ਸਮਾਜਕ ਪਰੰਪਰਾ ਅਨੁਸਾਰ ਵਡਾ ਪੁੱਤਰ ਗੱਦੀ ਨਸ਼ੀਨ ਬਣਦਾ ਹੈ। ਗੁਰੂ ਨਾਨਕ ਸਾਹਿਬ ਨੇ ਗੁਰਿਆਈ ਲਈ ਸੁਤੇ ਸਿਧ ਪਰੀਖਿਆ ਲੈਣੀ ਅਰੰਭ ਕਰ ਦਿੱਤੀ। ਗੁਰੂ ਨਾਨਕ ਸਾਹਿਬ ਦੇ ਪੁੱਤਰ ਅਤੇ ਕਰੀਬ ਰਹਿਣ ਵਾਲੇ ਸੇਵਕ, ਉਨ੍ਹਾਂ ਦੇ ਬਚਨਾਂ ਦਾ ਮਰਮ ਨਾ ਜਾਣ ਸਕੇ। ਸਿਰਫ ਭਾਈ ਲਹਣਾ ਹੀ ਅਜਿਹੇ ਨਿੱਤਰੇ, ਜਿਨ੍ਹਾਂ ਨੇ ਪਾਤਸ਼ਾਹ ਦਾ ਹਰ ਹੁਕਮ ਸਵੀਕਾਰ ਕੀਤਾ, ਜਿਸ ਕਾਰਣ ਉਨ੍ਹਾਂ ਨੂੰ ਗੁਰੂ ਥਾਪ ਦਿੱਤਾ ਗਿਆ। ਗੁਰਿਆਈ ਬਾਬਤ ਹਰ ਕੋਈ ਕਿਆਸ ਅਰਾਈਆਂ ਲਗਾ ਰਿਹਾ ਸੀ, ਇਸੇ ਲਈ ਭਰਮ-ਭੁਲੇਖੇ ਦੂਰ ਕਰਨ ਹਿਤ, ਸਭ ਪਾਸੇ ਦਸ ਦਿੱਤਾ ਗਿਆ ਕਿ ਭਾਈ ਲਹਣਾ ਹੀ ਹੁਣ ਗੁਰੂ ਹਨ। ਗੁਰੂ ਨਾਨਕ ਸਾਹਿਬ ਆਪਣੀ ਕਰਨੀ ਕਰਕੇ ਜਗਤ ਪ੍ਰਸਿੱਧ ਹੋ ਚੁੱਕੇ ਸਨ। ਇਸ ਲਈ ਗੁਰੂ-ਜੋਤਿ ਦੇ ਵਾਰਸ ਬਣਨ ਉਪਰੰਤ ਭਾਈ ਲਹਣਾ ਜੀ ਦੀ ਪ੍ਰਸਿੱਧੀ ਵੀ ਚਾਰੇ ਪਾਸੇ ਫੈਲ ਗਈ।
ਇਸ
ਪਉੜੀ ਵਿਚ ਆਏ ‘ਜੋਤਿ’ ਅਤੇ ‘ਜੁਗਤਿ’ ਸ਼ਬਦਾਂ ਦੇ ਧੁਨੀ ਸੰਜੋਗ ਵਿਚ ਇਲਮ ਅਤੇ ਅਮਲ ਜਿਹੀ ਇਕਸੁਰਤਾ ਦਾ ਸੰਕੇਤ ਹੈ। ‘ਜੋਤ’ ਗੁਰੂ ਦੀ ਸਿਖਿਆ ਦਾ ਪ੍ਰਕਾਸ਼ ਹੈ ਤੇ ‘ਜੁਗਤ’ ਉਸ ਸਿਖਿਆ ਦਾ ਅਮਲ ਹੈ। ਗੁਰੂ ਨਾਨਕ ਤੇ ਗੁਰੂ ਅੰਗਦ ਦੀ ਜੋਤ ਅਤੇ ਜੁਗਤ ਵਿਚ ਇੰਨੀ ਸਮਾਨਤਾ ਹੈ ਕਿ ਪ੍ਰਤੀਤ ਹੁੰਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਹੀ ਦੇਹ ਬਦਲ ਕੇ ਗੁਰੂ ਅੰਗਦ ਸਾਹਿਬ ਹੋ ਗਏ ਹੋਣ।
ਇਸ ਪਉੜੀ ਵਿਚ ਭਾਈ ਸਤਾ ਤੇ ਬਲਵੰਡ ਗੁਰੂ ਨਾਨਕ ਸਾਹਿਬ ਦੇ ਸੱਚੇ-ਸੌਦੇ ਜਿਹੀ ਗੁਰਿਆਈ ਦੀ ਹੱਟ ’ਤੇ ਬਿਰਾਜਮਾਨ ਗੁਰੂ ਅੰਗਦ ਸਾਹਿਬ ਦੀ ਸਖਸ਼ੀਅਤ ਨੂੰ ਚਿਤਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਵਾਲੇ ਬੇਦਾਗ਼ ਆਭਾ ਮੰਡਲ ਦਾ ਛਤਰ ਝੁਲਦਾ ਹੈ। ਉਹ ਕਰਦੇ ਵੀ ਉਹੀ ਕੁਝ ਨੇ ਜੋ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਦੇਸ਼ ਕੀਤਾ ਹੈ ਤੇ ਗੁਰੂ ਨਾਨਕ ਸਾਹਿਬ ਦਾ ਆਦੇਸ਼ ਇੰਨਾ ਬਿਖਮ ਕਾਰਜ ਹੈ, ਜਿਵੇਂ ਅਲੂਣੀ ਸਿਲਾ ਭਾਵ ਵਾਢੀ ਤੋਂ ਬਾਅਦ ਖੇਤ ਵਿਚ ਛੁਟੀ ਜਾਂ ਛਡੀ ਕਣਕ ਦੀ ਰਹਿੰਦ-ਖੂੰਹਦ ਚੱਟਣ ਜਿਹਾ ਜੋਗ ਅਭਿਆਸ ਹੋਵੇ। ਮਨ ਭਾਉਂਦੇ ਕਾਰਜ ਕਰਦਿਆਂ ਅਸੀਂ ਅਨੰਦ ਮਹਿਸੂਸ ਕਰਦੇ ਹਾਂ, ਪਰ ਕਿਸੇ ਦੇ ਕਹਿਣ ’ਤੇ ਕੋਈ ਕਾਰਜ ਕਰਦਿਆਂ ਜੀਅ ਉਚਾਟ ਹੋਣ ਲੱਗਦਾ ਹੈ। ਅਜਿਹੇ ਕਾਰਜ ਅਤੇ ਅਹਿਸਾਸ ਨੂੰ ਵੀ ਅਲੂਣੀ ਸਿਲਾ ਚੱਟਣ ਦੇ ਬਰਾਬਰ ਮੰਨਿਆ ਗਿਆ ਹੈ। ਇਥੇ ਇਸ ਦਾ ਭਾਵ ਇਹ ਵੀ ਨਹੀਂ ਕਿ ਗੁਰੂ ਅੰਗਦ ਸਾਹਿਬ ਨੂੰ ਉਕਤ ਕਾਰਜ ਵਿਚ ਅਨੰਦ ਮਹਿਸੂਸ ਨਹੀਂ ਹੋ ਰਿਹਾ। ਬਲਕਿ ਇਥੇ ਇਸ ਮੁਹਾਵਰੇ ਵਿਚ ਗੁਰੂ ਦਾ ਆਦੇਸ਼ ਪਾਲਣ ਦੀ ਕਠਨਤਾ ਵੱਲ ਸੰਕੇਤ ਕੀਤਾ ਗਿਆ ਹੈ।
ਇਸ ਪਉੜੀ ਵਿਚ ਗੁਰੂ ਅੰਗਦ ਸਾਹਿਬ ਵੱਲੋਂ ਸੰਗਤ ਨੂੰ ਦਿੱਤੇ ਜਾ ਰਹੇ ਉਪਦੇਸ਼ ਵਿਚਲੇ ਗਿਆਨ ਨੂੰ ਲੰਗਰ ਨਾਲ ਤਸ਼ਬੀਹ ਦਿੱਤੀ ਗਈ ਹੈ, ਜਿਸ ਦਾ ਭਾਵ ਇਹ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਲੰਗਰ ਦੇਹ ਦੀ ਭੁੱਖ ਤ੍ਰਿਪਤ ਕਰਦਾ ਹੈ, ਤਿਵੇਂ ਗੁਰੂ ਸਾਹਿਬ ਦਾ ਉਪਦੇਸ਼ ਰੂਹ ਨੂੰ ਤ੍ਰਿਪਤ ਕਰਦਾ ਹੈ। ਉਪਦੇਸ਼ ਅਕਸਰ ਉਚਾਟ ਕਰਦੇ ਹਨ, ਕਿਉਂਕਿ ਉਪਦੇਸ਼ਾਂ ਵਿਚ ਦੁਹਰਾਉ ਹੁੰਦਾ ਹੈ। ਪਰ ਗੁਰੂ ਦੇ ਉਪਦੇਸ਼ ਦੀ ਤਾਜ਼ਗੀ ਕਾਰਣ ਕਿਸੇ ਦਾ ਮਨ ਉਚਾਟ ਨਹੀਂ ਹੁੰਦਾ।
ਇਥੇ ਜਿਸ ਲੰਗਰ ਦਾ ਜ਼ਿਕਰ ਆਇਆ ਹੈ, ਗੁਰਮਤਿ ਅਭਿਆਸ ਦੀ ਉਹ ਵਿਰਾਸਤ ਗੁਰੂ ਸਾਹਿਬਾਨ ਦੇ ਸਾਂਝੇ ਮਾਲਕ ਪਾਰਬ੍ਰਹਮ ਦੀ ਦੇਣ ਹੈ। ਇਸ ਵਿਰਾਸਤ ਦੀ ਵਰਤੋਂ ਉਹ ਖ਼ੁਦ ਵੀ ਕਰਦੇ ਹਨ ਤੇ ਖ਼ੈਰ ਵਜੋਂ ਹੋਰਨਾ ਵਿਚ ਵੀ ਵੰਡਦੇ ਹਨ।
ਇਸ ਤੋਂ ਅੱਗੇ ਗੁਰੂ ਅੰਗਦ ਸਾਹਿਬ ਦੇ ਸਜੇ ਦਰਬਾਰ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਇਹ ਅਜਿਹਾ ਦਰਬਾਰ ਹੈ, ਜਿਥੇ ਪਾਤਸ਼ਾਹ ਦੇ ਮੁਖ ਤੋਂ ਪਾਰਬ੍ਰਹਮ ਦੀ ਹੋ ਰਹੀ ਸਿਫ਼ਤ-ਸ਼ਲਾਘਾ ਇਵੇਂ ਪ੍ਰਤੀਤ ਹੁੰਦੀ ਹੈ, ਜਿਵੇਂ ਅਸਮਾਨ ਵਿਚੋਂ ਸੂਰਜ ਅਤੇ ਚੰਦਰਮਾ ਦਾ ਪ੍ਰਕਾਸ਼ ਉਤਰਦਾ ਹੋਵੇ।
ਇਸ ਪਉੜੀ ਵਿਚ ਗੁਰੂ ਅੰਗਦ ਪਾਤਸ਼ਾਹ ਦੇ ਦਰਸ਼ਨਾਂ ਦੀ ਮਹਿਮਾ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਦਰਸ਼ਨ ਕਰਨ ਨਾਲ ਜਨਮਾਂ-ਜਨਮਾਂਤਰਾਂ ਦੇ ਅਗਿਆਨ ਦੀ ਮੈਲ਼ ਕੱਟੀ ਜਾਂਦੀ ਹੈ। ਫਿਰ ਇਹੋ-ਜਿਹੇ ਪਾਤਸ਼ਾਹ ਦੇ ਆਦੇਸ਼ ਤੋਂ ਪਾਸਾ ਨਹੀਂ ਵੱਟਿਆ ਜਾ ਸਕਦਾ। ਇਹ ਗੱਲ ਕਹਿੰਦੇ ਸਾਰ ਭਾਈ ਸਤੇ ਤੇ ਬਲਵੰਡ ਦਾ ਧਿਆਨ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰਾਂ ਵੱਲ ਜਾਂਦਾ ਹੈ, ਜਿਨ੍ਹਾਂ ਨੇ ਗੁਰੂ-ਪਿਤਾ ਦਾ ਆਦੇਸ਼ ਮੰਨਣ ਤੋਂ ਪਾਸਾ ਵੱਟਿਆ ਸੀ। ਇਥੇ ਭਾਈ ਸਤਾ ਤੇ ਬਲਵੰਡ ਦਸਦੇ ਹਨ ਕਿ ਦਿਲ ਵਿਚ ਖੋਟ ਰਖਣ ਵਾਲੇ ਵਿਅਕਤੀ ਅਜਿਹੇ ਲੋਕਾਂ ਵਰਗੇ ਹੁੰਦੇ ਹਨ, ਜਿਹੜੇ ਅਨਾਜ ਦੀ ਬਜਾਏ ਛੱਟਣ, ਭਾਵ ਕੂੜੇ-ਕਰਕਟ ਦੀ ਭਾਰੀ ਪੰਡ ਸਿਰ ’ਤੇ ਚੁੱਕੀ ਫਿਰਦੇ ਹਨ।
ਪਉੜੀ ਦੇ ਅਖੀਰ ਵਿਚ ਭਾਈ ਸਤੇ ਤੇ ਬਲਵੰਡ ਨੇ ਅਸਲ ਸੱਚ ਤੋਂ ਪਰਦਾ ਚੁੱਕਿਆ ਹੈ ਕਿ ਅਸਲ ਵਿਚ ਜਿਸ ਭਾਈ ਲਹਣਾ ਜੀ ਨੇ ਗੁਰੂ ਦੀ ਕਾਰ ਕਰਨ ਦੀ ਮੂੰਹੋਂ ਬੋਲ ਕੇ ਪ੍ਰਤਿਗਿਆ ਕੀਤੀ, ਉਸੇ ਨੇ ਹੀ ਹੁਕਮ ਦੀ ਕਾਰ ਕਮਾਈ ਅਤੇ ਹੁਕਮ ਮੰਨਣ ਦੀ ਇਹ ਕਾਰ ਅਜਿਹੀ ਕਮਾਈ ਕਿ ਗੁਰੂ ਦੀ ਕਾਰ ਕਰਨ ਦੀ ਰਵਾਇਤ ਕਾਇਮ ਕਰ ਦਿੱਤੀ। ਗੁਰੂ ਦੇ ਇਸੇ ਹੁਕਮ ਦੀ ਕਾਰ ਨਾ ਕਰਨ ਵਾਲਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ ਤੇ ਹੁਕਮ ਦੀ ਕਾਰ ਕਰਨ ਵਾਲਾ ਹੀ ਜੀਵਨ ਦੀ ਬਾਜੀ ਜਿੱਤਦਾ ਹੈ।