ਇਸ ਸ਼ਬਦ ਵਿਚ ਸੰਸਾਰਕ ਪਦਾਰਥਾਂ ਦੇ ਮੋਹ ਵਿਚ ਖਚਤ ਮਨੁਖ ਨੂੰ, ਇਨ੍ਹਾਂ ਪਦਾਰਥਾਂ ਦੀ ਛਿਣ-ਭੰਗਰਤਾ ਦਰਸਾ ਕੇ, ਸਦੀਵੀ ਸਾਥੀ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਦਿੱਤਾ ਗਿਆ ਹੈ। ਅੰਤ ਸਮੇਂ ਕੇਵਲ ਪ੍ਰਭੂ ਹੀ ਮਨੁਖ ਦੇ ਨਾਲ ਨਿਭਦਾ ਹੈ।
ਬਸੰਤੁ ਮਹਲਾ ੯ ॥
ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥
ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥੧॥ ਰਹਾਉ ॥
ਸਮ ਸੁਪਨੈ ਕੈ ਇਹੁ ਜਗੁ ਜਾਨੁ ॥
ਬਿਨਸੈ ਛਿਨ ਮੈ ਸਾਚੀ ਮਾਨੁ ॥੧॥
ਸੰਗਿ ਤੇਰੈ ਹਰਿ ਬਸਤ ਨੀਤ ॥
ਨਿਸ ਬਾਸੁਰ ਭਜੁ ਤਾਹਿ ਮੀਤ ॥੨॥
ਬਾਰ ਅੰਤ ਕੀ ਹੋਇ ਸਹਾਇ ॥
ਕਹੁ ਨਾਨਕ ਗੁਨ ਤਾ ਕੇ ਗਾਇ ॥੩॥੫॥
-ਗੁਰੂ ਗ੍ਰੰਥ ਸਾਹਿਬ ੧੧੮੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਭਟਕਣ ਵਿਚ ਪਏ ਹੋਏ ਮਨੁਖ ਨੂੰ ਮੁਖਾਤਬ ਹੋ ਕੇ ਸਮਝਾਉਂਦੇ ਹਨ ਕਿ ਉਹ ਸੰਸਾਰ ਦੇ ਝੂਠੇ ਲੋਭ-ਲਾਲਚ ਮਗਰ ਲੱਗ ਕੇ ਕਿਉਂ ਭੁੱਲਿਆ ਫਿਰਦਾ ਹੈ? ਪਾਤਸ਼ਾਹ ਉਸ ਨੂੰ ਦੱਸਦੇ ਹਨ ਕਿ ਜੇ ਉਹ ਹੁਣ ਵੀ ਜਾਗ ਪਵੇ, ਭਾਵ ਸਮਝ ਜਾਵੇ ਤਾਂ ਹਾਲੇ ਵੀ ਕੁਝ ਨਹੀਂ ਵਿਗੜਿਆ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਮਨੁਖ ਨੂੰ ਫਿਰ ਨਸੀਹਤ ਕਰਦੇ ਹਨ ਕਿ ਉਹ ਇਸ ਸੰਸਾਰ ਨੂੰ ਸਿਰਫ ਸੁਪਨੇ ਦੇ ਬਰਾਬਰ ਸਮਝੇ ਤੇ ਇਹ ਗੱਲ ਬਿਲਕੁਲ ਸੱਚ ਕਰਕੇ ਜਾਣ ਲਵੇ ਕਿ ਇਹ ਸੰਸਾਰ ਸੁਪਨੇ ਵਾਂਗ ਹੀ ਪਲ-ਛਿਣ ਵਿਚ ਹੀ ਖਤਮ ਹੋ ਜਾਂਦਾ ਹੈ।
ਫਿਰ ਪਾਤਸ਼ਾਹ ਮਨੁਖ ਨੂੰ ਮਿੱਤਰ ਵਜੋ ਉਪਦੇਸ਼ ਦਿੰਦੇ ਹਨ ਕਿ ਜਿਹੜਾ ਹਮੇਸ਼ਾ ਹੀ ਮਨੁਖ ਦੇ ਨਾਲ ਵਸਦਾ ਅਤੇ ਨਿਭਦਾ ਹੈ, ਮਨੁਖ ਨੂੰ ਰਾਤ-ਦਿਨ ਉਸ ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਪ੍ਰਭੂ ਹੀ ਮਨੁਖ ਦੇ ਬਿਪਤਾ ਵਾਲੇ ਅੰਤਮ ਸਮੇਂ, ਉਸ ਦੇ ਨਾਲ ਨਿਭਦਾ ਅਤੇ ਸਹਾਈ ਹੁੰਦਾ ਹੈ। ਇਸ ਲਈ ਪਾਤਸ਼ਾਹ ਪ੍ਰਭੂ ਦੇ ਗੁਣ-ਗਾਇਨ ਕਰਨ ਵਾਲੀ ਸਿੱਖਿਆ ਦ੍ਰਿੜ ਕਰਾਉਂਦੇ ਹਨ।