ਇਸ ਸ਼ਬਦ ਵਿਚ ਪ੍ਰਭੂ ਦੇ ਗੁਣਾਂ ਦਾ ਚਿੰਤਨ ਕਰਨ ਦਾ ਉਪਦੇਸ਼ ਹੈ। ਮਨੁਖਾ ਜਨਮ ਬੜਾ ਕੀਮਤੀ ਹੈ, ਪ੍ਰਭੂ ਨੂੰ ਭੁਲਾ ਕੇ ਇਸ ਨੂੰ ਅਜਾਈਂ ਕਿਉਂ ਗਵਾਉਣਾ ਹੈ? ਇਸ ਲਈ, ਮਾਇਆ-ਮੋਹ ਅਤੇ ਮਾਣ-ਹੰਕਾਰ ਨੂੰ ਛਡ ਕੇ, ਮਨ ਨੂੰ ਪ੍ਰਭੂ ਗੁਣਾਂ ਦੇ ਚਿੰਤਨ ਵਿਚ ਲਾਉਣਾ ਚਾਹੀਦਾ ਹੈ। ਇਹੀ ਜੀਵਨ-ਮੁਕਤੀ ਦਾ ਰਾਹ ਹੈ।
ਗਉੜੀ ਮਹਲਾ ੯ ॥
ਸਾਧੋ ਗੋਬਿੰਦ ਕੇ ਗੁਨ ਗਾਵਉ ॥
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ॥
ਪਤਿਤ ਪੁਨੀਤ ਦੀਨਬੰਧ ਹਰਿ ਸਰਨਿ ਤਾਹਿ ਤੁਮ ਆਵਉ ॥
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥
-ਗੁਰੂ ਗ੍ਰੰਥ ਸਾਹਿਬ ੨੧੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਸਾਧਨਾ ਕਰਨ ਵਾਲੇ ਸਾਧਕਾਂ ਨੂੰ ਬਚਨ ਕਰਦੇ ਹਨ ਕਿ ਉਹ ਪ੍ਰਭੂ ਦਾ ਗੁਣ-ਗਾਇਨ, ਭਾਵ ਨਾਮ-ਸਿਮਰਨ ਕਰਨ। ਜਦ ਮਨੁਖ ਨੂੰ ਅਨਮੋਲ ਜੀਵਨ ਪ੍ਰਾਪਤ ਹੋਇਆ ਹੀ ਹੈ ਤਾਂ ਇਸ ਅਵਸਰ ਨੂੰ ਵਿਅਰਥ ਕਿਉਂ ਗੁਵਾਉਣਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਫਿਰ ਉਪਦੇਸ਼ ਦਿੰਦੇ ਹਨ ਕਿ ਉਨ੍ਹਾਂ ਨੂੰ ਬੇਸਹਾਰਿਆਂ ਦਾ ਸਹਾਰਾ ਬਣਨ ਵਾਲੇ ਤੇ ਕੁਰਾਹੇ ਪਏ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਲੇ, ਸਮਰੱਥ ਪ੍ਰਭੂ ਦੀ ਸ਼ਰਣ ਵਿਚ ਆਉਣਾ ਚਾਹੀਦਾ ਹੈ। ਜਿਸ ਦੇ ਸਿਮਰਨ ਨਾਲ ਤੰਦੂਏ ਦੇ ਜਾਲ ਵਿਚ ਫਸਿਆ ਹੋਇਆ ਮਿਥਿਹਾਸਕ ਹਾਥੀ ਡਰ ਮੁਕਤ ਹੋ ਗਿਆ ਸੀ, ਉਸ ਨੂੰ ਉਹ ਕਿਉਂ ਭੁਲਾਈ ਬੈਠੇ ਹਨ?
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਨਸੀਹਤ ਦਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਮਨ ਦਾ ਅਹੰਕਾਰ ਅਤੇ ਪਦਾਰਥ ਦਾ ਲੋਭ ਛੱਡ ਦੇਣਾ ਚਾਹੀਦਾ ਹੈ ਅਤੇ ਪ੍ਰਭੂ ਦੀ ਭਜਨ ਬੰਦਗੀ ਵਿਚ ਮਨ ਲਾਉਣਾ ਚਾਹੀਦਾ ਹੈ। ਹਰ ਤਰ੍ਹਾ ਦੇ ਜੰਜਾਲ ਤੋਂ ਮੁਕਤ ਹੋਣ ਦਾ ਇਹੀ ਰਾਹ ਹੈ, ਜਿਸ ਨੂੰ ਗੁਰੂ ਵੱਲ ਮੁਖ ਕਰ ਕੇ ਹੀ ਉਹ ਪ੍ਰਾਪਤ ਕਰ ਸਕਦੇ ਹਨ।