ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦੇ ਗੁਣਾਂ ਦੇ ਚਿੰਤਨ ਅਤੇ ਉਨ੍ਹਾਂ ਨੂੰ ਜੀਵਨ ਵਿਚ ਧਾਰਨ ਤੋਂ ਬਗੈਰ ਮਨੁਖ ਦੁਖ ਹੀ ਭੋਗਦਾ ਰਹਿੰਦਾ ਹੈ। ਗੁਰ-ਸ਼ਬਦ ਹੀ ਇਹ ਸੋਝੀ ਦਿੰਦਾ ਹੈ ਕਿ ਪ੍ਰਭੂ ਦੀ ਪ੍ਰੇਮਾ-ਭਗਤੀ ਤੋਂ ਬਗੈਰ ਮਨੁਖ ਦਾ ਭਰਮ ਦੂਰ ਨਹੀਂ ਹੋ ਸਕਦਾ।
ਬਿਲਾਵਲੁ ਮਹਲਾ ੯
ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥
ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥
ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥
ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥
ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥
-ਗੁਰੂ ਗ੍ਰੰਥ ਸਾਹਿਬ ੮੩੦-੮੩੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਹੋਈ ਹੈ। ਇਥੇ ਸਹਿਜ ਸ਼ਬਦਾਵਲੀ ਰਾਹੀਂ ਕਥਨ ਕੀਤਾ ਗਿਆ ਹੈ ਕਿ ਹਰੀ ਦੇ ਨਾਮ ਬਿਨਾ ਦੁਖ ਹੀ ਮਿਲਦਾ ਹੈ। ਰਾਮ ਦੀ ਸ਼ਰਣ ਵਿਚ ਆਉਣ ਅਤੇ ਉਸ ਦਾ ਜਸ ਕਰਨ ਤੋਂ ਬਿਨਾਂ ਸਭ ਨਿਸ਼ਫਲ ਹੈ। ਮਾਨ-ਮੋਹ ਨੂੰ ਤਿਆਗ ਕੇ, ਗੋਬਿੰਦ ਦੇ ਗੁਣ ਗਾਉਣ ਵਾਲਾ ਪ੍ਰਾਣੀ ਹੀ ਜੀਵਨ-ਮੁਕਤ ਕਹਾਉਂਦਾ ਹੈ।
ਇਸ ਸ਼ਬਦ ਵਿਚ ਆਮ ਵਰਤੀ ਜਾਣ ਵਾਲੀ ਬ੍ਰਜ ਭਾਸ਼ਾ ਤੇ ਉਸ ਵਿਚ ਪ੍ਰਚਲਤ ਲੋਕ ਕਥਨਾਂ ਦੀ ਸੁੰਦਰ ਵਰਤੋਂ ਹੋਈ ਹੈ, ਜਿਵੇਂ ਕਿ: ਇਥੇ ‘ਸਹਸਾ ਨਹ ਚੂਕੈ,’ ‘ਭੇਦੁ ਬਤਾਵੈ,’ ‘ਜਸੁ ਬਿਸਰਾਵੈ,’ ‘ਗੁਨ ਗਾਵੈ।’
ਪਹਿਲੀ ਤੁਕ ਵਿਚ ਪ੍ਰਭੂ ਲਈ ‘ਹਰਿ’ (ਦੁਖਾਂ ਨੂੰ ਹਰਣ ਵਾਲਾ) ਤੇ ਪੰਜਵੀਂ ਤੁਕ ਵਿਚ ‘ਗੋਬਿੰਦ’ (ਧਰਤੀ/ਸ੍ਰਿਸ਼ਟੀ ਦਾ ਮਾਲਕ ਜਾਂ ਪਾਲਣਹਾਰ) ਸ਼ਬਦ ਵਰਤੇ ਗਏ ਹਨ, ਜੋ ਪ੍ਰਭੂ ਦੀਆਂ ਵਿਸ਼ੇਸ਼ਤਾਵਾਂ ਦਰਸਾ ਰਹੇ ਹਨ। ਸੋ, ਇਥੇ ਪਰਿਕਰ ਅਲੰਕਾਰ ਆਇਆ ਹੈ।
ਤੀਜੀ ਤੁਕ ਵਿਚ ‘ਤੀਰਥ ਬ੍ਰਤ,’ ਚਉਥੀ ਤੁਕ ਵਿਚ ‘ਜੋਗ ਜਗ,’ ਪੰਜਵੀਂ ਤੁਕ ਵਿਚ ‘ਮਾਨ ਮੋਹ’ ਸੰਕੇਤਾਤਮਕ ਸ਼ਬਦ-ਜੁਟਾਂ ਦੀ ਵਰਤੋਂ ਹੋਈ ਹੈ। ਇਹ ਕ੍ਰਮਵਾਰ ਭਿੰਨ-ਭਿੰਨ ਧਾਰਮਕ ਕਰਮਕਾਂਡਾਂ, ਵਖ-ਵਖ ਸਾਧਨਾਂ ਤੇ ਮਨੁਖੀ ਵਿਕਾਰਾਂ ਵਲ ਸੰਕੇਤ ਕਰ ਰਹੇ ਹਨ।
ਇਸ ਸ਼ਬਦ ਦੀਆਂ ਛੇ ਤੁਕਾਂ ਹਨ। ਇਨ੍ਹਾਂ ਦਾ ਮਾਤਰਾ ਵਿਧਾਨ ਇਸ ਪ੍ਰਕਾਰ ਹੈ: ਪਹਿਲੀ (੧੬), ਦੂਜੀ (੧੬+੧੨), ਤੀਜੀ (੧੬+੧੨), ਚਉਥੀ (੧੫+੧੨), ਪੰਜਵੀਂ (੧੬+੧੨) ਤੇ ਛੇਵੀਂ (੧੬+੧੨)। ਇਸ ਛੰਦ ਨੂੰ ‘ਪਦ’ ਕਿਹਾ ਜਾਂਦਾ ਹੈ।