ਇਸ ਸ਼ਬਦ ਵਿਚ ਉਪਦੇਸ਼ ਹੈ ਕਿ ਮਨੁਖਾ ਸਰੀਰ ਸਮੇਤ ਇਹ ਸੰਸਾਰ ਅਤੇ ਇਸ ਵਿਚਲੇ ਮਾਇਕੀ ਪਦਾਰਥ ਸਭ ਬਿਨਸਣਹਾਰ ਹਨ। ਕੇਵਲ ਵਿਆਪਕ-ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ। ਇਸ ਲਈ ਮਾਇਕੀ ਪਦਾਰਥਾਂ ਦਾ ਲੋਭ ਛਡ ਕੇ ਪ੍ਰਭੂ ਨਾਲ ਹੀ ਲਗਨ ਲਾਉਣੀ ਚਾਹੀਦੀ ਹੈ।
ੴ ਸਤਿਗੁਰ ਪ੍ਰਸਾਦਿ ॥
ਰਾਗੁ ਬਸੰਤੁ ਹਿੰਡੋਲ ਮਹਲਾ ੯ ॥
ਸਾਧੋ ਇਹੁ ਤਨੁ ਮਿਥਿਆ ਜਾਨਉ ॥
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥
ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥
ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥
ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥
ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥
-ਗੁਰੂ ਗ੍ਰੰਥ ਸਾਹਿਬ ੧੧੮੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਸਾਧਨਾ ਕਰਨ ਵਾਲੇ ਸਾਧੂਆਂ ਨੂੰ ਮੁਖਾਤਬ ਹੋ ਕੇ ਦੱਸਦੇ ਹਨ ਕਿ ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਦੇਹੀ ਝੂਠੀ ਭਾਵ ਬਿਨਸਣਹਾਰ ਹੈ। ਇਸ ਦੇਹੀ ਦੇ ਅੰਦਰ ਜਿਹੜੇ ਪ੍ਰਭੂ ਦਾ ਵਾਸਾ ਹੈ, ਸਿਰਫ ਉਸ ਨੂੰ ਹੀ ਸੱਚ ਮੰਨਣਾ ਚਾਹੀਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਇਹ ਸੰਸਾਰ ਸੁਫਨੇ ਵਿਚ ਮਿਲੀ ਅਜਿਹੀ ਸੰਪਤੀ ਵਾਂਗ ਹੈ, ਜਿਹੜੀ ਝੂਠੀ ਤੇ ਨਾਸ਼ਵਾਨ ਹੈ। ਪਾਤਸ਼ਾਹ ਹੈਰਾਨ ਹੁੰਦੇ ਹਨ ਕਿ ਸੁਪਨੇ ਜਿਹੀ ਇਸ ਸੰਪਤੀ ਨੂੰ ਦੇਖ ਕੇ ਮਨੁਖ ਏਨੇ ਹੰਕਾਰ ਵਿਚ ਕਿਉਂ ਹੈ? ਮਨੁਖ ਦੇ ਨਾਲ ਜਦ ਕੁਝ ਵੀ ਨਿਭਣਾ ਹੀ ਨਹੀਂ, ਫਿਰ ਇਸ ਨਾਲ ਜੁੜੇ ਕਿਉਂ ਰਹਿਣਾ ਹੈ, ਭਾਵ ਛੱਡਿਆਂ ਹੀ ਭਲਾ ਹੈ।
ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਨੂੰ ਨਿੰਦਿਆ ਅਤੇ ਉਸਤਤੀ ਦੇ ਰੁਝਾਨ ਛੱਡ ਦੇਣੇ ਚਾਹੀਦੇ ਹਨ ਤੇ ਪ੍ਰਭੂ ਦਾ ਜਸ-ਗਾਇਨ ਜਾਂ ਸਿਫਤਿ-ਸਾਲਾਹ ਹੀ ਦਿਲ ਵਿਚ ਵਸਾਈ ਰਖਣੀ ਚਾਹੀਦੀ ਹੈ। ਪਾਤਸ਼ਾਹ ਅੱਗੇ ਦੱਸਦੇ ਹਨ ਕਿ ਉਹ ਸਿਰਫ ਪ੍ਰਭੂ ਦੀ ਹੀ ਇਕੋ-ਇਕ ਹਸਤੀ ਹੈ, ਜੋ ਪੂਰਨ ਰੂਪ ਵਿਚ ਸਾਰਿਆਂ ਅੰਦਰ ਹੀ ਵਸੀ ਹੋਈ ਹੈ।