Guru Granth Sahib Logo
  
ਇਸ ਸ਼ਬਦ ਵਿਚ ਜੀਵ ਨੂੰ ਤਾਕੀਦ ਕੀਤੀ ਗਈ ਹੈ ਕਿ ਮਨੁਖਾ ਜਨਮ ਦਾ ਅਮੋਲਕ ਸਮਾਂ ਬੀਤਦਾ ਜਾ ਰਿਹਾ ਹੈ। ਇਹ ਸਰੀਰ ਗੜੇ ਵਾਂਗ ਛਿਣ-ਭੰਗਰ ਹੈ, ਇਸ ਦੇ ਬਿਨਸਦਿਆਂ ਦੇਰ ਨਹੀਂ ਲੱਗਣੀ। ਇਸ ਲਈ ਵੇਲਾ ਸੰਭਾਲ ਅਤੇ ਵਿਆਪਕ-ਪ੍ਰਭੂ ਨੂੰ ਚੇਤੇ ਕਰ। ਅੰਤ ਵੇਲੇ ਕੇਵਲ ਪ੍ਰਭੂ ਦਾ ਨਾਮ ਹੀ ਨਾਲ ਨਿਭਦਾ ਹੈ।
ਜੈਜਾਵੰਤੀ   ਮਹਲਾ

ਰਾਮੁ ਭਜੁ  ਰਾਮੁ ਭਜੁ   ਜਨਮੁ ਸਿਰਾਤੁ ਹੈ
ਕਹਉ ਕਹਾ ਬਾਰ ਬਾਰ   ਸਮਝਤ ਨਹ ਕਿਉ ਗਵਾਰ
ਬਿਨਸਤ ਨਹ ਲਗੈ ਬਾਰ   ਓਰੇ ਸਮ ਗਾਤੁ ਹੈ ॥੧॥ ਰਹਾਉ
ਸਗਲ ਭਰਮ ਡਾਰਿ ਦੇਹਿ   ਗੋਬਿੰਦ ਕੋ ਨਾਮੁ ਲੇਹਿ
ਅੰਤਿ ਬਾਰ ਸੰਗਿ ਤੇਰੈ   ਇਹੈ ਏਕੁ ਜਾਤੁ ਹੈ ॥੧॥
ਬਿਖਿਆ ਬਿਖੁ ਜਿਉ ਬਿਸਾਰਿ   ਪ੍ਰਭ ਕੌ ਜਸੁ ਹੀਏ ਧਾਰਿ
ਨਾਨਕ ਜਨ ਕਹਿ ਪੁਕਾਰਿ   ਅਉਸਰੁ ਬਿਹਾਤੁ ਹੈ ॥੨॥੨॥
-ਗੁਰੂ ਗ੍ਰੰਥ ਸਾਹਿਬ ੧੩੫੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਅਵੇਸਲੇ ਮਨੁਖ ਨੂੰ ਸੁਚੇਤ ਕਰਦੇ ਹੋਏ ਆਦੇਸ਼ ਕਰਦੇ ਹਨ ਕਿ ਉਹ ਪ੍ਰਭੂ ਦੇ ਨਾਮ ਦਾ ਸਿਮਰਨ ਕਰੇ। ਪਾਤਸ਼ਾਹ ਫਿਰ ਦੁਹਰਾ ਕੇ ਆਖਦੇ ਹਨ ਕਿ ਉਸ ਦਾ ਜੀਵਨ ਵਿਅਰਥ ਬੀਤ ਰਿਹਾ ਹੈ। ਇਸ ਕਰਕੇ ਮਨੁਖ ਹਾਲੇ ਵੀ ਸੰਭਲ ਜਾਵੇ ਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੇ। ਫਿਰ ਪਾਤਸ਼ਾਹ ਹਲਕੀ ਜਿਹੀ ਝਿੜਕ ਮਾਰ ਕੇ ਆਖਦੇ ਹਨ ਕਿ ਇਹ ਮੂਰਖ ਮਨੁਖ ਸਮਝਦਾ ਕਿਉਂ ਨਹੀਂ ਤੇ ਇਸ ਨੂੰ ਵਾਰ-ਵਾਰ ਕਹਿਣ ਦੀ ਕਿਉਂ ਲੋੜ ਪੈਂਦੀ ਹੈ? ਮਨੁਖ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਦੇਹੀ ਮੀਂਹ ਵਿਚ ਵਰ੍ਹੇ ਬਰਫ਼ ਦੇ ਗੋਲੇ (ਗੜ੍ਹੇ) ਜਿਹੀ ਹੈ, ਜਿਸ ਨੂੰ ਖੁਰਨ ਲੱਗਿਆਂ ਸਮਾਂ ਨਹੀਂ ਲੱਗਦਾ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਪਾਤਸ਼ਾਹ ਉਪਦੇਸ਼ ਕਰਦੇ ਹਨ ਕਿ ਮਨੁਖ ਨੂੰ ਸਾਰੇ ਵਹਿਮ ਛੱਡ ਦੇਣੇ ਚਾਹੀਦੇ ਹਨ ਤੇ ਸਿਰਫ ਪ੍ਰਭੂ ਦਾ ਨਾਮ-ਸਿਮਰਨ ਕਰਨਾ ਚਾਹੀਦਾ ਹੈ। ਕਿਉਂਕਿ ਅਖੀਰ ਬਿਪਤਾ ਦੇ ਸਮੇਂ ਨਾਮ-ਸਿਮਰਨ ਹੀ ਮਨੁਖ ਦੇ ਨਾਲ ਨਿਭਦਾ ਹੈ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਰਤਾ ਸਖਤੀ ਨਾਲ ਆਦੇਸ਼ ਕਰਦੇ ਹਨ ਕਿ ਵਿਸ਼ੇ-ਵਿਕਾਰਾਂ ਨੂੰ ਜ਼ਹਿਰ ਸਮਝ ਕੇ ਛੱਡ ਦੇਵੇ ਤੇ ਪ੍ਰਭੂ ਦੀ ਸਿਫਤਿ-ਸ਼ਲਾਘਾ ਨੂੰ ਹੀ ਦਿਲ ਵਿਚ ਵਸਾ ਲਵੇ। ਮਨੁਖਾ ਜਨਮ ਵਿਚਲਾ ਨਾਮ-ਸਿਮਰਨ ਵਾਲਾ ਅਵਸਰ ਬੀਤਦਾ ਜਾ ਰਿਹਾ ਹੈ।
Tags