ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਸੰਸਾਰਕ ਸਾਕ-ਸੰਬੰਧੀ ਸਿਰਫ ਆਪਣੇ ਨਿਜੀ ਸੁਖ ਤਕ ਹੀ ਸੀਮਤ ਹਨ। ਸਾਰੇ ਆਪੋ-ਆਪਣੇ ਸੁਆਰਥ ਲਈ ਹੀ ਇਕ ਦੂਜੇ ਨਾਲ ਲੱਗੇ ਹੋਏ ਹਨ।
ਰਾਗੁ ਦੇਵਗੰਧਾਰੀ ਮਹਲਾ ੯ ॥
ਜਗਤ ਮੈ ਝੂਠੀ ਦੇਖੀ ਪ੍ਰੀਤਿ ॥
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥
ਅੰਤਿਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥
-ਗੁਰੂ ਗ੍ਰੰਥ ਸਾਹਿਬ ੫੩੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਦੁਨਿਆਵੀ ਪ੍ਰੇਮ ਪਿਆਰ ਦੀ ਅਸਲੀਅਤ ਬਾਰੇ ਦੱਸਦੇ ਹਨ ਕਿ ਦੁਨਿਆਵੀ ਪ੍ਰੇਮ ਪਦਾਰਥਕ ਲੋਭ-ਲਾਲਚ ਅਧਾਰਤ ਹੋਣ ਕਾਰਣ ਨਿਰਾ ਝੂਠਾ ਹੁੰਦਾ ਹੈ। ਇਸ ਵਿਚ ਚਾਹੇ ਪਤੀ-ਪਤਨੀ ਹੋਣ, ਚਾਹੇ ਦੋਸਤ-ਮਿੱਤਰ ਹੀ ਕਿਉਂ ਨਾ ਹੋਣ। ਸਾਰੇ ਆਪੋ-ਆਪਣੇ ਸੁਖ ਲਈ ਹੀ ਇਕ ਦੂਜੇ ਦੇ ਨੇੜੇ ਆਉਂਦੇ ਹਨ ਤੇ ਪਿਆਰ-ਭਾਵ ਦਾ ਪ੍ਰਗਟਾਵਾ ਕਰਦੇ ਹਨ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਦੱਸਦੇ ਹਨ ਕਿ ਆਪੋ-ਆਪਣੇ ਮਤਲਬ ਪੂਰੇ ਕਰਨ ਲਈ ਹਰ ਕੋਈ ਮੇਰਾ-ਮੇਰਾ ਕਰਕੇ ਅਪਣੱਤ ਪ੍ਰਗਟ ਕਰਦਾ ਹੈ, ਪਰ ਇਹ ਸਭ ਸਿਰਫ ਨਿੱਜੀ ਹਿਤਾਂ ਕਾਰਣ ਹੁੰਦਾ ਹੈ। ਸਾਡੇ ਸਮਾਜ ਦੀ ਬੜੀ ਹੈਰਾਨੀਜਨਕ ਰੀਤ ਹੈ ਕਿ ਜਦ ਮਨੁਖ ਦਾ ਅੰਤਲਾ ਸਮਾਂ ਆਉਂਦਾ ਹੈ ਤਾਂ ਉਸ ਮੁਸ਼ਕਲ ਸਮੇਂ ਕੋਈ ਵੀ ਉਸ ਦਾ ਸਾਥ ਨਹੀਂ ਦਿੰਦਾ।
ਪਾਤਸ਼ਾਹ ਦੱਸਦੇ ਹਨ ਕਿ ਮਨੁਖ ਦਾ ਮਨ ਏਨਾ ਬੇਅਕਲ ਹੈ ਕਿ ਇਸ ਨੂੰ ਹਰ ਰੋਜ ਸਿੱਖਿਆ ਦੇ-ਦੇ ਕੇ ਥੱਕ-ਹਾਰ ਗਿਆਂ ਹਾਂ, ਇਹ ਹਾਲੇ ਵੀ ਸਮਝਣ ਲਈ ਤਿਆਰ ਨਹੀਂ ਹੈ। ਪਾਤਸ਼ਾਹ ਦੱਸਦੇ ਹਨ ਕਿ ਇਸ ਡਰਾਉਣੀ ਹਾਲਤ ਵਿਚੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇ ਦਿਨ-ਰਾਤ ਪ੍ਰਭੂ ਦੀ ਸਿਫਤਿ-ਸਾਲਾਹ ਕਰਦੇ ਰਹੀਏ, ਅਰਥਾਤ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰਖੀਏ।