ਇਸ ਸ਼ਬਦ ਵਿਚ ਦੱਸਿਆ ਹੈ ਕਿ ਵਿਕਾਰਾਂ ਵਿਚ ਭਟਕਦਾ ਹੋਇਆ ਮਨੁਖੀ ਮਨ ਪ੍ਰਭੂ-ਸ਼ਰਣ ਵਿਚ ਹੀ ਅਡੋਲ ਹੋ ਸਕਦਾ ਹੈ। ਧਾਰਮਕ ਗ੍ਰੰਥਾਂ ਨੂੰ ਪੜ੍ਹਨ ਦਾ ਤਾਂ ਹੀ ਲਾਭ ਹੈ ਜੇਕਰ ਮਨੁਖ ਪ੍ਰਭੂ-ਸਿਮਰਨ ਵਿਚ ਜੁੜੇ। ਪ੍ਰਭੂ-ਸਿਮਰਨ ਵਿਚ ਲਗ ਕੇ ਹੀ ਮਨੁਖ ਦੁਖ-ਸੁਖ ਵਿਚ ਅਡੋਲ ਰਹਿ ਸਕਦਾ ਹੈ। ਅਜਿਹਾ ਮਨੁਖ ਹੀ ਗਿਆਨੀ ਤੇ ਮੁਕਤ ਹੈ।
ਗਉੜੀ ਮਹਲਾ ੯ ॥
ਸਾਧੋ ਰਾਮ ਸਰਨਿ ਬਿਸਰਾਮਾ ॥
ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ॥
ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥
ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥
ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥
-ਗੁਰੂ ਗ੍ਰੰਥ ਸਾਹਿਬ ੨੨੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਸਾਧਨਾ ਕਰਨ ਵਾਲੇ ਭਲੇ ਪੁਰਖਾਂ ਨਾਲ ਵਿਚਾਰ ਸਾਂਝਾ ਕਰਦੇ ਹਨ ਕਿ ਪ੍ਰਭ ਦੀ ਸ਼ਰਣ ਵਿਚ ਹੀ ਮਨ ਦੀ ਭਟਕਣਾਂ ਤੋਂ ਅਰਾਮ ਮਿਲਦਾ ਹੈ। ਵੇਦ, ਪੁਰਾਣ ਆਦਿ ਧਾਰਮਕ ਪੁਸਤਕਾਂ ਦੇ ਪਾਠ ਕਰਨ ਦਾ ਤਾਂ ਹੀ ਲਾਭ ਹੈ ਜੇ ਮਨੁਖ ਹਮੇਸ਼ਾ ਹਰੀ-ਪ੍ਰਭੂ ਦਾ ਨਾਮ-ਸਿਮਰਨ ਕਰਦਾ ਰਹੇ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਜਿਸ ਮਨੁਖ ਨੂੰ ਲੋਭ, ਮੋਹ, ਪਦਾਰਥ ਦੀ ਚਮਕ-ਦਮਕ ਅਤੇ ਵਿਸ਼ੇ-ਵਿਕਾਰਾਂ ਦੀ ਪ੍ਰਵਿਰਤੀ ਖੁਸ਼ੀ ਜਾਂ ਗਮੀ ਵਿਚ ਵੀ ਛੂਹ ਤਕ ਨਾ ਸਕੇ, ਉਹ ਅਸਲ ਵਿਚ ਪ੍ਰਕਾਸ਼-ਰੂਪ ਪ੍ਰਭੂ ਦਾ ਹੀ ਰੂਪ ਹੈ।
ਫਿਰ ਪਾਤਸ਼ਾਹ ਅਜਿਹੇ ਮਨੁਖ ਦੀਆਂ ਹੋਰ ਸਿਫਤਾਂ ਦੱਸਦੇ ਹਨ ਕਿ ਜਿਸ ਤਰ੍ਹਾਂ ਉਸ ਦੇ ਲਈ ਸਵਰਗ ਅਤੇ ਨਰਕ, ਜ਼ਹਿਰ ਅਤੇ ਅੰਮ੍ਰਿਤ ਆਦਿ ਸਭ ਇਕੋ ਜਿਹੇ ਹੁੰਦੇ ਹਨ, ਐਨ ਉਸੇ ਤਰ੍ਹਾਂ ਉਸ ਲਈ ਪੈਸਾ-ਧੇਲਾ ਅਤੇ ਸੋਨਾ-ਚਾਂਦੀ ਆਦਿ ਵੀ ਸਭ ਇਕੋ ਜਿਹੇ ਹੀ ਹੁੰਦੇ ਹਨ ਅਤੇ ਉਹ ਇਨ੍ਹਾਂ ਤੋਂ ਬੇਪਰਵਾਹ ਰਹਿੰਦਾ ਹੈ। ਇਸ ਦੇ ਇਲਾਵਾ ਉਹ ਉਸਤਤਿ-ਨਿੰਦਿਆ ਅਤੇ ਲੋਭ, ਮੋਹ ਆਦਿ ਕਮਜ਼ੋਰੀਆਂ ਨੂੰ ਵੀ ਇਕ ਸਮਾਨ ਸਮਝਦਾ ਹੈ। ਇਨ੍ਹਾਂ ਸਭ ਵਿਕਾਰਾਂ ਕਾਰਣ ਉਹ ਡੋਲਦਾ ਨਹੀਂ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਸ ਮਨੁਖ ਦੇ ਜੀਵਨ ਆਦਰਸ਼ ਵਿਚ ਦੁਖ-ਸੁਖ ਆਦਿ ਕੋਈ ਰੁਕਾਵਟ ਨਹੀਂ ਬਣਦੇ, ਉਸ ਨੂੰ ਹੀ ਅਸਲ ਗਿਆਨਵਾਨ ਸਮਝਣਾ ਚਾਹੀਦਾ ਹੈ। ਜਿਹੜਾ ਵੀ ਮਨੁਖ ਇਸ ਤਰ੍ਹਾਂ ਦਾ ਹੋਵੇ, ਅਸਲ ਵਿਚ ਉਸ ਨੂੰ ਹੀ ਮੁਕਤ ਹੋਇਆ ਮੰਨਣਾ ਚਾਹੀਦਾ ਹੈ ਕਿਉਂਕਿ ਇਹੀ ਅਸਲ ਮੁਕਤੀ ਹੈ।