ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਹਰੀ ਦਾ ਨਾਮ ਹੀ ਮਨੁਖ ਦੇ ਵਿਕਾਰਾਂ ਅਤੇ ਦੁਖਾਂ ਨੂੰ ਦੂਰ ਕਰ ਸਕਦਾ ਹੈ। ਹਰੀ ਦੇ ਨਾਮ ਨੂੰ ਸਿਮਰ ਕੇ ਅਜਾਮਲ, ਗਨਿਕਾ ਆਦਿ ਵਿਕਾਰੀ ਮਨੁਖ ਵੀ ਵਿਕਾਰਾਂ ਤੋਂ ਮੁਕਤ ਹੋ ਗਏ।
ਰਾਗੁ ਬਿਲਾਵਲੁ ਮਹਲਾ ੯ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਦੁਖ ਹਰਤਾ ਹਰਿ ਨਾਮੁ ਪਛਾਨੋ ॥
ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥
ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥
ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥
ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥
ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥
-ਗੁਰੂ ਗ੍ਰੰਥ ਸਾਹਿਬ ੮੩੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਹੋਈ ਹੈ। ਇਥੇ ਸਹਿਜ ਸ਼ਬਦਾਵਲੀ ਰਾਹੀਂ ਕਥਨ ਕੀਤਾ ਗਿਆ ਹੈ ਕਿ ਹਰੀ ਦਾ ਨਾਮ ਦੁਖਾਂ ਦਾ ਹਰਤਾ ਹੈ। ਹਰੀ ਦੇ ਨਾਮ ਨੂੰ ਸਿਮਰ ਕੇ ਅਜਾਮਲ, ਗਨਿਕਾ ਜਿਹੇ ਮੁਕਤ ਹੋ ਗਏ। ਗਜ ਦੀ ਤ੍ਰਾਸ (ਹਾਥੀ ਦੀ ਪੀੜਾ) ਛਿਣ ਵਿਚ ਹੀ ਮਿਟ ਗਈ। ਬਾਲਕ ਧ੍ਰੂਅ ਨੇ ਅਚਲ, ਅਮਰ ਤੇ ਨਿਰਭੈ ਪਦ ਪਾ ਲਿਆ। ਇਥੇ ਪ੍ਰਭੂ-ਭਗਤੀ ਦੇ ਮਹਾਤਮ ਨੂੰ ਦਰਸਾਉਣ ਲਈ ਅਜਾਮਲ, ਗਨਿਕਾ, ਗਜ ਤੇ ਭਗਤ ਧ੍ਰੂਅ ਦੇ ਪ੍ਰਸੰਗਾਂ ਨੂੰ ਉਦਾਹਰਣਾਂ ਵਜੋਂ ਵਰਤਿਆ ਗਿਆ ਹੈ। ਇਹ ਦ੍ਰਿਸ਼ਟਾਂਤ ਅਲੰਕਾਰ ਦੀਆਂ ਸੁੰਦਰ ਉਦਾਹਰਣਾਂ ਹਨ।
ਇਸ ਸ਼ਬਦ ਵਿਚ ਆਮ ਵਰਤੀ ਜਾਣ ਵਾਲੀ ਬ੍ਰਜ ਭਾਸ਼ਾ ਤੇ ਉਸ ਵਿਚ ਪ੍ਰਚਲਤ ਲੋਕ ਕਥਨਾਂ ਦੀ ਸੁੰਦਰ ਵਰਤੋਂ ਹੈ, ਜਿਵੇਂ ਕਿ: ‘ਮਿਟੀ ਛਿਨਹੂ ਮਹਿ,’ ‘ਜਗਤ ਜਾਹਿ ਹੈਰਾਨੋ,’ ‘ਨਿਕਟਿ ਤਾਹਿ ਤੁਮ ਮਾਨੋ।’
ਪਹਿਲੀ ਤੁਕ ਵਿਚ ਪ੍ਰਭੂ ਲਈ ‘ਦੁਖ ਹਰਤਾ’ (ਪਾਪਾਂ ਤੇ ਦੁਖਾਂ ਨੂੰ ਹਰਣ ਵਾਲਾ) ਤੇ ਛੇਵੀਂ ਤੁਕ ਵਿਚ ‘ਭਗਤ ਰਛਕ’ (ਭਗਤਾਂ ਦਾ ਰਖਿਅਕ) ਸ਼ਬਦ ਵਰਤੇ ਗਏ ਹਨ, ਜੋ ਪ੍ਰਭੂ ਦੀਆਂ ਵਿਸ਼ੇਸ਼ਤਾਵਾਂ ਦਰਸਾ ਰਹੇ ਹਨ। ਸੋ, ਇਥੇ ਪਰਿਕਰ ਅਲੰਕਾਰ ਆਇਆ ਹੈ।
ਪੰਜਵੀਂ ਤੁਕ ਵਿਚ ‘ਅਚਲ ਅਮਰ ਨਿਰਭੈ ਪਦੁ ਪਾਇਓ’ ਸੰਕੇਤਾਤਮਕ ਕਥਨ ਵਜੋਂ ਆਇਆ ਹੈ। ਇਸ ਦਾ ਭਾਵ ਐਸਾ ‘ਅਚਲ’ (ਸਥਿਰ), ‘ਅਮਰ’ (ਕਦੇ ਨਾ ਬਿਨਸਣ ਵਾਲਾ), ‘ਨਿਰਭੈ’ (ਭੈ ਰਹਿਤ) ਪਦ ਹੈ, ਜਿਸ ਨੂੰ ਪ੍ਰਾਪਤ ਕਰਕੇ ਪ੍ਰਾਣੀ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ। ਇਹ ਪ੍ਰਭੂ ਦੀ ਹਾਜ਼ਰ-ਨਾਜ਼ਰਤਾ ਨੂੰ ਅਨੁਭਵ ਕਰ ਲੈਣ ਦੀ ਅਵਸਥਾ ਵਲ ਸੰਕੇਤ ਕਰ ਰਿਹਾ ਹੈ।
ਪੰਜਵੀਂ ਤੁਕ ਵਿਚ ‘ਅਚਲ ਅਮਰ ਨਿਰਭੈ ਪਦੁ’ ਸੰਕੇਤਾਤਮਕ ਕਥਨ ਵਜੋਂ ਆਇਆ ਹੈ। ਇਸ ਦਾ ਭਾਵ ਅਜਿਹੀ ਕਦੇ ਨਾ ਬਿਨਸਣ ਵਾਲੀ, ਸਥਿਰ ਤੇ ਭੈ-ਰਹਿਤ ਅਵਸਥਾ ਹੈ, ਜਿਸ ਨੂੰ ਪ੍ਰਾਪਤ ਕਰਕੇ ਪ੍ਰਾਣੀ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ।
ਇਸ ਸ਼ਬਦ ਦੀਆਂ ਛੇ ਤੁਕਾਂ ਹਨ। ਇਨ੍ਹਾਂ ਦਾ ਮਾਤਰਾ ਵਿਧਾਨ ਇਸ ਪ੍ਰਕਾਰ ਹੈ: ਪਹਿਲੀ (੧੬), ਦੂਜੀ (੧੫+੧੨), ਤੀਜੀ (੧੬+੧੨), ਚਉਥੀ (੧੬+੧੨), ਪੰਜਵੀਂ (੧੬+੧੨) ਤੇ ਛੇਵੀਂ (੧੫+੧੨)। ਇਸ ਛੰਦ ਨੂੰ ‘ਪਦ’ ਕਿਹਾ ਜਾਂਦਾ ਹੈ।