਦੇ ਗੁਰਦੇਵ ਗੁਰੂ ਨਾਨਕ ਸਾਹਿਬ ਵਾਂਗ ਧੰਨਤਾ ਦੇ ਜੋਗ ਹਨ।

ਗੁਰੂ ਅਮਰਦਾਸ ਸਾਹਿਬ ਦੀ ਕਰਨੀ ਦੀ ਮਹਾਨਤਾ ਦਰਸਾਉਣ ਲਈ ਚੌਥੀ ਪਉੜੀ ਵਾਂਗ ਇਸ ਪਉੜੀ ਵਿਚ ਵੀ ਦੇਵਤਿਆਂ ਅਤੇ ਦੈਂਤਾਂ ਵੱਲੋਂ ਕੀਤੇ ਸਮੁੰਦਰ ਮੰਥਨ ਦੀ ਮਿੱਥ ਦਾ ਸੰਕੇਤਕ ਸਹਾਰਾ ਲਿਆ ਗਿਆ ਹੈ। ਇਸ ਮਿੱਥ ਨੂੰ ਭਾਈ ਸਤੇ ਅਤੇ ਬਲਵੰਡ ਨੇ ਜਿਸ ਕਲਾਤਮਕ ਕੁਸ਼ਲਤਾ ਨਾਲ ਵਰਤਿਆ ਹੈ, ਉਸ ਤੋਂ ਉਨ੍ਹਾਂ ਦੀ ਸਿਰਜਣਾਤਮਕ ਸਮਰੱਥਾ ਝਲਕਦੀ ਹੈ।

ਇਸ ਮਿੱਥ ਵਿਚਲਾ ਬਾਸਕ ਅਰਥਾਤ ਵਾਸੁਕੀ ਕਾਲਪਨਿਕ ਨਾਗ ਹੈ, ਜਿਹੜਾ ਮਨੁਖੀ ਮਨ ਦੀ ਅੰਨ੍ਹੀ ਚਾਹਤ ਦਾ ਪ੍ਰਤੀਕ ਹੈ। ਮੇਰੂ ਇਸ ਧਰਤੀ ’ਤੇ ਦੇਵਤਿਆਂ ਦੇ ਰਹਿਣ ਦੀ ਸਭ ਤੋਂ ਉੱਚੀ ਟੀਸੀ ਮੰਨੀ ਜਾਂਦੀ ਹੈ, ਪਰ ਇਥੇ ਇਹ ਗੁਰ-ਸ਼ਬਦ ਦਾ ਪ੍ਰਤੀਕ ਹੈ। ਇਸੇ ਪ੍ਰਕਾਰ ਦੁੱਧ ਦਾ ਸਮੁੰਦਰ ਅਸਲ ਵਿਚ ਮਨੁਖੀ ਸਰੀਰ ਦਾ ਤੇ ਨੇਹਣੀ ਆਤਮਕ ਬਲ ਦਾ ਪ੍ਰਤੀਕ ਹਨ। ਗੁਰੂ ਅਮਰਦਾਸ ਸਾਹਿਬ ਨੇ ਸ਼ਬਦ ਨੂੰ ਮਧਾਣਾ ਬਣਾ ਕੇ, ਆਤਮ-ਬਲ ਨੂੰ ਨੇਹਣੀ ਬਣਾ ਕੇ, ਮਨ ਨੂੰ ਨੇਤ੍ਰੇ ਵਜੋਂ ਪਾਇਆ। ਸਰੀਰ ਰੂਪੀ ਸਮੁੰਦਰ ਨੂੰ ਰਿੜਕਿਆ ਤੇ ਇਸ ਵਿਚੋਂ ਦੈਵੀ ਗੁਣ ਰੂਪੀ ਚੌਦਾਂ ਰਤਨ ਕੱਢੇ ਅਤੇ ਸੰਸਾਰ ਉਤੇ ਗਿਆਨ ਦਾ ਚਾਨਣ ਕੀਤਾ। ਭਾਵ, ਉਨ੍ਹਾਂ ਨੇ ਆਪਣੇ ਆਤਮਕ ਬਲ ਨਾਲ ਮਾਨਸਕ ਚਾਹਤ ਦੇ ਨਾਗ ਨੂੰ ਕਾਬੂ ਕੀਤਾ, ਆਪਣੀ ਉੱਚੀ ਤੇ ਸੱਚੀ-ਸੁੱਚੀ ਸ਼ਬਦ-ਸੁਰਤਿ ਨਾਲ ਖੀਰ-ਸਾਗਰ ਜਿਹੇ ਸਰੀਰ ਦਾ ਮੰਥਨ ਕੀਤਾ ਅਤੇ ਸਾਡੇ ਸਾਹਮਣੇ ਚੌਦਾਂ ਰਤਨਾਂ ਵਰਗੇ ਸੱਚ ਤੇ ਤੱਥ ਪ੍ਰਗਟ ਕੀਤੇ, ਜਿਨ੍ਹਾਂ ਦੀ ਰੌਸ਼ਨੀ ਨੇ ਜੀਵਨ ਦੇ ਹਨੇਰੇ ਪਖ ਰੌਸ਼ਨ ਕਰ ਦਿੱਤੇ।

ਸਾਡਾ ਇਤਿਹਾਸ ਮੈਦਾਨੇ ਜੰਗ ਵਿਚ ਲੜਦੇ ਯੋਧਿਆਂ ਦੀ ਬੀਰਤਾ ਦਾ ਕਾਇਲ ਹੈ। ਪਰ ਆਪਣੇ ਅਜਿੱਤ ਮਨ ਨੂੰ ਜਿੱਤਣ ਦੀ ਬੀਰਤਾ ਦਾ ਗਾਇਨ ਕਿਤੇ ਨਹੀਂ ਲੱਭਦਾ। ਬਦਰ ਦੀ ਭਿਆਨਕ ਜੰਗ ਜਿੱਤਣ ਉਪਰੰਤ ਮੁਸਲਮਾਨ ਆਪਣੇ ਆਗੂ ਹਜ਼ਰਤ ਮੁਹੰਮਦ ਨੂੰ ਮੁਬਾਰਕ ਦੇਣ ਗਏ ਤਾਂ ਉਹ ਕਹਿਣ ਲੱਗੇ ਕਿ ਇਸ ਤੋਂ ਵੀ ਭਿਆਨਕ ਜੰਗ ਲੜਨ ਦੀ ਤਿਆਰੀ ਕਰੋ। ਪੁੱਛਣ ’ਤੇ ਦੱਸਿਆ ਕਿ ਮਨ ਦੀ ਜੰਗ ਇਸ ਤੋਂ ਵੀ ਭਿਆਨਕ ਹੈ ਤੇ ਜਿੱਤਣੀ ਇਸ ਤੋਂ ਵੀ ਮੁਸ਼ਕਲ। ਗੁਰੂ ਨਾਨਕ ਪਾਤਸ਼ਾਹ ਨੇ ਵੀ ਮਨ ਦੀ ਜਿੱਤ ਨੂੰ ਜੱਗ ਜਿੱਤਣ ਦੇ ਤੁਲ ਦੱਸਿਆ ਹੈ।

ਭਾਈ ਸਤਾ ਤੇ ਬਲਵੰਡ ਗੁਰੂ ਅਮਰਦਾਸ ਸਾਹਿਬ ਨੂੰ ਧਨੁਸ਼ਧਾਰੀ ਘੋੜ-ਸਵਾਰ ਯੋਧੇ ਵਜੋਂ ਵੀ ਪੇਸ਼ ਕਰਦੇ ਹਨ। ਉਨ੍ਹਾਂ ਅਨੁਸਾਰ ਗੁਰੂ ਅਮਰਦਾਸ ਸਾਹਿਬ ਨੇ ਸਹਿਜ ਦੇ ਘੋੜੇ ’ਤੇ ਜਤ ਦੀ ਕਾਠੀ ਪਾਈ ਅਤੇ ਸਤ ਦੇ ਕਮਾਣ ਰਾਹੀਂ ਜਸ ਦੇ ਤੀਰ ਚਲਾਏ ਤਾਂ ਕਲਜੁਗ ਦੇ ਅੰਧਕਾਰ ਵਿਚ ਨਵਾਂ ਸੂਰਜ ਚੜ੍ਹ ਗਿਆ। ਇਸ ਬਿੰਬ ਨੂੰ ਜੇਕਰ ਖੋਲ੍ਹਿਆ ਜਾਵੇ ਤਾਂ ਕਹਿ ਸਕਦੇ ਹਾਂ ਕਿ ਗੁਰੂ ਦੀ ਕਰਨੀ ਇਕ ਲਾਸਾਨੀ ਜੰਗ ਹੈ, ਜਿਸ ਵਿਚ ਆਤਮ-ਗਿਆਨ ਨੂੰ ਘੋੜਾ ਬਣਾਇਆ ਗਿਆ, ਚਾਹਤ ਉਤੇ ਕਾਬੂ ਪਾਉਣ ਵਾਲੇ ਸੁੱਚੇ ਆਚਰਣ ਨੂੰ ਘੋੜੇ ਦੀ ਕਾਠੀ ਵਜੋਂ ਵਰਤਿਆ ਗਿਆ, ਹਿਰਦੇ ਦੀ ਨਿਰਮਲਤਾ ਦੇ ਕਮਾਣ ਵਿਚੋਂ ਰੱਬੀ ਸਿਫ਼ਤ-ਸ਼ਲਾਘਾ ਦੇ ਤੀਰ ਚਲਾਏ ਗਏ। ਇਸ ਨਾਲ ਅਗਿਆਨ ਦਾ ਹਨੇਰਾ ਦੂਰ ਹੋ ਗਿਆ ਤੇ ਚਾਰੇ ਪਾਸੇ ਨਿਰਮਲ-ਬੁੱਧ ਚਾਨਣ ਪਸਰ ਗਿਆ।

ਇਸ ਤੋਂ ਅੱਗੇ ਭਾਈ ਸਤਾ ਤੇ ਬਲਵੰਡ ਗੁਰੂ ਸਾਹਿਬ ਨੂੰ ਸਫਲ ਕਾਸ਼ਤਕਾਰ ਵਜੋਂ ਦੇਖਦੇ ਹਨ। ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਸੱਚ ਉਗਾਇਆ ਸੀ, ਉਸੇ ਸੱਚ ਦੀ ਫਸਲ ਤਿਆਰ ਹੋਈ ਹੈ ਤੇ ਉਹੀ ਅਨਾਜ ਗੁਰੂ ਦੀ ਸੰਗਤ ਤੇ ਪੰਗਤ ਵਿਚ ਵਰਤ ਰਿਹਾ ਹੈ। ਰਸੋਈ ਵਿਚ ਆਟੇ ਅਤੇ ਘਿਉ ਦੇ ਰੂਪ ਵਿਚ ਕੜਾਹ ਪ੍ਰਸ਼ਾਦ ਵਜੋਂ ਵਰਤ ਰਿਹਾ ਹੈ। ਸੰਗਤ ਵਿਚ ਗੁਰ-ਸ਼ਬਦ ਦੇ ਰੂਪ ਵਿਚ ਵਰਤਦੇ ਸੱਚ ਵਾਂਗ, ਗੁਰੂ ਘਰਾਂ ਵਿਚ ਬਣਦਾ ਤੇ ਵਰਤਦਾ ਲੰਗਰ ਵੀ ਭੁੱਖ ਮਿਟਾਉਣ ਦੇ ਨਾਲ-ਨਾਲ ਊਚ-ਨੀਚ ਅਤੇ ਛੂਆ-ਛਾਤ ਮੇਟ ਕੇ ਸਾਰੀ ਮਨੁਖਤਾ ਨੂੰ ਸਮਾਨਤਾ ਦਾ ਸਬਕ ਦੇਣ ਵਾਲਾ ਭੋਜਨ ਹੈ।

ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਪੰਗਤ ਅਤੇ ਸੰਗਤ ਦੀ ਪ੍ਰਥਾ ਚਲਾਈ ਸੀ। ਹਰੇਕ ਮਾਈ-ਭਾਈ, ਅਮੀਰ-ਗਰੀਬ ਨੂੰ ਸੰਗਤ ਤੋਂ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਣ ਦਾ ਆਦੇਸ਼ ਸੀ। ਇਸੇ ਕਰਕੇ ਇਸ ਪਉੜੀ ਵਿਚ ਭਾਈ ਸਤਾ ਤੇ ਬਲਵੰਡ ਗੁਰੂ ਦੀ ਚਲਾਈ ਪੰਗਤ ਅਤੇ ਉਨ੍ਹਾਂ ਦੀ ਸੰਗਤ ਦੇ ਰੁਹਾਨੀ ਅਨੁਭਵ ਦੀ ਮਹਿਮਾ ਬਿਆਨ ਕਰਦੇ ਕਹਿੰਦੇ ਹਨ ਕਿ ਇਨ੍ਹਾਂ ਨਾਲ ਮਨ ਵਿਚ ਸੱਚ ਪ੍ਰਤੀ ਆਸਥਾ ਜਾਗਦੀ ਹੈ ਤੇ ਸਰਬ ਪਖੀ ਗਿਆਨ ਹਾਸਲ ਹੁੰਦਾ ਹੈ।

ਆਵਾਗਵਣ ਜਿਉਣ-ਮਰਨ ਦਾ ਚੱਕਰ ਹੈ। ਸਰੀਰਕ ਜਿਉਣ-ਮਰਨ ਦੇ ਚੱਕਰ ਪਿੱਛੇ ਕਰਮ ਸਿਧਾਂਤ ਦੱਸਿਆ ਜਾਂਦਾ ਹੈ ਤੇ ਮਾਨਸਕ ਜਿਉਣ-ਮਰਨ ਦੇ ਪਿੱਛੇ ਅਗਿਆਨ ਆਸ਼ਰਤ ਡਰ ਕਾਰਜਸ਼ੀਲ ਹੁੰਦੇ ਹਨ। ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਜਾਣ ਨਾਲ ਕਰਮਾਂ ਦੇ ਲੇਖੇ ਤੋਂ ਛੁਟਕਾਰਾ ਮਿਲਦਾ ਹੈ ਤੇ ਮਨੁਖ ਦਾ ਜੀਵਨ ਡਰ-ਮੁਕਤ ਹੋ ਜਾਂਦਾ ਹੈ।

ਇਨਸਾਨ ਦੇ ਦੋ ਜਨਮ ਹੁੰਦੇ ਹਨ: ਇਕ ਮਾਪਿਆਂ ਦੇ ਘਰ ਤੇ ਦੂਜਾ ਗੁਰੂ ਦੇ ਘਰ। ਮਾਪਿਆਂ ਦੇ ਘਰ ਹੋਣ ਵਾਲਾ ਜਨਮ ਕੁਦਰਤੀ ਹੈ ਤੇ ਗੁਰੂ ਦੇ ਘਰ ਹੋਣ ਵਾਲਾ ਜਨਮ ਸਮਾਜਕ ਹੁੰਦਾ ਹੈ, ਜਿਸ ਨੂੰ ਦ੍ਵਿੱਜ ਅਰਥਾਤ ਦੂਸਰਾ ਜਨਮ ਕਹਿੰਦੇ ਹਨ। ਗਿਆਨ ਦਾ ਹਾਸਲ ਮਨੁਖ ਦਾ ਦੂਸਰਾ ਜਨਮ ਜਾਣਿਆ ਜਾਂਦਾ ਹੈ। ਇਸ ਪਉੜੀ ਵਿਚ ਭਾਈ ਸਤਾ ਤੇ ਬਲਵੰਡ ਦਸਦੇ ਹਨ ਕਿ ਜਿਹੜੇ ਲੋਕ ਗੁਰੂ ਦੀ ਸ਼ਰਣ ਵਿਚ ਆਉਂਦੇ ਹਨ, ਉਨ੍ਹਾਂ ਦਾ ਦੂਸਰਾ ਜਨਮ ਹੁੰਦਾ ਹੈ ਤੇ ਉਹ ਲੋਕ ਗਿਆਨਵਾਨ ਹੋ ਜਾਂਦੇ ਹਨ। ਇਹ ਗਿਆਨ ਵੀ ਅਜਿਹਾ ਹੈ, ਜੋ ਹਰ ਪ੍ਰਕਾਰ ਦੇ ਅਗਿਆਨ ਅਤੇ ਹਨੇਰ ਗਰਦੀ ਅੱਗੇ ਉੱਚੇ ਪਰਬਤ ਦੀ ਤਰ੍ਹਾਂ ਅਡੋਲਤਾ ਕਾਇਮ ਕਰਦਾ ਹੈ।

ਇਸ ਪਉੜੀ ਵਿਚ ਤਖਤ ’ਤੇ ਸੁਸ਼ੋਭਤ ਗੁਰੂ ਅਮਰਦਾਸ ਸਾਹਿਬ ਅਤੇ ਉਨ੍ਹਾਂ ਦੇ ਸਜ਼ੇ ਹੋਏ ਦੀਵਾਨ ਦੀ ਭਰਪੂਰ ਉਸਤਤਿ ਕਰਨ ਉਪਰੰਤ, ਭਾਈ ਸਤਾ ਤੇ ਬਲਵੰਡ ਬਿਆਨ ਕਰਦੇ ਹਨ ਕਿ ਪਾਤਸ਼ਾਹ ਦੀ ਸਿਫ਼ਤਿ-ਸ਼ਲਾਘਾ ਕੀ ਕਰੀਏ, ਜਦ ਉਹ ਆਪ ਹੀ ਏਨੇ ਸੰਪੂਰਨ ਅਤੇ ਜਾਣੀ-ਜਾਣ ਹਨ।

ਭਾਈ ਸਤਾ ਤੇ ਬਲਵੰਡ ਨੇ ਪੰਜਵੇਂ ਪਾਤਸ਼ਾਹ ਕੋਲੋਂ ਦਾਅਵੇ ਨਾਲ ਦਾਨ ਦੀ ਮੰਗ ਕੀਤੀ ਸੀ। ਗੁਰੂ ਸਾਹਿਬ ਨੇ ਉਨ੍ਹਾਂ ਦੇ ਮਨ ਵਿਚ ਦਾਅਵੇ ਦੀ ਮੈਲ ਕਾਰਣ ਨਾਂਹ ਕਰ ਦਿੱਤੀ। ਗੱਲ ਵਿਗੜੀ ਤਾਂ ਭਾਈ ਸਤਾ ਤੇ ਬਲਵੰਡ ਗੁਰੂ ਨਾਲ ਝਗੜਾ ਕਰ ਬੈਠੇ। ਗੁਰੂ ਦੀ ਹਸਤੀ ਅਤੇ ਮਹਿਮਾ ਪ੍ਰਤੱਖ ਹੋਈ ਤਾਂ ਘੋਰ ਨਿਰਾਸ਼ਾ ਤੇ ਪਸ਼ਚਾਤਾਪ ਵਿਚ ਉਤਰ ਗਏ। ਸਾਫ਼-ਦਿਲ ਅਤੇ ਨਿਮਰ-ਭਾਵ ਵਿਚ ਬਖਸ਼ਿਸ਼ ਲਈ ਅਰਜ਼ੋਈ ਕੀਤੀ ਤਾਂ ਬਖ਼ਸ਼ੇ ਗਏ। ਫਿਰ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਉਚਾਰੀ ਵਾਰ ਦੀ ਇਸ ਪਉੜੀ ਦੇ ਅਖੀਰ ਵਿਚ ਬੇਨਤੀ ਕੀਤੀ ਕਿ ਜਿਹੜਾ ਵੀ ਦਾਨ ਗੁਰੂ ਨੂੰ ਭਾਉਂਦਾ ਹੈ, ਸਤੇ ਨੂੰ ਵੀ ਉਹੀ ਦਾਨ ਮਨਜ਼ੂਰ ਹੈ।

ਪਉੜੀ ਦੇ ਅੰਤ ਵਿਚ ਭਾਈ ਸਤਾ ਤੇ ਬਲਵੰਡ ਫਿਰ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਵੱਲ ਮੁੜਦੇ ਹਨ ਕਿ ਉਨ੍ਹਾਂ ਦੇ ਮੁਖ ਉਤੇ ਗੁਰੂ ਨਾਨਕ ਪਾਤਸ਼ਾਹ ਵਾਲੀ ਆਭਾ ਅਤੇ ਨੂਰ ਦੇਖ-ਦੇਖ ਕੇ ਸੰਗਤ ਅਨੰਦਤ ਹੋ ਰਹੀ ਹੈ। ਉਹੀ ਸ਼ਬਦ ਜਾਂ ਨਾਮ-ਨੀਸ਼ਾਨ, ਉਹੀ ਤਖਤ ਤੇ ਉਹੀ ਸੰਗਤ। ਆਪਣੇ ਗੁਰਦੇਵ ਗੁਰੂ ਅੰਗਦ ਸਾਹਿਬ ਅਤੇ ਉਨ੍ਹਾਂ ਦੇ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਵਾਂਗ ਗੁਰੂ ਅਮਰਦਾਸ ਸਾਹਿਬ ਵੀ ਓਨੇ ਹੀ ਧੰਨਤਾ ਦੇ ਜੋਗ ਹਨ।

ਭਾਈ ਸਤੇ ਤੇ ਬਲਵੰਤ ਵੱਲੋਂ ਉਚਾਰੀ ਇਸ ਪਉੜੀ ਦੀ ਪ੍ਰੌੜਤਾ ਵਜੋਂ ਭਾਈ ਗੁਰਦਾਸ ਜੀ ਵੀ ਆਪਣੀ ਪਹਿਲੀ ਵਾਰ ਵਿਚ ਤਖਤ, ਛਤਰ ਆਦਿ ਦਾ ਜਿਕਰ ਕਰਦੇ ਹੋਏ ਵਰਨਣ ਕਰਦੇ ਹਨ ਕਿ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਹੀ ਸਰੂਪ ਸਨ। ਉਸੇ ਹੀ ਸ਼ਕਤੀ ਦੇ ਮਾਲਕ ਸਨ। ਉਨ੍ਹਾਂ ਨੂੰ ਉਹੋ ਸ਼ਾਨੋਂ-ਸ਼ੌਕਤ, ਰੁਤਬਾ, ਮਾਣ, ਵਡਿਆਈ ਹਾਸਲ ਹੋਈ ਅਤੇ ਉਨ੍ਹਾਂ ਦੇ ਹੱਥ ਵਿਚ ਉਹੀ ਗੁਰੂ ਨਾਨਕ ਸਾਹਿਬ ਵਾਲੀ ਹੀ ਮੁਹਰ ਹੈ। ਮੁਹਰ ਤੋਂ ਇਥੇ ਭਾਵ ਗੁਰੂ ਪਦਵੀ ਦਾ ਹੱਕ, ਅਧਿਕਾਰ ਆਦਿ ਜਾਪਦਾ ਹੈ। ਗੁਰੂ ਅੰਗਦ ਸਾਹਿਬ ਨੇ ਗੁਰਿਆਈ ਦੀ ਇਹ ਜਿੰਮੇਵਾਰੀ ਫਿਰ ਗੁਰੂ ਅਮਰਦਾਸ ਸਾਹਿਬ ਨੂੰ ਦੇ ਦਿੱਤੀ। ਗੁਰੂ ਅੰਗਦ ਸਾਹਿਬ ਦੇ ਪੁੱਤਰ ਭਾਈ ਦਾਸੂ ਅਤੇ ਦਾਤੂ ਜੀ ਚਤੁਰਾਈ ਨਾਲ ਗੁਰ-ਗੱਦੀ ਪ੍ਰਾਪਤ ਕਰਨਾ ਚਾਹੁੰਦੇ ਸਨ। ਪਰ ਗੁਰ-ਗੱਦੀ ਗੁਰੂ ਅਮਰਦਾਸ ਸਾਹਿਬ ਨੂੰ ਹੀ ਮਿਲਣੀ ਸੀ। ਉਹ ਹੀ ਇਸ ਦੇ ਕਾਬਲ ਸਨ। ਗੁਰਿਆਈ ਪ੍ਰਾਪਤ ਹੋਣ ਤੋਂ ਬਾਅਦ ਉਹ ਗੋਇੰਦਵਾਲ ਜਾ ਬਿਰਾਜੇ ਅਤੇ ਗੋਇੰਦਵਾਲ ਨਗਰ ਨੂੰ ਭਾਗ ਲਾ ਦਿੱਤੇ:

ਸੋ ਟਿਕਾ ਸੋ ਛਤ੍ਰੁ ਸਿਰਿ ਸੋਈ ਸਚਾ ਤਖਤੁ ਟਿਕਾਈ।
ਗੁਰ ਨਾਨਕ ਹੰਦੀ ਮੁਹਰ ਹਥਿ ਗੁਰ ਅੰਗਦ ਦੀ ਦੋਹੀ ਫਿਰਾਈ।
ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ।
ਜੰਮੇ ਪੂਰਬਿ ਬੀਜਿਆ ਵਿਚਿ ਵਿਚਿ ਹੋਰੁ ਕੂੜੀ ਚਤੁਰਾਈ।
ਲਹਣੇ ਪਾਈ ਨਾਨਕੋ ਦੇਣੀ ਅਮਰਦਾਸਿ ਘਰਿ ਆਈ।
ਗੁਰੁ ਬੈਠਾ ਅਮਰੁ ਸਰੂਪ ਹੋਇ ਗੁਰਮੁਖਿ ਪਾਈ ਦਾਤਿ ਇਲਾਹੀ।
ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਨ ਲਖਿਆ ਜਾਈ।
ਦਾਤਿ ਜੋਤਿ ਖਸਮੈ ਵਡਿਆਈ ॥੪੬॥ -ਭਾਈ ਗੁਰਦਾਸ ਜੀ, ਵਾਰ ੧ ਪਉੜੀ ੪੬
Tags