ਇਸ
ਪਉੜੀ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਪੁੱਤਰਾਂ ਦੀ ਥਾਂ ਆਪਣੇ ਸਿਖ ਭਾਈ ਲਹਣਾ ਜੀ ਨੂੰ ਗੁਰਿਆਈ ਸੌਂਪਣ ’ਤੇ ਲੋਕਾਈ ਦੀ ਪ੍ਰਤੀਕਿਰਿਆ ਬਿਆਨ ਕੀਤੀ ਹੈ। ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਪੁੱਤਰਾਂ ਨੂੰ ਗੱਦੀ ਦੇਣ ਦੀ ਸੰਸਾਰੀ ਰੀਤ ਤੋਂ ਉਲਟੀ ਰੀਤ ਚਲਾ ਦਿੱਤੀ ਹੈ। ਇਸ ਵਿਚ ਮਿਥਿਹਾਸਕ ਕਥਾ ਦੀ ਉਦਾਹਰਣ ਦੇ ਕੇ ਦੱਸਿਆ ਗਿਆ ਹੈ ਕਿ ਗੁਰੂ ਸਾਹਿਬ ਨੇ ਗੁਰ-ਸ਼ਬਦ ਨੂੰ ਮਧਾਣਾ ਅਤੇ ਮਨ ਨੂੰ ਨੇਤ੍ਰਾ ਬਣਾ ਕੇ, ਸਰੀਰ ਰੂਪੀ ਸਮੁੰਦਰ ਨੂੰ ਰਿੜਕਿਆ ਅਤੇ ਦੈਵੀ ਗੁਣਾਂ ਰੂਪੀ ਰਤਨ ਕੱਢ ਕੇ ਸੰਸਾਰ ਨੂੰ ਸ਼ਿੰਗਾਰਿਆ। ਜਦੋਂ ਭਾਈ ਲਹਣਾ ਜੀ ਵੀ ਇਨ੍ਹਾਂ ਗੁਣਾਂ ਨਾਲ ਸ਼ਿੰਗਾਰੇ ਗਏ, ਉਦੋਂ ਹੀ ਉਨ੍ਹਾਂ ਨੂੰ ਗੁਰਿਆਈ ਸੌਂਪੀ ਗਈ।
ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥
ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥
ਚਉਦਹ ਰਤਨ ਨਿਕਾਲਿਅਨੁ ਕਰਿ ਆਵਾਗਉਣੁ ਚਿਲਕਿਓਨੁ ॥
ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥
ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥
-ਗੁਰੂ ਗ੍ਰੰਥ ਸਾਹਿਬ ੯੬੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੱਚ ਸੂਖਮ ਹੁੰਦਾ ਹੈ, ਜਿਸ ਨੂੰ ਸਮਝਣ-ਸਮਝਾਉਣ ਲਈ ਸਥੂਲ ਸੰਕੇਤ ਦਾ ਸਹਾਰਾ ਲੈਣਾ ਪੈਂਦਾ ਹੈ। ਅਨਾੜੀ ਲੋਕ ਉਸ ਸੰਕੇਤ ਨੂੰ ਹੀ ਸੱਚ ਅਨੁਮਾਨ ਲੈਂਦੇ ਹਨ ਤੇ ਅਸਲ ਸੱਚ ਤੋਂ ਵਿੱਥ ਸਿਰਜ ਲੈਂਦੇ ਹਨ। ਫਿਰ ਜਦ ਕੋਈ ਮਹਾਂ ਪੁਰਖ ਉਸ ਸੰਕੇਤ ਦੀ ਬਜਾਏ ਸੱਚ ਵੱਲ ਮੁੜਨ ਦੀ ਗੱਲ ਕਰਦਾ ਹੈ ਤਾਂ ਅਨਾੜੀ ਅਤੇ ਜੁਗਾੜੀ ਲੋਕ ਉਸ ਨੂੰ ‘ਗੁਮਰਾਹ ਕਰਨ ਵਾਲਾ’ ਜਾਂ ‘ਕੁਰਾਹੀਆ’ ਆਖਦੇ ਹਨ। ਇਹੀ ਕੁਝ ਗੁਰੂ ਨਾਨਕ ਸਾਹਿਬ ਨਾਲ ਹੋਇਆ, ਜਿਸ ਦਾ ਹਵਾਲਾ ਇਸ ਪਉੜੀ ਵਿਚੋਂ ਮਿਲਦਾ ਹੈ।
ਸੰਕੇਤਕ ਅਰਥਾਂ ਵਿਚ ਗੰਗਾ ਪਵਿੱਤਰ ਨਦੀ ਮੰਨੀ ਜਾਂਦੀ ਹੈ। ਮਿਥਿਹਾਸਕ ਕਥਾ ਅਨੁਸਾਰ ਰਾਜੇ ਭਾਗੀਰਥ ਨੇ ਆਪਣੇ ਪਿਤਰਾਂ ਦੀ ਮੁਕਤੀ ਲਈ ਕਠਨ ਤਪੱਸਿਆ ਕਰਕੇ ਗੰਗਾ ਨਦੀ ਨੂੰ ਧਰਤੀ ’ਤੇ ਉਤਾਰਿਆ ਸੀ। ਜਿਸ ਦਿਸ਼ਾ ਵਿਚ ਭਾਗੀਰਥ ਦਾ ਰੱਥ ਗਿਆ, ਉਸੇ ਦਿਸ਼ਾ ਵਿਚ ਗੰਗਾ ਵਗਦੀ ਗਈ। ਪਰ ਅਸਲ ਵਿਚ ਗੰਗਾ ਨਦੀ ਗੰਗੋਤਰੀ ਨੇੜੇ ਹਿਮਗੁਫਾ ਵਿਚੋਂ ਨਿਕਲਦੀ ਹੈ ਤੇ ਮੈਦਾਨੀ ਇਲਾਕਿਆਂ ਵਿਚੋਂ ਹੁੰਦੀ ਹੋਈ ਬੰਗਾਲ ਦੀ ਖਾੜੀ ਵਿਚ ਜਾ ਸਮਾਉਂਦੀ ਹੈ। ਨਦੀਆਂ ਆਮ ਕਰਕੇ ਪਹਾੜਾਂ ਤੋਂ ਨਿਕਲ ਕੇ ਮੈਦਾਨੀ ਇਲਾਕਿਆਂ ਵੱਲ ਜਾਂਦੀਆਂ ਹਨ। ਨਦੀ ਵਿਚਲੇ ਪਾਣੀ ਦਾ ਪ੍ਰਵਾਹ ਉਚਾਈ ਤੋਂ ਨਿਵਾਣ ਵੱਲ ਹੁੰਦਾ ਹੈ। ਵਗਦੀ ਨਦੀ ਨੂੰ ਕਿਸੇ ਵੀ ਜਤਨ ਨਾਲ ਉਲਟ ਪਾਸੇ ਨਹੀਂ ਵਹਾਇਆ ਜਾ ਸਕਦਾ। ਇਸੇ ਕਰਕੇ ਜਦ ਕੋਈ ਪਰੰਪਰਾ ਤੋਂ ਹਟ ਕੇ ਕਾਰਜ ਕਰੇ ਤਾਂ ਉਸ ਨੂੰ ਲੋਕ-ਮੁਹਾਵਰੇ ਵਿਚ ‘ਉਲਟੀ ਗੰਗਾ ਵਹਾਉਣਾ’ ਕਿਹਾ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਜੀਵਨ-ਜੁਗਤ ਵਜੋਂ ਧਰਮ ਨੂੰ ਪਰੰਪਰਾ ਤੋਂ ਹਟ ਕੇ, ਨਵੇਂ ਅਰਥ ਅਤੇ ਦਿਸ਼ਾ ਪ੍ਰਦਾਨ ਕੀਤੀ, ਜਿਸ ਕਰਕੇ ਬੇਸਮਝ ਦੁਨੀਆ ਨੇ ਉਲਟੀ ਗੰਗਾ ਵਹਾਉਣ ਜਿਹੇ ਮੁਹਾਵਰਾ ਨੁਮਾ ਵਿਅੰਗ ਵੀ ਕੱਸੇ ਅਤੇ ਇਸ ਪ੍ਰਤੀ ਹੈਰਾਨੀ ਵੀ ਪਰਗਟ ਕੀਤੀ।
ਸਮਾਜ ਵਿਚ ਬਾਪ ਦੇ ਤੁਰ ਜਾਣ ’ਤੇ ਹਰ ਤਰ੍ਹਾਂ ਦੀ ਜਿੰਮੇਵਾਰੀ ਵਡੇ ਪੁੱਤਰ ਨੂੰ ਸੌਂਪੀ ਜਾਂਦੀ ਹੈ। ਰਾਜੇ-ਮਹਾਰਾਜੇ ਵੀ ਆਪਣਾ ਰਾਜ-ਭਾਗ ਵਡੇ ਪੁੱਤਰ ਨੂੰ ਸੌਂਪਦੇ ਆਏ ਹਨ। ਇਸੇ ਤਰ੍ਹਾਂ ਧਾਰਮਕ ਪਦਵੀ ਦਾ ਹੱਕਦਾਰ ਵੀ ਵਡੇ ਪੁੱਤਰ ਨੂੰ ਹੀ ਮੰਨਿਆ ਜਾਂਦਾ ਹੈ। ਧਰਮ ਪਰੰਪਰਾ ਵਜੋਂ ਵਡੇ ਪੁੱਤਰ ਦੇ ਹੱਕ ਨੂੰ ਗੰਗਾ ਦੇ ਵਹਾ ਜਿਹੀ ਮਾਨਤਾ ਮਿਲੀ ਹੋਈ ਸੀ। ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਦੀ ਬਜਾਏ, ਆਪਣੇ ਪਰਮ ਸਿਖ ਭਾਈ ਲਹਣੇ ਨੂੰ ਗੁਰਿਆਈ ਬਖ਼ਸ਼ ਦਿੱਤੀ ਤਾਂ ਦੁਨੀਆ ਵਿਚ ਹਾਹਾਕਾਰ ਮਚ ਗਈ ਕਿ ਉਸ ਨੇ ਇਹ ਕੀ ਕੀਤਾ ਹੈ। ਇਸ ਕਾਰਜ ਨੂੰ ਉਲਟੀ ਗੰਗਾ ਵਹਾਉਣ ਦੇ ਤੁੱਲ ਸਮਝਦਿਆਂ ਇਸ ਪ੍ਰਤੀ ਅਸਚਰਜਤਾ ਦਿਖਾਈ ਗਈ।
ਈਸ਼ਾਵਾਸਿਆ ਉਪਨਿਸ਼ਦ ਵਿਚ ਈਸ਼ਵਰ ਨੂੰ ਅਦਿੱਖ ਮਾਲਕ, ਨਿਰਾਕਾਰ ਅਰਥਾਤ ਨਿਰੰਕਾਰ ਕਿਹਾ ਗਿਆ ਹੈ ਤੇ ਉਸੇ ਨੂੰ ਜਗਤ ਦਾ ਮਾਲਕ ਕਿਹਾ ਹੈ। ਇਸ ਪਉੜੀ ਵਿਚ ਭਾਈ ਸਤਾ ਤੇ ਬਲਵੰਡ, ਗੁਰੂ ਨਾਨਕ ਸਾਹਿਬ ਨੂੰ ਜਗਤ ਦਾ ਮਾਲਕ ਅਤੇ ਈਸ਼ਵਰ ਦੱਸਦੇ ਹੋਏ ਆਖਦੇ ਹਨ ਕਿ ਉਨ੍ਹਾਂ ਨੇ ਅਜਿਹੀ ਬਾਣੀ ਉਚਾਰਨ ਕੀਤੀ, ਜਿਸ ਦੀ ਉਚਾਈ ਦੀ ਕੋਈ ਹੱਦ ਹੀ ਨਹੀਂ। ਉਨ੍ਹਾਂ ਨੇ ਸੱਚ ਨਾਲ ਜੁੜੇ ਹੋਏ ਸੰਕੇਤਕ ਖੋਟ ਦੂਰ ਕਰ ਦਿੱਤੇ ਤੇ ਸੱਚ ਨੂੰ ਆਪਣੇ ਸ਼ੁਧ ਸਰੂਪ ਵਿਚ ਪੇਸ਼ ਕੀਤਾ।
ਜਿਸ ਤਰ੍ਹਾਂ ਦੇਵਤਿਆਂ ਤੇ ਰਾਕਸ਼ਾਂ ਨੇ ਅੰਮ੍ਰਿਤ ਪ੍ਰਾਪਤ ਕਰਨ ਲਈ ਪਰਬਤ ਦਾ ਮਧਾਣਾ ਬਣਾ ਕੇ ਤੇ ਸ਼ੇਸ਼ਨਾਗ ਦਾ ਨੇਤਰਾ ਬਣਾ ਕੇ ਸਮੁੰਦਰ ਰਿੜਕਿਆ ਸੀ, ਗੁਰੂ ਨਾਨਕ ਸਾਹਿਬ ਨੇ ਵੀ ਉਸੇ ਵਿਸ਼ਾਲ ਪਧਰ ’ਤੇ ਦੀਰਘ ਵਿਚਾਰ-ਚਰਚਾ ਕੀਤੀ ਤੇ ਜਗਤ ਵਿਚ ਰਤਨਾਂ ਜਹੇ ਅਣਮੁੱਲੇ ਸੱਚ ਦਾ ਪ੍ਰਕਾਸ਼ ਕੀਤਾ। ਗੁਰੂ ਨਾਨਕ ਸਾਹਿਬ ਨੇ ਅਜਿਹੀ ਕਲਾ ਵਰਤਾਈ ਕਿ ਅਸਲੋਂ ਹੀ ਨਵੀਂ ਜੀਵਨ-ਜੁਗਤ ਲਈ ਮਹਾਨ ਪਿੜ ਦਾ ਨਿਰਮਾਣ ਕਰ ਦਿੱਤਾ ਤੇ ਉਸ ਵਿਚ ਭਾਈ ਲਹਣੇ ਦੇ ਸਿਰ ’ਤੇ ਗੁਰਿਆਈ ਦਾ ਤਾਜ ਟਿਕਾ ਦਿੱਤਾ। ਇਸ ਅਨੋਖੀ ਜਿੰਮੇਵਾਰੀ ਦੇ ਤਾਜ ਨਾਲ ਭਾਈ ਲਹਣੇ ਦਾ ਸਿਰ ਏਨਾ ਉੱਚਾ ਹੋ ਗਿਆ ਕਿ ਉਨ੍ਹਾਂ ਦੀ ਮਹਿਮਾ ਚਾਰੇ ਪਾਸੇ ਫੈਲ ਗਈ।
ਭਾਈ ਸਤਾ ਤੇ ਬਲਵੰਡ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੱਸੀ ਤੇ ਫਿਰ ਗੁਰਿਆਈ ਉਪਰੰਤ ਭਾਈ ਲਹਣੇ ਦੀ ਅਪਾਰ ਮਹਿਮਾ ਨੂੰ ਬਿਆਨ ਕੀਤਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਣੇ ਨੂੰ ਆਪਣਾ ਸਰੂਪ ਬਖ਼ਸ਼ ਦਿੱਤਾ ਹੋਵੇ ਤੇ ਆਪਣੇ-ਆਪ ਨਾਲ ਅਭੇਦ ਕਰ ਲਿਆ ਹੋਵੇ। ਗੁਰਮਤਿ ਵਿਚ ਗੁਰਿਆਈ ਅਭੇਦਤਾ ਦੀ ਸੂਚਕ ਤੇ ਸੰਕੇਤਕ ਹੈ।
ਆਪਣੇ ਸਿਖਾਂ ਤੇ ਪੁੱਤਰਾਂ ਨੂੰ ਪਰਖ ਕੇ ਜਿਹੋ-ਜਿਹਾ ਫੈਸਲਾ ਗੁਰੂ ਨਾਨਕ ਸਾਹਿਬ ਨੇ ਕੀਤਾ, ਉਹ ਸਾਰੀ ਸੰਗਤ ਲਈ ਵਿਚਾਰਨ ਜੋਗ ਸਬਕ ਹੈ ਕਿ ਆਪਣਾ ਪਰਾਇਆ ਦੇਖੇ ਬਿਨਾਂ ਗੁਣ ਦੀ ਕਦਰ ਕਰਨੀ ਹੈ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਣੇ ਦੇ ਗੁਣਾਂ ਦੀ ਪਰਖ ਕਰਕੇ ਉਨ੍ਹਾਂ ਨੂੰ ਗੁਰੂ ਟਿੱਕ ਦਿੱਤਾ।
ਇਸ ਪਉੜੀ ਵਿਚ ਵਾਰ-ਵਾਰ ਕਹਿਣੀ ਦੀ ਬਜਾਏ ਕਰਨੀ ’ਤੇ ਬਲ ਦਿੱਤਾ ਗਿਆ ਹੈ। ਚੋਣ ਕਰਨ ਵੇਲੇ ਆਪਣੇ ਬੇਗਾਨੇ ਦੇ ਫਰਕ ਦੀ ਬਜਾਏ, ਕਰਨੀ ਨੂੰ ਪਰਖ ਦੀ ਕਸਵੱਟੀ ਅਤੇ ਵਿਸ਼ਾਲ ਤੇ ਦੀਰਘ ਵਿਚਾਰ-ਚਰਚਾ ਨੂੰ ਇਨਸਾਫ ਦਾ ਅਧਾਰ ਦੱਸਿਆ ਗਿਆ ਹੈ। ਇਹੀ ਗੁਰਮਤਿ ਹੈ।