ਇਸ ਸ਼ਬਦ ਵਿਚ ਜੀਵ ਨੂੰ ਸਮਝਾਇਆ ਗਿਆ ਹੈ ਮਾਇਕੀ ਪਦਾਰਥ ਅਤੇ ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਸੁਖ ਛਿਣ-ਭੰਗਰ ਹਨ। ਇਸ ਲਈ ਇਨ੍ਹਾਂ ਦਾ ਮੋਹ ਤੇ ਮਾਣ ਛਡ ਦੇ। ਇਨ੍ਹਾਂ ਨੂੰ ਦੇਣ ਵਾਲੇ ਦਾਤੇ ਨੂੰ ਯਾਦ ਕਰ। ਉਸ ਦਾ ਸਿਮਰਨ ਹੀ ਤੇਰੇ ਕੰਮ ਆਉਣ ਵਾਲਾ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਜੈਜਾਵੰਤੀ ਮਹਲਾ ੯ ॥
ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥
ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥
ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥
-ਗੁਰੂ ਗ੍ਰੰਥ ਸਾਹਿਬ ੧੩੫੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਨੂੰ ਦੱਸਦੇ ਹਨ ਕਿ ਉਸ ਨੂੰ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਪਾਤਸ਼ਾਹ ਦੁਹਰਾ ਕੇ ਫਿਰ ਸਿਮਰਨ ਕਰਨ ਲਈ ਆਖਦੇ ਹਨ ਤੇ ਦੱਸਦੇ ਹਨ ਕਿ ਇਹੀ ਕਾਰਜ ਉਸ ਦੇ ਕੰਮ ਆਉਣ ਵਾਲਾ ਹੈ। ਫਿਰ ਉਪਦੇਸ਼ ਕਰਦੇ ਹਨ ਕਿ ਉਸ ਨੂੰ ਪਦਾਰਥ ਦੀ ਖਿੱਚ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ ਤੇ ਪ੍ਰਭੂ ਦੀ ਸ਼ਰਣ ਵਿਚ ਚਲੇ ਜਾਣਾ ਚਾਹੀਦਾ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਇਸ ਸੰਸਾਰ ਦੇ ਹਰ ਤਰ੍ਹਾਂ ਦੇ ਸੁਖ-ਸਹੂਲਤਾਂ ਨੂੰ ਸਿਰਫ ਇਕ ਮਿਥਿਆ ਮੰਨੇ, ਕਿਉਂਕਿ ਸੰਸਾਰ ਦਾ ਸਾਰਾ ਸਾਜ਼ਬਾਜ਼ ਜਾਂ ਪਸਾਰਾ ਨਿਰਾ ਝੂਠ ਹੀ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਮਨੁਖ ਨੂੰ ਫਿਰ ਨਸੀਹਤ ਦਿੰਦੇ ਹੋਏ ਕਹਿੰਦੇ ਹਨ ਕਿ ਉਹ ਇਸ ਧਨ-ਦੌਲਤ ਨੂੰ ਸੁਪਨੇ ਦੀ ਤਰ੍ਹਾਂ ਮੰਨੇ ਤੇ ਸੋਚੇ ਕਿ ਉਹ ਮਾਣ ਕਿਸ ਉੱਤੇ ਕਰ ਰਿਹਾ ਹੈ? ਫਿਰ ਦੱਸਦੇ ਹਨ ਕਿ ਮਨੁਖ ਇਸ ਧਨ-ਦੌਲਤ ਨਾਲ ਬੇਸ਼ੱਕ ਸਾਰੀ ਧਰਤੀ ’ਤੇ ਵੀ ਆਪਣਾ ਰਾਜ ਸਥਾਪਤ ਕਰ ਲਵੇ ਤਾਂ ਵੀ ਇਹ ਸਭ ਰੇਤ ਦੀ ਕੰਧ ਵਾਂਗ ਹੈ, ਜੋ ਕਦੇ ਟਿਕ ਹੀ ਨਹੀਂ ਸਕਦੀ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦਾਸ ਭਾਵਨਾ ਤਹਿਤ ਆਖਦੇ ਹਨ ਕਿ ਮਨੁਖ ਦੀ ਦੇਹੀ ਨੇ ਖਤਮ ਹੋ ਜਾਣਾ ਹੈ। ਜਿਸ ਤਰ੍ਹਾਂ ਪਲ-ਪਲ ਕਰਕੇ ਪਿਛਲਾ ਸਮਾਂ ਬੀਤ ਗਿਆ ਹੈ, ਇਸੇ ਤਰ੍ਹਾਂ ਅਜੋਕਾ ਸਮਾਂ ਵੀ ਬੀਤ ਜਾਣਾ ਹੈ। ਇਸ ਦਾ ਸਿੱਟਾ ਇਹ ਹੈ ਕਿ ਮਨੁਖ ਨੂੰ ਇਸ ਸਭ ਕਾਸੇ ਤੋਂ ਸਬਕ ਸਿੱਖਣ ਦੀ ਲੋੜ ਹੈ।