ਇਸ ਸ਼ਬਦ ਵਿਚ ਦ੍ਰਿੜ੍ਹ ਕਰਾਇਆ ਗਿਆ ਹੈ ਕਿ ਮਨ ਨੂੰ ਹਰੀ ਦੇ ਨਾਮ ਵਿਚ ਲਾਉਣ ਨਾਲ, ਇਸ ਦੀ ਭਟਕਣਾ ਖਤਮ ਹੋ ਜਾਂਦੀ ਹੈ। ਮਾਇਕੀ ਤ੍ਰਿਸ਼ਨਾਵਾਂ ਮੁਕ ਜਾਂਦੀਆਂ ਹਨ ਅਤੇ ਮਨ ਵਿਚ ਪੂਰਨ ਟਿਕਾਓ ਦੀ ਅਵਸਥਾ ਬਣ ਜਾਂਦੀ ਹੈ। ਪਰ ਨਾਮ ਦੀ ਪ੍ਰਾਪਤੀ ਪ੍ਰਭੂ ਕਿਰਪਾ ਸਦਕਾ ਕੋਈ ਗੁਰਮੁਖ ਹੀ ਕਰਦਾ ਹੈ।
ਬਸੰਤੁ ਮਹਲਾ ੯ ॥
ਮਾਈ ਮੈ ਧਨੁ ਪਾਇਓ ਹਰਿ ਨਾਮੁ ॥
ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥
ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥
ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥
ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥
ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥
ਜਾ ਕਉ ਹੋਤ ਦਇਆਲੁ ਕਿਰਪਾਨਿਧਿ ਸੋ ਗੋਬਿੰਦ ਗੁਨ ਗਾਵੈ ॥
ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥
-ਗੁਰੂ ਗ੍ਰੰਥ ਸਾਹਿਬ ੧੧੮੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਉਸ ਜਗਿਆਸੂ ਦੇ ਹਿਰਦੇ ਦੀ ਅਵਸਥਾ ਬਿਆਨ ਕਰਦੇ ਹਨ ਜਿਸ ਨੇ ਪ੍ਰਭੂ ਦੇ ਨਾਮ-ਸਿਮਰਨ ਦੀ ਦਾਤ ਪ੍ਰਾਪਤ ਕਰ ਲਈ ਹੈ। ਉਹ ਇਸ ਖੁਸ਼ੀ ਦੀ ਖ਼ਬਰ ਆਪਣੀ ਮਾਂ ਨੂੰ ਦੱਸ ਰਿਹਾ ਹੈ ਕਿ ਨਾਮ-ਸਿਮਰਨ ਦੀ ਵਡਮੁੱਲੀ ਦਾਤ ਪ੍ਰਾਪਤ ਕਰਨ ਉਪਰੰਤ ਉਸ ਦਾ ਮਨ ਮਾਇਆ ਪਿੱਛੇ ਇਧਰ-ਉਧਰ ਦੌੜਨ ਤੋਂ ਹਟ ਗਿਆ ਹੈ ਤੇ ਹੁਣ ਸ਼ਾਂਤ ਚਿੱਤ ਅਵਸਥਾ ਵਿਚ ਟਿਕ ਗਿਆ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਦੱਸਦੇ ਹਨ ਕਿ ਪਦਾਰਥ ਦੀ ਚਮਕ-ਦਮਕ ਦੀ ਖਿੱਚ ਇਸ ਦੇਹੀ ਵਿਚੋਂ ਕਿਤੇ ਭੱਜ ਹੀ ਗਈ ਹੈ ਤੇ ਉਸ ਦੇ ਬਦਲੇ ਸਾਫ ਸੁਥਰਾ ਗਿਆਨ ਪ੍ਰਾਪਤ ਹੋ ਗਿਆ ਹੈ। ਇਸ ਨਾਲ ਮਨ ਏਨਾ ਸਮਰੱਥ ਹੋ ਗਿਆ ਹੈ ਕਿ ਹੁਣ ਪਦਾਰਥ ਦਾ ਲੋਭ ਤੇ ਰਿਸ਼ਤਿਆਂ ਦਾ ਮੋਹ ਇਸ ਦੇ ਨੇੜੇ ਨਹੀਂ ਆਉਂਦਾ। ਹੁਣ ਮਨ ਪ੍ਰਭੂ ਦੀ ਭਗਤੀ ਨਾਲ ਪੱਕੇ ਤੌਰ ’ਤੇ ਜੋੜ ਲਿਆ ਹੈ।
ਪਾਤਸ਼ਾਹ ਦੱਸਦੇ ਹਨ ਕਿ ਜਦੋਂ ਦਾ ਪ੍ਰਭੂ ਦੇ ਨਾਮ-ਸਿਮਰਨ ਦਾ ਅਨਮੋਲ ਰਤਨ ਪ੍ਰਾਪਤ ਕੀਤਾ ਹੈ, ਉਦੋਂ ਦਾ ਜੀਵਨ ਭਰ ਦਾ ਡਰ, ਵਹਿਮ ਜਾਂ ਸ਼ੰਕਾ ਮਿਟ ਗਿਆ ਹੈ, ਅਰਥਾਤ ਹੁਣ ਮਨ ਬਿਲਕੁਲ ਅਡੋਲ ਅਤੇ ਨਿਡਰ ਹੋ ਗਿਆ ਹੈ। ਇਸ ਦੇ ਨਾਲ ਹੀ ਮਨ ਦੀ ਸਾਰੀ ਭੁੱਖ ਵੀ ਮਿਟ ਗਈ ਹੈ ਤੇ ਹੁਣ ਮਨ ਆਪਣੇ ਹੀ ਅਨੰਦ, ਭਾਵ ਆਤਮਕ ਸੁਖ ਵਿਚ ਲੀਨ ਗਿਆ ਹੈ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਸ ਕਿਸੇ ’ਤੇ ਵੀ ਮਿਹਰਬਾਨ ਪ੍ਰਭੂ ਦਇਆ ਕਰਦਾ ਹੈ, ਸਿਰਫ ਉਹੀ ਪ੍ਰਭੂ ਦਾ ਗੁਣ-ਗਾਇਨ, ਭਾਵ ਨਾਮ-ਸਿਮਰਨ ਕਰਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਨਾਮ-ਸਿਮਰਨ ਦੀ ਦੌਲਤ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ, ਜਿਸ ਦਾ ਮੁਖ ਗੁਰੂ ਵੱਲ ਹੁੰਦਾ ਹੈ ਜਾਂ ਜਿਹੜਾ ਗੁਰੂ ਦੇ ਹੁਕਮ ਵਿਚ ਰਹਿੰਦਾ ਹੈ।