ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਜਿਸ ਮਨੁਖ ਦੇ ਮਨ ਅੰਦਰ ਪ੍ਰਭੂ ਨਾਮ ਦਾ ਸਿਮਰਨ-ਭਜਨ ਨਹੀਂ, ਉਸ ਦਾ ਜੀਵਨ ਵਿਅਰਥ ਹੀ ਚਲਾ ਜਾਂਦਾ ਹੈ। ਮਨੁਖ ਪ੍ਰਭੂ ਦੇ ਨਾਮ ਰਾਹੀਂ ਹੀ ਮਾਇਕੀ-ਬੰਧਨਾਂ, ਵਿਕਾਰਾਂ ਅਤੇ ਜਨਮ-ਮਰਨ ਦੇ ਡਰ ਤੋਂ ਮੁਕਤੀ ਹਾਸਲ ਕਰ ਸਕਦਾ ਹੈ।
ਬਿਲਾਵਲੁ ਮਹਲਾ ੯ ॥
ਜਾ ਮੈ ਭਜਨੁ ਰਾਮ ਕੋ ਨਾਹੀ ॥
ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥
ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥
ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥
ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥
ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥
ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥
-ਗੁਰੂ ਗ੍ਰੰਥ ਸਾਹਿਬ ੮੩੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਹੋਈ ਹੈ। ਇਥੇ ਸਹਿਜ ਸ਼ਬਦਾਵਲੀ ਰਾਹੀਂ ਕਥਨ ਕੀਤਾ ਗਿਆ ਹੈ ਕਿ ਜਿਸ ਵਿਚ ਰਾਮ ਦਾ ਭਜਨ ਨਹੀਂ ਹੈ, ਜੋ ਭਗਤੀ ਤੋਂ ਹੀਣ ਹੈ, ਉਸ ਦਾ ਜਨਮ ਅਕਾਰਥ ਹੈ। ਕਲਿਜੁਗ ਵਿਚ ਨਾਮ ਰਾਹੀਂ ਹੀ ਮੁਕਤੀ ਪਾਈ ਜਾ ਸਕਦੀ ਹੈ। ਜੋ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹੀ ਗਰੂਆ (ਗੌਰਵਸ਼ਾਲੀ) ਹੈ।
ਇਸ ਸ਼ਬਦ ਵਿਚ ਆਮ ਵਰਤੀ ਜਾਣ ਵਾਲੀ ਬ੍ਰਜ ਭਾਸ਼ਾ ਤੇ ਉਸ ਵਿਚ ਪ੍ਰਚਲਤ ਲੋਕ ਕਥਨਾਂ ਦੀ ਸੁੰਦਰ ਵਰਤੋਂ ਹੋਈ ਹੈ, ਜਿਵੇਂ ਕਿ: ‘ਜਨਮੁ ਅਕਾਰਥੁ ਖੋਇਆ,’ ‘ਯਹ ਰਾਖਹੁ ਮਨ ਮਾਹੀ,’ ‘ਸਾਚੁ ਕਹਤ ਮੈ ਯਾ ਕਉ,’ ‘ਯਹ ਭੇਦੁ ਬਤਾਵੈ,’ ‘ਪ੍ਰਭ ਕੇ ਗੁਨ ਗਾਵੈ।’
ਇਸ ਸ਼ਬਦ ਵਿਚ ਦ੍ਰਿਸ਼ਟਾਂਤ ਅਲੰਕਾਰ ਦੀ ਵੀ ਸੁੰਦਰ ਵਰਤੋਂ ਹੋਈ ਹੈ। ਪਾਣੀ ਵਿਚ ਰਖੇ ਹੋਏ ਪੱਥਰ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਸਮਝਾਇਆ ਗਿਆ ਹੈ ਕਿ ਜਿਵੇਂ ਪੱਥਰ ਪਾਣੀ ਵਿਚ ਰਖਿਆ ਹੋਇਆ ਵੀ ਅੰਦਰੋਂ ਅਭਿਜ ਹੀ ਰਹਿੰਦਾ ਹੈ, ਉਸੇ ਤਰ੍ਹਾਂ ਧਾਰਮਕ ਕਰਮ ਕਰ ਕੇ ਵੀ ਭਗਤੀ-ਹੀਣ ਪ੍ਰਾਣੀ ਦੇ ਅੰਦਰ ਪ੍ਰਭੂ ਪ੍ਰਤੀ ਪ੍ਰੇਮ-ਭਾਵ ਉਤਪੰਨ ਨਹੀਂ ਹੋ ਸਕਦਾ। ਇਥੇ ਉਪਮਾ ਅਲੰਕਾਰ ਵੀ ਹੈ, ਕਿਉਂਕਿ ਭਗਤੀ-ਹੀਣ ਪ੍ਰਾਣੀ ਦੇ ਪ੍ਰੇਮ ਤੋਂ ਸਖਣੇ ਹਿਰਦੇ (ਉਪਮੇਯ) ਦੀ ਤੁਲਨਾ ਪਾਣੀ ਵਿਚ ਪਏ ਪੱਥਰ ਦੇ ਅੰਦਰੋਂ ਨਾ ਭਿੱਜਣ ਵਾਲੀ ਅਵਸਥਾ (ਉਪਮਾਨ) ਨਾਲ ਕੀਤੀ ਗਈ ਹੈ।
ਤੀਜੀ ਤੁਕ ਵਿਚ ‘ਤੀਰਥ ਕਰੈ ਬ੍ਰਤ ਫੁਨਿ ਰਾਖੈ’ ਸੰਕੇਤਾਤਮਕ ਕਥਨ ਹੈ, ਜੋ ਮਨੁਖ ਵਲੋਂ ਵਖ-ਵਖ ਧਾਰਮਕ ਕਰਮ-ਕਾਂਡਾਂ ਵਿਚ ਰੁਚਿਤ ਰਹਿਣ ਵਲ ਸੰਕੇਤ ਕਰ ਰਿਹਾ ਹੈ।
ਇਸ ਸ਼ਬਦ ਦੀਆਂ ਅਠ ਤੁਕਾਂ ਹਨ। ਇਨ੍ਹਾਂ ਦਾ ਮਾਤਰਾ ਵਿਧਾਨ ਇਸ ਪ੍ਰਕਾਰ ਹੈ: ਪਹਿਲੀ (੧੬), ਦੂਜੀ (੧੬+੧੨), ਤੀਜੀ (੧੫+੧੩), ਚਉਥੀ (੧੬+੧੨), ਪੰਜਵੀਂ (੧੬+੧੩), ਛੇਵੀਂ (੧੬+੧੨), ਸਤਵੀਂ (੧੬+੧੨), ਅਠਵੀਂ (੧੭+੧੨)। ਇਸ ਛੰਦ ਨੂੰ ‘ਪਦ’ ਕਿਹਾ ਜਾਂਦਾ ਹੈ।