ਇਲਮ ਤੇ ਅਮਲ ਬੇਸ਼ਕ ਵਖ-ਵਖ ਹਨ ਪਰ ਗੁਰਮਤਿ ਵਿਚ ਇਨ੍ਹਾਂ ਦਾ ਸੁਮੇਲ ਹੈ। ਜਿਸ ਨੂੰ ਸੱਚ ਦਾ ਇਲਮ ਤਾਂ ਹੈ ਪਰ ਉਹ ਉਸ ਉਤੇ ਅਮਲ ਨਹੀਂ ਕਰਦਾ, ਉਹ ਗੁਰਮਤਿ ਵਿਚ ਪਰਵਾਣ ਨਹੀਂ ਹੈ। ਇਸ
ਪਉੜੀ ਵਿਚ ਆਏ ਸ਼ਬਦ ‘ਕੀਤੀ’ ਦਾ ਸੰਕੇਤ ਇਲਮ ਤੇ ਅਮਲ ਦੇ ਸੁਮੇਲ ਵੱਲ ਹੀ ਹੈ ਅਤੇ ਗੁਰਮਤਿ ਵਿਚ ਇਸ ਸੁਮੇਲ ਵਾਲੇ ਹੀ ਮੰਨਣਜੋਗ ਹਨ। ਜਿਵੇਂ ਭਾਈ ਲਹਣੇ ਜੀ ਨੇ ਗੁਰੂ ਨਾਨਕ ਸਾਹਿਬ ਦੇ ਆਦੇਸ਼ ਦਾ ਤਨੋ-ਮਨੋ ਪਾਲਣ ਕੀਤਾ ਤਾਂ ਉਹ ਗੁਰਿਆਈ ਪ੍ਰਾਪਤ ਕਰਕੇ ਮੰਨਣਜੋਗ ਹੋ ਗਏ।
ਇਸ ਪਉੜੀ ਵਿਚ ਆਦੇਸ਼ ਪਾਲਕਾਂ ਅਤੇ ਆਦੇਸ਼ ਤੋਂ ਪਾਸਾ ਵੱਟਣ ਵਾਲਿਆਂ ਵਿਚਕਾਰ ਫਰਕ ਦੱਸਣ ਲਈ ਜਿਵਾਹਾਂ ਅਤੇ ਸਾਲੀ ਅਰਥਾਤ ਮੁੰਜੀ ਦੀ ਉਦਾਹਰਣ ਦਿੱਤੀ ਗਈ ਹੈ। ਉੱਚੇ ਥਾਂ ਹੋਣ ਵਾਲੇ ਨਿਕੰਮੇ ਜਿਵਾਹਾਂ ਨਾਲੋਂ ਨੀਵੇਂ ਥਾਂ ਹੋਣ ਵਾਲੀ ਗੁਣਵਾਨ ਮੁੰਜੀ ਬਿਹਤਰ ਹੈ। ਮੁੰਜੀ ਨੀਵੇਂ ਥਾਂ ਹੁੰਦੀ ਹੈ ਅਤੇ ਹਮੇਸ਼ਾ ਮੀਂਹ ਮੰਗਦੀ ਹੈ। ਜਿਵਾਹਾਂ ਉੱਚੀ ਅਤੇ ਕੱਲਰੀ ਥਾਂ ’ਤੇ ਉੱਗਦਾ ਹੈ ਅਤੇ ਮੀਂਹ ਪੈਣ ’ਤੇ ਸੜ ਜਾਂਦਾ ਹੈ। ਜਿਵਾਹਾਂ ਕੰਡਿਆਲ਼ਾ ਹੁੰਦਾ ਹੈ ਅਤੇ ਕਿਸੇ ਕੰਮ ਨਹੀਂ ਆਉਂਦਾ। ਮੁੰਜੀ ਕੰਡਿਆਲ਼ੀ ਨਹੀਂ ਹੁੰਦੀ ਅਤੇ ਖਾਣ ਦੇ ਕੰਮ ਆਉਂਦੀ ਹੈ।
ਜਿਵਾਹਾਂ ਬੇਸ਼ਕ ਉੱਚੀ ਥਾਂ ਖ਼ੁਦ ਉੱਗਦਾ ਹੈ, ਪਰ ਉਸ ਵਿਚ ਕੋਈ ਗੁਣ ਨਹੀਂ ਹੁੰਦਾ। ਇਸ ਕਾਰਣ ਉਸ ਨੂੰ ਕੋਈ ਨਹੀਂ ਪਾਲ਼ਦਾ। ਮੁੰਜੀ ਬੇਸ਼ਕ ਨੀਵੇਂ ਥਾਂ ਬੀਜੀ ਜਾਂਦੀ ਹੈ, ਪਰ ਉਹ ਆਪਣੇ ਗੁਣਾਂ ਕਾਰਣ ਪਾਲ਼ੀ ਤੇ ਸੰਭਾਲ਼ੀ ਜਾਂਦੀ ਹੈ ਅਤੇ ਉਸ ਦਾ ਮੁੱਲ ਪੈਂਦਾ ਹੈ। ਜਿਵਾਹਾਂ ਅਤੇ ਮੁੰਜੀ ਦੀ ਮਿਸਾਲ ਨਾਲ ਉੱਚ-ਭਾਵ (ਅਹੰਕਾਰ) ਅਤੇ ਨਿਮਰ-ਭਾਵ (ਸੇਵਾ ਭਾਵਨਾ) ਵਿਚਲਾ ਫਰਕ ਦਰਸਾਇਆ ਗਿਆ ਹੈ।
ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਦੇ ਦਿਲ ਵਿਚ ਗੁਰੂ-ਪੁੱਤਰ ਹੋਣ ਕਾਰਣ ਉੱਚੇ ਹੋਣ ਦਾ ਮਾਣ ਸੀ, ਜਿਸ ਕਾਰਣ ਉਹ ਗੁਰੂ-ਪਿਤਾ ਦਾ ਆਦੇਸ਼ ਪਾਲਣ ਅਰਥਾਤ ਅਮਲ ਵਿਚ ਪਛੜ ਗਏ। ਭਾਈ ਲਹਣਾ ਆਪਣੇ ਨਿਮਰ-ਭਾਵ ਕਾਰਣ ਆਦੇਸ਼ ਪਾਲਣ ਅਰਥਾਤ ਅਮਲ ਕਾਰਣ ਲਾਹਾ ਲੈ ਗਏ ਅਤੇ ਗੁਰਿਆਈ ਲਈ ਕਬੂਲ ਹੋ ਗਏ।
ਜਿਸ ਤਰ੍ਹਾਂ ਧਰਮਰਾਜ ਜੀਵਾਂ ਦੇ ਕਰਮ-ਬਿਓਰੇ ਦੇ ਆਧਾਰ ’ਤੇ ਨਿਆਂ ਵਾਲਾ ਫੈਸਲਾ ਕਰਦਾ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਅਤੇ ਭਾਈ ਲਹਣਾ ਜੀ ਦੀ ਕਰਨੀ ਦੇ ਆਧਾਰ ’ਤੇ ਗੁਰਿਆਈ ਦੇਣ ਦਾ ਨਿਆਂ ਭਰਪੂਰ ਫੈਸਲਾ ਕੀਤਾ। ਗੁਰੂ ਨਾਨਕ ਸਾਹਿਬ ਦੀ ਜਗਤ ਵਿਚ ਫੈਲੀ ਹੋਈ ਪ੍ਰਸਿੱਧੀ ਕਾਰਣ ਗੁਰੂ ਅੰਗਦ ਸਾਹਿਬ ਦੀ ਗੁਰਗੱਦੀ ਪ੍ਰਾਪਤੀ ਦੀ ਧੁੰਮ ਵੀ ਸਾਰੇ ਪਾਸੇ ਫੈਲ ਗਈ। ਇਹ ਗੁਰਿਆਈ ਸਦਾ ਥਿਰ ਹੈ ਕਿਉਂਕਿ ਇਹ ਕਰਤਾ ਪੁਰਖ ਨੇ ਆਪ ਕਾਇਮ ਕੀਤੀ ਹੈ।
ਗੁਰੂ ਅੰਗਦ ਸਾਹਿਬ ਨੂੰ ਦੇਖ ਕੇ ਇਵੇਂ ਲੱਗਦਾ ਹੈ, ਜਿਵੇਂ ਸੈਂਕੜੇ ਸਿਖ-ਸੰਗਤਾਂ ਵਾਲੇ ਗੁਰੂ ਨਾਨਕ ਸਾਹਿਬ ਹੀ ਦੇਹ ਬਦਲ ਕੇ ਗੁਰਿਆਈ ਦੇ ਤਖਤ ਉਤੇ ਆਪਣੇ ਉਸੇ ਖਸੂਸੀ ਅੰਦਾਜ਼ ਵਿਚ ਬਿਰਾਜਮਾਨ ਹੋ ਗਏ ਹੋਣ। ਸਾਰੀ ਸਿਖ-ਸੰਗਤ ਸਾਵਧਾਨ ਹੋ ਕੇ ਗੁਰੂ-ਦਰ ਦੀ ਸੇਵਾ ਕਰ ਰਹੀ ਹੈ। ਨਾਮ-ਬਾਣੀ ਦੀ ਬਰਕਤ ਨਾਲ ਉਨ੍ਹਾਂ ਦੀ ਸੇਵਾ ਵਿਚ ਤਤਪਰ ਸੰਗਤ ਦੀ ਆਤਮਾ ਇਸ ਤਰ੍ਹਾਂ ਨਿਰਮਲ ਹੋ ਰਹੀ ਹੈ, ਜਿਵੇਂ ਜੰਗਾਲ ਉਤੇ ਮਸਕਲ ਫਿਰ ਰਹੀ ਹੋਵੇ।
ਮਸਕਲ ਸ਼ਬਦ ਸੁਣਦਿਆਂ ਚਾਕੂ-ਛੁਰੀਆਂ ਤੇਜ ਕਰਨ ਵਾਲੇ ਸਿਕਲੀਗਰ ਦਾ ਚੇਤਾ ਆਉਂਦਾ ਹੈ। ਜੇਕਰ ਲੋਹੇ ਦਾ ਕੋਈ ਔਜ਼ਾਰ ਵਰਤੋਂ ਵਿਚ ਨਾ ਰਹੇ ਤਾਂ ਉਸ ਉਤੇ ਲੋਹੇ ਦੀ ਆਪਣੀ ਹੀ ਮੈਲ਼ ਦੀ ਪਰਤ ਚੜ੍ਹ ਜਾਂਦੀ ਹੈ ਤੇ ਉਹ ਕੰਮ ਦਾ ਨਹੀਂ ਰਹਿੰਦਾ। ਮੈਲ਼ ਦੀ ਉਸ ਪਰਤ ਨੂੰ ਜੰਗਾਲ ਕਿਹਾ ਜਾਂਦਾ ਹੈ। ਸਿਕਲੀਗਰ ਪੱਥਰ ਦੀ ਬਣੀ ਸਾਣ ’ਤੇ ਜਦੋਂ ਉਸ ਔਜ਼ਾਰ ਨੂੰ ਰਗੜਦੇ ਜਾਂ ਘਸਾਉਂਦੇ ਹਨ, ਤਾਂ ਮੈਲ ਦੀ ਪਰਤ ਅਰਥਾਤ ਜੰਗਾਲ ਉਤਰ ਜਾਂਦਾ ਹੈ ਤੇ ਔਜ਼ਾਰ ਫਿਰ ਵਰਤਣ ਜੋਗਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਅਸੀਂ ਆਪਣੀ ਸੋਚ ਦੀ ਵਰਤੋਂ ਛੱਡ ਦੇਈਏ ਤਾਂ ਸਾਡੇ ਮਨ ਮਸਤਕ ’ਤੇ ਹਉਮੈਂ ਦੀ ਮੈਲ਼ ਚੜ੍ਹ ਜਾਂਦੀ ਹੈ। ਜਦ ਅਸੀਂ ਗੁਰੂ ਕੋਲ ਜਾਂਦੇ ਹਾਂ ਤਾਂ ਉਸ ਦੇ ਗਿਆਨ ਨਾਲ ਸਾਡੇ ਮਨ ਮਸਤਕ ’ਤੇ ਚੜ੍ਹੀ ਅਗਿਆਨ ਤੇ ਹਉਮੈ ਦੀ ਮੈਲ ਉਤਰ ਜਾਂਦੀ ਹੈ ਅਤੇ ਸਾਡਾ ਅਸਲ ਮਾਨਸਕ ਤੇ ਬੌਧਿਕ ਸਰੂਪ ਚਮਕ ਉਠਦਾ ਹੈ।
ਆਮ ਤੌਰ ’ਤੇ ਲੋਕ ਆਪਣੇ ਉਸਤਾਦ ਅਤੇ ਗੁਰੂ ਨੂੰ ਅਪਣਤ ਵਿਚ ਮਾਲਕ ਵੀ ਕਹਿ ਲੈਂਦੇ ਹਨ ਤੇ ਖਸਮ ਵੀ। ਦਰ ’ਤੇ ਆਏ ਲੋੜਵੰਦ ਨੂੰ ਦਰਵੇਸ਼ ਕਿਹਾ ਜਾਂਦਾ ਹੈ। ਇਥੇ ਫਿਰ ਭਾਈ ਸਤਾ ਤੇ ਬਲਵੰਡ ਨੇ ਦ੍ਰਿਸ਼ ਚਿਤਰਿਆ ਹੈ ਕਿ ਖਸਮ ਭਾਵ ਗੁਰੂ ਅੰਗਦ ਸਾਹਿਬ ਦੇ ਦਰ ’ਤੇ ਆਏ ਹੋਏ ਦਰਵੇਸ਼ਾਂ (ਅਭਿਲਾਸ਼ੀਆਂ) ਦੇ ਚਿਹਰੇ ’ਤੇ ਸੱਚਾ
ਨਾਮ ਅਤੇ ਬਾਣੀ, ਲਾਲੀ ਬਣ ਕੇ ਪ੍ਰਗਟ ਹੋ ਰਹੇ ਹਨ। ਗਿਆਨ ਨੂੰ ਪ੍ਰਕਾਸ਼ ਦੀ ਤਸ਼ਬੀਹ ਦਿੱਤੀ ਜਾਂਦੀ ਹੈ ਤੇ ਜਦ ਸਾਡੇ ਮਸਤਕ ਪ੍ਰਕਾਸ਼ਵਾਨ ਹੁੰਦੇ ਹਨ ਤਾਂ ਚਿਹਰੇ ਉਤੇ ਉਸ ਦਾ ਪ੍ਰਤਾਪ ਝਲਕਾਂ ਮਾਰਦਾ ਹੈ।
ਇਸ ਪਉੜੀ ਵਿਚ ਨੇਕੀ ਦੇ ਪੁੰਜ ਗੁਰੂ ਅੰਗਦ ਸਾਹਿਬ ਦੇ ਮਹਿਲ ਮਾਤਾ ਖੀਵੀ ਜੀ ਨੂੰ ਸੰਘਣੇ ਪੱਤਿਆਂ ਵਾਲੇ ਰੁੱਖ ਵਜੋਂ ਪੇਸ਼ ਕੀਤਾ ਗਿਆ ਹੈ। ਜਿਵੇਂ ਤਪਦੀ ਦੁਪਹਿਰ ਸਮੇਂ ਸੰਘਣੇ ਪੱਤਿਆਂ ਵਾਲੇ ਹਰੇ-ਭਰੇ ਰੁੱਖ ਹੇਠ ਬੈਠਦਿਆਂ ਸੁਖ, ਸ਼ਾਂਤੀ ਅਤੇ ਠੰਢਕ ਮਹਿਸੂਸ ਹੁੰਦੀ ਹੈ, ਤਿਵੇਂ ਜਦੋਂ ਮਾਤਾ ਖੀਵੀ ਜੀ ਸੰਗਤ ਵਿਚ ਲੰਗਰ ਦੀ ਦੌਲਤ ਵਰਤਾਉਂਦੇ ਹਨ ਤਾਂ ਮਨ ਵਿਚ ਟਿਕਾਉ ਆਉਂਦਾ ਹੈ ਤੇ ਸੁਖ ਸ਼ਾਂਤੀ ਮਹਿਸੂਸ ਹੁੰਦੀ ਹੈ। ਇਥੇ ਲੰਗਰ ਨਾਲ ਦੌਲਤ ਸ਼ਬਦ ਦੀ ਵਰਤੋਂ ਹੋਈ ਹੈ। ਇਹ ਸ਼ਬਦ ਜਿਥੇ ਮੁੱਖ ਰੂਪ ਵਿਚ ਗੁਰੂ-ਘਰ ਵੱਲੋਂ ਲੋੜਵੰਦਾਂ ਕੀਤੀ ਜਾਂਦੀ ਆਰਥਕ ਸਹਾਇਤਾ ਦਾ ਸੂਚਕ ਹੈ, ਉਥੇ ਪੌਸ਼ਟਿਕ ਖੁਰਾਕੀ ਤੱਤਾਂ ਵਾਲੇ ਲੰਗਰ ਦੀ ਦਸ ਵੀ ਪਾਉਂਦਾ ਹੈ, ਜਿਸ ਵਿਚ ਰਸਦਾਇਕ ਖੀਰ ਵੀ ਸ਼ਾਮਲ ਹੈ, ਜਿਸ ਵਿਚ ਘਿਉ ਵੀ ਪਾਇਆ ਗਿਆ ਹੈ। ਗੁਰੂ ਦੇ ਨੇਮ, ਬਾਣੀ ਅਤੇ ਸਿਖਿਆ ਦੇ ਸੰਗ ਮਾਤਾ ਖੀਵੀ ਦੀ ਨੇਕੀ ਅਤੇ ਸੇਵਾ ਭਾਵ ਦੇ ਸੰਕੇਤਕ ਲੰਗਰ ਦੀ ਦੌਲਤ ਨੇ ਸਭ ਦੇ ਹਿਰਦੇ ਪਵਿੱਤਰ ਕਰ ਦਿੱਤੇ ਹਨ, ਜਿਸ ਦਾ ਪ੍ਰਤੌ ਉਨ੍ਹਾਂ ਦੇ ਚਿਹਰਿਆਂ ’ਤੇ ਉਜਲੇ ਰੂਪ ਵਿਚ ਪ੍ਰਗਟ ਹੋ ਰਿਹਾ ਹੈ। ਪਰ ਜਿਹੜੇ ਮਨਮੁਖ ਹਨ, ਉਨ੍ਹਾਂ ਦੇ ਚਿਹਰੇ ਝੋਨੇ ਦੀ ਪਰਾਲ਼ੀ ਦੀ ਤਰ੍ਹਾਂ ਪੀਲੇ ਹੋਏ ਪਏ ਹਨ।
ਮਨਮੁਖ ਉਹ ਹੈ, ਜਿਸ ਦਾ ਮੁਖ ਗੁਰਮਤਿ ਦੀ ਬਜਾਏ ਆਪਣੇ ਮਨ ਵੱਲ ਹੈ। ਮਨੁਖ ਦਾ ਮੁਢ ਪਾਸ਼ਵਿਕ ਹੈ ਤੇ ਇਸੇ ਕਾਰਣ ਉਸ ਦਾ ਮਨ ਹਮੇਸ਼ਾ ਪਾਸ਼ਵਿਕ ਰੁਚੀਆਂ ਵੱਲ ਝੁਕਿਆ ਰਹਿੰਦਾ ਹੈ। ਮਤ ਮਨੁਖ ਨੂੰ ਪਾਸ਼ਵਿਕਤਾ ਤੋਂ ਸੱਚ ਵੱਲ ਲੈ ਜਾਂਦੀ ਹੈ, ਜਿਸ ਵਿਚ ਮਨ ਵਡੀ ਰੁਕਾਵਟ ਬਣਦਾ ਹੈ। ਮਨ ਨੂੰ ਪਾਸ਼ਵਿਕਤਾ ਵਾਲੇ ਪਾਸਿਓਂ ਮੋੜ ਕੇ ਸੱਚ ਵਾਲੇ ਪਾਸੇ ਲਾਉਣਾ ਵਡੀ ਬਹਾਦਰੀ ਦਾ ਕਾਰਜ ਹੈ। ਮੁਗ਼ਾਲਤੇ ਵੱਸ ਸਾਡੇ ਮੁਹਾਵਰੇ ਵਿਚ ਬਹਾਦਰੀ ਦੇ ਕਾਰਨਾਮੇ ਪੁਰਸ਼ਾਂ ਨਾਲ ਜੋੜੇ ਜਾਂਦੇ ਹਨ। ਪਰ ਅਰਬੀ ਵਿਚ ਮਰਦ ਸ਼ਬਦ ਦਾ ਮੁਢਲਾ ਅਰਥ ਮਰਿਆ ਹੋਇਆ ਸ਼ਖਸ ਹੈ, ਜਿਸ ਨੇ ਆਪਣੇ ਮਨ ਉਤੇ ਮੁਕੰਮਲ ਕਾਬੂ ਪਾ ਕੇ ਨਿਰੋਲ ਸੱਚ ਨਾਲ ਨਾਤਾ ਜੋੜ ਲਿਆ ਹੈ। ਇਸ ਕਰਕੇ ਕਿਹਾ ਗਿਆ ਕਿ ਗੁਰੂ ਅੰਗਦ ਸਾਹਿਬ ਦੀ ਸਿਰ ਧੜ ਦੀ ਬਾਜ਼ੀ ਜਿਹੀ ਕਠਨ ਕਰਨੀ ਦੀ ਬਦੌਲਤ ਉਹ ਆਪਣੇ ਮਾਲਕ ਗੁਰੂ ਨਾਨਕ ਸਾਹਿਬ ਦੀ ਨਜ਼ਰ ਵਿਚ ਕਬੂਲ ਹੋ ਗਏ।
ਪਉੜੀ ਦੇ ਅਖੀਰ ਵਿਚ ਭਾਈ ਸਤਾ ਅਤੇ ਬਲਵੰਡ ਗੁਰੂ ਅੰਗਦ ਸਾਹਿਬ ਦੀ ਕਰਨੀ ਦੀ ਕਠਨਾਈ ਨੂੰ ‘ਗੋਇ ਉਠਾਲ਼ਣ’ (ਧਰਤੀ ਚੁੱਕਣ) ਭਾਵ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੇ ਉਧਾਰ ਦੀ ਜਿੰਮੇਵਾਰੀ ਚੁੱਕਣਾ ਅਨੁਮਾਨਦੇ ਹਨ ਤੇ ਪਾਤਸ਼ਾਹ ਨੂੰ ਮਾਤਾ ਖੀਵੀ ਦੇ ਪਤੀ ਵਜੋਂ ਯਾਦ ਕਰਕੇ ਸੰਕੇਤ ਕਰਦੇ ਹਨ ਕਿ ਉਨ੍ਹਾਂ ਦੇ ਕਠਨ ਕਾਰਜ ਵਿਚ ਮਾਤਾ ਖੀਵੀ ਦਾ ਯੋਗਦਾਨ ਵੀ ਉਸੇ ਪਧਰ ਦਾ ਹੈ।