ਇਸ ਸ਼ਬਦ ਵਿਚ ਮਾਇਆ-ਮੋਹ ਵਿਚ ਗਲਤਾਨ ਮਨੁਖੀ ਮਨ ਦੀ ਦਸ਼ਾ ਦਾ ਵਰਣਨ ਹੈ, ਜਿਹੜਾ ਨਾ ਤਾਂ ਕਿਸੇ ਸਿਖਿਆ ਨੂੰ ਸੁਣਦਾ ਹੈ ਅਤੇ ਨਾ ਹੀ ਆਪਣੀ ਖੋਟੀ ਮਤਿ ਦਾ ਤਿਆਗ ਕਰਦਾ ਹੈ। ਉਸ ਦੀ ਇਸ ਨਿੱਘਰ ਚੁਕੀ ਹਾਲਤ ਵਿਚ, ਪਰਮਾਤਮਾ ਦਾ ਜਸ ਹੀ ਉਸ ਦਾ ਆਸਰਾ ਬਣ ਸਕਦਾ ਹੈ।
ੴ ਸਤਿਗੁਰ ਪ੍ਰਸਾਦਿ ॥
ਰਾਗੁ ਦੇਵਗੰਧਾਰੀ ਮਹਲਾ ੯ ॥
ਯਹ ਮਨੁ ਨੈਕ ਨ ਕਹਿਓ ਕਰੈ ॥
ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥
ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥
ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥
-ਗੁਰੂ ਗ੍ਰੰਥ ਸਾਹਿਬ ੫੩੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖੀ ਮਨ ਏਨਾ ਅੜੀਅਲ ਹੈ ਕਿ ਬਿਲਕੁਲ ਵੀ ਕਹਿਣਾ ਨਹੀਂ ਮੰਨਦਾ, ਅਰਥਾਤ ਮਨ ਨੂੰ ਪਈਆਂ ਹੋਈਆਂ ਪੁਰਾਣੀਆਂ ਆਦਤਾਂ ਜਾਂਦੀਆਂ ਨਹੀਂ। ਇਸ ਕਰਕੇ ਮਨ ਨੂੰ ਆਪਣੀਆਂ ਸਿੱਖਿਆਵਾਂ ਦੇ ਦੇ ਕੇ ਹਾਰ ਜਾਈਦਾ ਹੈ, ਪਰ ਇਹ ਮਨ ਖੋਟੀ ਮਤ ਤੋਂ ਟਲਦਾ ਹੀ ਨਹੀਂ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਫਿਰ ਦੱਸਦੇ ਹਨ ਕਿ ਮਨੁਖੀ ਮਨ ਪਦਾਰਥ ਦੇ ਨਸ਼ੇ ਵਿਚ ਏਨਾ ਪਾਗਲ ਹੋਇਆ ਫਿਰਦਾ ਕਿ ਇਹ ਕਦੇ ਪ੍ਰਭੂ ਦਾ ਗੁਣ-ਗਾਇਨ ਨਹੀਂ ਕਰਦਾ, ਭਾਵ ਪ੍ਰਭੂ ਨੂੰ ਕਦੇ ਯਾਦ ਨਹੀਂ ਕਰਦਾ। ਅਜਿਹਾ ਮਨੁਖ ਕਈ ਤਰ੍ਹਾਂ ਦੇ ਝੂਠ-ਫਰੇਬ ਤੇ ਜਾਹਲ ਸਾਜ਼ੀਆਂ ਨਾਲ ਦੁਨੀਆ ਨੂੰ ਠੱਗ ਕੇ ਆਪਣਾ ਪੇਟ ਪਾਲਦਾ ਹੈ। ਇਸ ਨੂੰ ਰੰਚਕ ਮਾਤਰ ਵੀ ਕੋਈ ਫਿਕਰ ਨਹੀਂ ਹੈ।
ਪਾਤਸ਼ਾਹ ਉਦਾਹਰਣ ਦੇ ਕੇ ਦੱਸਦੇ ਹਨ ਕਿ ਜਿਵੇਂ ਕੁੱਤੇ ਦੀ ਪੂਛ ਹਮੇਸ਼ਾ ਵਿੰਗੀ ਹੀ ਰਹਿੰਦੀ ਹੈ ਤੇ ਕਦੇ ਸਿੱਧੀ ਨਹੀਂ ਹੁੰਦੀ, ਉਸੇ ਤਰ੍ਹਾਂ ਮਨੁਖ ਦਾ ਮਨ ਵੀ ਹਮੇਸ਼ਾ ਆਪਣੀ ਮਰਜੀ ਕਰਦਾ ਹੈ ਤੇ ਕਦੇ ਵੀ ਕੋਈ ਕਹੀ ਹੋਈ ਗੱਲ ਸੁਣਦਾ ਹੀ ਨਹੀਂ, ਭਾਵ ਇਸ ਵਿਚੋਂ ਖੋਟੀ ਮੱਤ ਵਾਲਾ ਵਿੰਗ ਨਹੀਂ ਨਿਕਲਦਾ। ਇਸ ਲਈ ਪਾਤਸ਼ਾਹ ਆਦੇਸ਼ ਕਰਦੇ ਹਨ ਕਿ ਹੇ ਮਨ! ਪ੍ਰਭੂ ਦੇ ਨਾਮ ਦਾ ਸਿਮਰਨ ਕਰ, ਸਿਰਫ ਇਸ ਦੇ ਨਾਲ ਹੀ ਸਾਰੇ ਕਾਰਜ ਮੁਕੰਮਲ ਹੋਣੇ ਹਨ।