ਇਸ
ਪਉੜੀ ਵਿਚ ਗੁਰੂ ਅੰਗਦ ਸਾਹਿਬ ਦੁਆਰਾ ਕਰਤਾਰਪੁਰ ਸਾਹਿਬ (ਪੰਜਾਬ, ਪਾਕਿਸਤਾਨ) ਤੋਂ ਖਡੂਰ ਸਾਹਿਬ (ਪੰਜਾਬ, ਭਾਰਤ) ਵਿਚ ਆ ਕੇ ਰਹਿਣ ਅਤੇ ਉਸ ਨੂੰ ਆਬਾਦ ਕਰਨ ਦਾ ਜਿਕਰ ਹੈ। ਗੁਰੂ ਸਾਹਿਬ ਦੀ ਸ਼ਖਸੀਅਤ ਵਿਚਲੇ ਦੈਵੀ ਗੁਣਾਂ ਅਤੇ
ਨਾਮ ਦੇ ਖਜਾਨੇ ਦਾ ਵਰਨਣ ਕੀਤਾ ਗਿਆ ਹੈ। ਇਸ ਪਉੜੀ ਵਿਚ ਇਹ ਵੀ ਉਪਦੇਸ਼ ਦਿੱਤਾ ਗਿਆ ਹੈ ਕਿ ਲੋਭ-ਲਾਲਚ, ਹੰਕਾਰ ਆਦਿ ਵਿਕਾਰ ਅਤੇ ਭਲੇ ਵਿਅਕਤੀਆਂ ਦੀ ਨਿੰਦਿਆ ਮਨੁਖ ਨੂੰ ਬਰਬਾਦ ਕਰ ਦਿੰਦੀ ਹੈ।
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥
ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥
ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥
ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥
ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥
ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥
ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥
ਨੇੜੈ ਦਿਸੈ ਮਾਤਲੋਕ ਤੁਧੁ ਸੁਝੈ ਦੂਰੁ ॥
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥
-ਗੁਰੂ ਗ੍ਰੰਥ ਸਾਹਿਬ ੯੬੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਹਾਨ ਹਸਤੀ ਜਦ ਨਵੀਂ ਜੀਵਨ ਜੁਗਤ ਅਤੇ ਨਵੇਂ ਦਰਸ਼ਨ ਦਾ ਆਗਾਜ਼ ਕਰਦੀ ਹੈ ਤਾਂ ਉਸ ਨੂੰ ਸਮਾਜ ਵਿਚ ਪ੍ਰਵਾਹਤ ਕਰਨ ਹਿਤ ਨਵੇਂ ਪਿੰਡ, ਸ਼ਹਿਰ ਅਤੇ ਸਮਾਜ ਦੀ ਜ਼ਰੂਰਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਇਸੇ ਮਕਸਦ ਨਾਲ ਆਪਣੀ ਉਮਰ ਦੇ ਅਖੀਰ ਵਿਚ ਕਰਤਾਰਪੁਰ ਸ਼ਹਿਰ ਵਸਾਇਆ। ਇਥੇ ਹੀ ਆਪਣੇ ਪਰਮ ਸਿਖ ਭਾਈ ਲਹਣੇ (ਗੁਰੂ ਅੰਗਦ ਸਾਹਿਬ) ਨੂੰ ਗੁਰਿਆਈ ਬਖਸ਼ੀ ਤੇ ਉਨ੍ਹਾਂ ਨੂੰ ਸਮਾਜ ਵਿਚ ਆਪਣੀ ਥਾਂ ਆਪ ਬਣਾਉਣ ਹਿਤ ਖਡੂਰ ਸਾਹਿਬ ਭੇਜ ਦਿੱਤਾ।
ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੇ ਹੀ ਵਸਨੀਕ ਸਨ। ਗੁਰੂ ਨਾਨਕ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦਿਆਂ, ਗੁਰਿਆਈ ਮਿਲਣ ਉਪਰੰਤ ਉਹ ਕਰਤਾਰਪੁਰ ਤੋਂ ਖਡੂਰ ਸਾਹਿਬ ਆ ਗਏ। ਇਸ ਸੰਦਰਭ ਵਿਚ ਭਾਈ ਗੁਰਦਾਸ ਜੀ ਦਾ ਇਹ ਕਥਨ ਵੀ ਮਿਲਦਾ ਹੈ: ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ। ਇਸ ਦਾ ਹੀ ਜ਼ਿਕਰ ਭਾਈ ਸਤੇ ਅਤੇ ਬਲਵੰਡ ਨੇ ਇਸ ਪਉੜੀ ਦੇ ਅਰੰਭ ਵਿਚ ਕੀਤਾ ਹੈ। ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਆ ਕੇ ਆਪਣੀ ਜਿੰਮੇਵਾਰੀ ਤਨ-ਮਨ ਨਾਲ ਨਿਭਾਉਂਦੇ ਰਹੇ ਅਤੇ ਇਥੋਂ ਤੋਂ ਬਾਹਰ ਨਾ ਗਏ।
ਇਕ ਸਾਖੀ ਅਨੁਸਾਰ ਗੁਰੂ ਅੰਗਦ ਸਾਹਿਬ ਸਿਰਫ ਉਦੋਂ ਹੀ ਕੁਝ ਦਿਨਾਂ ਲਈ ਖਡੂਰ ਸਾਹਿਬ ਦੇ ਨੇੜਲੇ ਪਿੰਡ ਖਾਨਪੁਰ ਤਕ ਗਏ, ਜਦੋਂ ਉਨ੍ਹਾਂ ਦੀ ਵਡਿਆਈ ਤੋਂ ਖੁਣਸ ਖਾ ਕੇ ਕਿਸੇ ਜੋਗੀ ਦੇ ਕਹਿਣ ’ਤੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਪਿੰਡੋਂ ਬਾਹਰ ਜਾਣ ਲਈ ਕਿਹਾ ਸੀ। ਜਦ ਪਿੰਡ ਵਿਚ ਵੀਰਾਨਗੀ ਤੇ ਬੇਗਾਨਗੀ ਦਾ ਮਾਰੂ ਆਲਮ ਛਾ ਗਿਆ ਤੇ ਪਿੰਡ ਉਜਾੜ ਜਾਪਣ ਲੱਗਿਆ ਤਾਂ ਉਨ੍ਹਾਂ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗਿਆ। ਫਿਰ ਉਹ ਲੋਕ ਘੋਰ ਪਛਤਾਵੇ ਵਿਚ ਗੁਰੂ ਸਾਹਿਬ ਨੂੰ ਮਨਾ ਕੇ ਮੁੜ ਖਡੂਰ ਸਾਹਿਬ ਵਿਖੇ ਲੈ ਕੇ ਆਏ। ਗੁਰੂ ਅੰਗਰ ਸਾਹਿਬ ਦੇ ਖਡੂਰ ਸਾਹਿਬ ਵਿਖੇ ਆਉਣ ਨਾਲ ਨਗਰ ਦੀ ਵੀਰਾਨਗੀ ਤੇ ਬੇਗਾਨਗੀ ਮੁੜ ਦੂਰ ਹੋਣ ਲੱਗੀ।
ਗੁਰੂ ਅੰਗਦ ਸਾਹਿਬ ਕੋਲ ਜਪ, ਤਪ ਅਤੇ ਸੰਜਮ ਸੀ। ਜਪ ਮਹਿਜ਼ ਪਾਠ ਨਹੀਂ ਬਲਕਿ ਪਾਠ ਦਾ ਗਿਆਨ ਅਤੇ ਅਭਿਆਸ ਹੈ। ਤਪ ਅਜਿਹੀ ਸਹਿਣ ਸ਼ਕਤੀ ਹੈ, ਜਿਸ ਨਾਲ ਮਨੁਖ ਮੁਸ਼ਕਲ ਹਾਲਾਤ ਵਿਚ ਰਹਿਣ-ਸਹਿਣ ਦਾ ਆਦੀ ਹੋ ਜਾਂਦਾ ਹੈ ਤੇ ਸੰਜਮ ਜੀਵਨ ਦੇ ਹਰ ਪਖ ਵਿਚ ਕੀਤਾ ਜਾਣ ਵਾਲਾ ਗੁਰੇਜ਼ ਅਤੇ ਪਰਹੇਜ਼ ਹੈ। ਅਜਿਹੇ ਜਪੀ, ਤਪੀ ਅਤੇ ਸੰਜਮੀ ਮਨੁਖ ਦੇ ਅੰਦਰੋਂ ਸੁਤੇ ਸਿਧ ਸਦਗੁਣਾਂ ਦਾ ਸੰਚਾਰ ਹੋਣ ਲੱਗਦਾ ਹੈ। ਧਨ ਦੇ ਨਾਲ ਮਨੁਖ ਦੇ ਸ਼ੁਧ ਸ੍ਵੈ ਉੱਤੇ ਹਉਮੈ ਦੀ ਪਰਤ ਚੜ੍ਹਦੀ ਹੈ ਤੇ ਸੰਪਦਾ ਦਾ ਲਾਲਚ ਇਨਸਾਨ ਨੂੰ ਇਸ ਤਰ੍ਹਾਂ ਤਬਾਹ ਕਰ ਦਿੰਦਾ ਹੈ, ਜਿਵੇਂ ਪਾਣੀ ਨੂੰ ਜੰਮੀ ਹੋਈ ਹਰਿਆਈ ਖਰਾਬ ਕਰ ਦਿੰਦੀ ਹੈ।
ਹਰਮਨ ਹੈੱਸ ਦੇ ਨਾਵਲ ‘ਸਿਧਾਰਥ’ ਵਿਚ ਨਾਵਲ ਦਾ ਨਾਇਕ ਸਿਧਾਰਥ ਕਿਸੇ ਕਾਰੋਬਾਰੀ ਕੋਲ ਨੌਕਰੀ ਲਈ ਜਾਂਦਾ ਹੈ। ਉਹ ਅੱਗੋਂ ਪੁੱਛਦਾ ਹੈ ਕਿ ਉਸ ਨੇ ਸਿਖਿਆ ਕੀ ਹੈ? ਸਿਧਾਰਥ ਦੱਸਦਾ ਹੈ ਕਿ ਉਹ ਸੋਚ ਸਕਦਾ ਹੈ, ਉਡੀਕ ਸਕਦਾ ਹੈ ਤੇ ਭੁੱਖਾ ਰਹਿ ਸਕਦਾ ਹੈ। ਬੇਸ਼ੱਕ ਕਾਰੋਬਾਰੀ ਨੂੰ ਇਨ੍ਹਾਂ ਗੁਣਾਂ ਵਿਚ ਕੋਈ ਲਾਭ ਨਹੀਂ ਦਿਸਦਾ, ਪਰ ਬਾਅਦ ਵਿਚ ਸਿਧਾਰਥ ਦੇ ਇਹੀ ਗੁਣ ਉਸ ਦੇ ਕਾਰੋਬਾਰ ਵਿਚ ਚੋਖਾ ਵਾਧਾ ਕਰਦੇ ਹਨ। ਸੋਚਣਾ ਜਪ ਹੈ, ਉਡੀਕਣਾ ਤਪ ਹੈ ਤੇ ਸਰੀਰਕ ਜਾਂ ਇੰਦਰਿਆਵੀ ਲੋੜਾਂ ਨੂੰ ਕਾਬੂ ਵਿਚ ਰਖਣਾ ਸੰਜਮ ਹੈ। ਸਫਲ ਜ਼ਿੰਦਗੀ ਦਾ ਇਹੀ ਸੂਤਰ ਹੈ।
ਇਸ ਪਉੜੀ ਵਿਚ ਆਏ ਸ਼ਬਦ ‘ਵਰ੍ਹਿਐ’ ਵਿਚ ਅਨੋਖੀ ਬਰਸਾਤ ਵੱਲ ਇਸ਼ਾਰਾ ਹੈ। ਗੁਰੂ ਸਾਹਿਬ ਕਰਤਾਰਪੁਰ ਤੋਂ ਜਪ, ਤਪ ਅਤੇ ਸੰਜਮ ਜਿਹੇ ਗੁਣਾਂ ਨਾਲ ਸੰਪੰਨ ਹੋ ਕੇ ਆਏ ਸਨ ਤੇ ਹੁਣ ਉਨ੍ਹਾਂ ਦੇ ਦਰਬਾਰ ਵਿਚ ਨਿਰੰਤਰ ਨਾਮ-ਬਾਣੀ ਦਾ ਪ੍ਰਵਾਹ ਇਸ ਤਰ੍ਹਾਂ ਹੋ ਰਿਹਾ ਹੈ ਜਿਵੇਂ ਅਰਸ਼ਾਂ ਤੋਂ ਰੱਬੀ ਨੂਰ ਦੀ ਬਰਸਾਤ ਹੋ ਰਹੀ ਹੋਵੇ। ਗੁਰੂ ਦੀ ਮਹਿਮਾ ਦੇ ਵਰਨਣ ਲਈ ਭਾਈ ਸਤਾ ਤੇ ਬਲਵੰਡ ਦੀ ਕਾਵਿ-ਕਲਾ ਅਤੇ ਕਾਵਿ-ਉਡਾਰੀ ਦਾ ਕਮਾਲ ਦੇਖੋ ਕਿ ਜਿਸ ਤਰ੍ਹਾਂ ਬਰਸਾਤ ਦਾ ਪਾਣੀ ਨਦੀਆਂ ਰਾਹੀਂ ਸਮੁੰਦਰ ਤਕ ਪੁੱਜਦਾ ਹੈ, ਉਸੇ ਤਰ੍ਹਾਂ ਗੁਰੂ ਦੇ ਦਰ ’ਤੇ ਵਰਸਦੇ ਅਗੰਮੀਂ ਨੂਰ ਨੂੰ ਵੀ ਉਹ ਅਜਿਹੇ ਠੰਢ ਵਰਤਾਉਣ ਵਾਲੇ ਸਮੁੰਦਰ ਤਕ ਲੈ ਜਾਂਦੇ ਹਨ, ਜਿਸ ਦੀ ਡੂੰਘਾਈ ਨਾਪੀ ਹੀ ਨਹੀਂ ਜਾ ਸਕਦੀ।
ਉਪਰ ਦਸ ਆਏ ਹਨ ਕਿ ਗੁਰੂ ਅੰਗਦ ਸਾਹਿਬ ਕੋਲ ਜਪ, ਤਪ ਅਤੇ ਸੰਜਮ ਦੀ ਸੰਪਦਾ ਸੀ। ਅਸਲ ਵਿਚ ਜਿਹੜੀ ਦਾਤ ਗੁਰੂ ਨੂੰ ਪ੍ਰਾਪਤ ਹੋਈ ਸੀ, ਉਸ ਵਿਚ ਮਿਥਿਹਾਸ ਵਿਚ ਪ੍ਰਚਲਤ ਨੌ-ਨਿਧਾਂ ਜਿਹੇ ਨਾਮ ਦੀ ਬਰਕਤ ਸੀ। ਨੌ-ਨਿਧਾਂ ਨੂੰ ਨਾਮ ਦੀ ਬਰਕਤ ਨਾਲ ਤੁਲਨਾ ਦੇਣਾ ਬੇਵਜ਼ਹ ਨਹੀਂ ਹੈ, ਕਿਉਂਕਿ ਨੌ-ਨਿਧਾਂ ਨਿਰੀਆਂ ਪਦਾਰਥਕ ਨਹੀਂ ਹੁੰਦੀਆਂ, ਬਲਕਿ ਮਨੁਖੀ ਸ਼ਖ਼ਸੀਅਤ ਦੀ ਸਰਗੁਣ ਸੰਪੰਨਤਾ ਦਾ ਅਧਾਰ ਵੀ ਹੁੰਦੀਆਂ ਹਨ।
ਸਾਡੇ ਸਮਾਜ ਵਿਚ ਗੁਰੂ ਜਿਹੀ ਗੁਣੀ ਹਸਤੀ ਦੀ ਵੀ ਨਿੰਦਿਆ ਹੋਣ ਲੱਗ ਪੈਂਦੀ ਹੈ। ਪਰ ਗੁਰੂ ਦੀ ਹਸਤੀ ਇੰਨੀ ਸੱਚੀ, ਸੁੱਚੀ ਅਤੇ ਨੇਕਬਖਤ ਹੈ, ਜਿਸ ਨੂੰ ਨਿੰਦਿਆਂ ਕਾਰਣ ਰੱਤੀ ਭਰ ਵੀ ਆਂਚ ਨਹੀਂ ਆਉਂਦੀ, ਸਗੋਂ ਨਿੰਦਿਆ ਕਰਨ ਵਾਲੇ ਥੱਕ ਹਾਰ ਕੇ ਚੂਰ ਹੋ ਜਾਂਦੇ ਹਨ। ਕੇਵਲ ਦੁਨੀਆਵੀ ਸਮਝ ਰਖਣ ਵਾਲੇ ਲੋਕ ਅਸਲ ਸੱਚ ਤੋਂ ਦੂਰ ਹੋਣ ਕਾਰਣ ਗੁਰੂ ਦੀ ਨਿੰਦਿਆ ਕਰਦੇ ਹਨ। ਅਜਿਹੇ ਲੋਕ ਬਹੁਤ ਨੇੜੇ ਦੀ ਸੋਚ ਰਖਦੇ ਹਨ। ਉਨ੍ਹਾਂ ਨਿੰਦਕਾਂ ਨੂੰ ਲੋਕ-ਪਰਲੋਕ ਦੀ ਸੋਝੀ ਰਖਣ ਵਾਲੇ ਗੁਰੂ ਦੀ ਸਮਝ ਨਹੀਂ ਪੈਂਦੀ। ਉਹ ਜਗਤ ਪਸਾਰੇ ਅਰਥਾਤ ਮਾਤਲੋਕ ਨੂੰ ਹੀ ਅਸਲ ਸੱਚ ਅਤੇ ਨਜ਼ਦੀਕ ਮੰਨਦੇ ਹਨ।
ਇਸ ਪ੍ਰਕਾਰ ਭਾਈ ਸਤੇ ਤੇ ਬਲਵੰਡ ਨੇ ਇਸ ਪਉੜੀ ਵਿਚ ਗੁਰਮਤਿ ਸਿਧਾਂਤਾਂ ਦੇ ਨਾਲ-ਨਾਲ ਗੁਰੂ ਅੰਗਦ ਸਾਹਿਬ ਦੀ ਰਹਿਮਤ ਸਦਕਾ ਖਡੂਰ ਸਾਹਿਬ ਦਾ ਦਿਲਕਸ਼ ਨਜ਼ਾਰਾ ਵੀ ਪੇਸ਼ ਕੀਤਾ ਹੈ।