ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀ ਇਸ ਪੱਟੀ ਬਾਣੀ ਵਿਚ ਦੋ-ਦੋ ਤੁਕਾਂ ਦੇ ਪੈਂਤੀ ਪਦੇ ਹਨ। ਇਹ ਬਾਣੀ ਉਸ ਸਮੇਂ ਪ੍ਰਚਲਤ ਵਰਣਮਾਲਾ ਦੇ ਪੈਂਤੀ ਅੱਖਰਾਂ ’ਤੇ ਅਧਾਰਤ ਹੈ। ਇਸ ਵਿਚ ਗੁਰੂ ਸਾਹਿਬ ਦੁਆਰਾ ਅੱਖਰਾਂ ਦਾ ਇਕ ਮੁੱਲ-ਪ੍ਰਬੰਧ ਸਿਰਜਿਆ ਗਿਆ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਕੀਤੇ ਸੰਬੋਧਨ ਰਾਹੀਂ ਸੋਝੀ ਬਖਸ਼ਦੇ ਹਨ ਕਿ ਹੇ ਮੂਰਖ ਮਨ! ਤੂੰ ਕਿਉਂ ਭੁੱਲਿਆ ਫਿਰਦਾ ਹੈਂ? ਅਸਲ ਵਿਚ ਤੂੰ ਉਦੋਂ ਹੀ ਪੜ੍ਹਿਆ-ਲਿਖਿਆ ਮੰਨਿਆ ਜਾਵੇਂਗਾ, ਜਦੋਂ ਪ੍ਰਭੂ ਦੇ ਦਰਬਾਰ ਵਿਚ ਆਪਣੇ ਕਰਮਾਂ ਦਾ ਲੇਖਾ ਨਿਬੇੜ ਕੇ ਸੁਰਖਰੂ ਹੋਵੇਂਗਾ। ਅੱਖਰ-ਗਿਆਨ ਦੇ ਰਹੱਸ ਨੂੰ ਸਮਝਾਉਂਦਿਆਂ ਗੁਰੂ ਸਾਹਿਬ ਅੱਗੇ ਉਪਦੇਸ਼ ਕਰਦੇ ਹਨ ਕਿ ਪ੍ਰਭੂ ਅਨੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਸਾਰੇ ਮਨੁਖ ਉਸ ਦੇ ਹੁਕਮ ਵਿਚ ਬੱਝੇ ਹੋਏ ਹਨ। ਪ੍ਰਭੂ ਤੋਂ ਬਿਨਾਂ ਉਨ੍ਹਾਂ ਉੱਤੇ ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ। ਪ੍ਰਭੂ ਸਾਰਿਆਂ ਵਿਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਦਾ ਹੈ ਅਤੇ ਆਪ ਹੀ ਜੀਵਾਂ ਕੋਲੋਂ ਸਭ ਕੁਝ ਕਰਾਉਂਦਾ ਹੈ। ਪ੍ਰਭੂ ਤੋਂ ਬੇਮੁਖ ਹੋਇਆ ਹੰਕਾਰੀ ਮਨੁਖ ਸੰਸਾਰਕ ਪਦਾਰਥਾਂ ਵਿਚ ਖਚਿਤ ਹੋ ਕੇ ਦੁਖੀ ਹੁੰਦਾ ਰਹਿੰਦਾ ਹੈ। ਜੇਕਰ ਮਨੁਖ ਗੁਰ-ਸ਼ਬਦ ਰਾਹੀਂ ਸਦੀਵੀ ਪ੍ਰਭੂ ਨੂੰ ਪਛਾਣ ਲਵੇ ਤਾਂ ਉਹ ਫਿਰ ਦੁਬਾਰਾ ਜਨਮ-ਮਰਨ ਦੇ ਗੇੜ ਵਿਚ ਨਹੀਂ ਭਟਕਦਾ। ਜਿਹੜਾ ਮਨੁਖ ਇਨ੍ਹਾਂ ਪੈਂਤੀ ਅੱਖਰਾਂ ਰਾਹੀਂ ਦੱਸੇ ਰਹੱਸ ਨੂੰ ਜਾਣ ਲੈਂਦਾ ਹੈ, ਉਹ ਪ੍ਰਭੂ ਨਾਲ ਇਕਮਿਕਤਾ ਹਾਸਲ ਕਰ ਲੈਂਦਾ ਹੈ।
ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥
ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥
-ਗੁਰੂ ਗ੍ਰੰਥ ਸਾਹਿਬ ੪੩੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਙੰਙੇ ਅੱਖਰ ਨੂੰ ਙਿਆਨ/ਗਿਆਨ ਸ਼ਬਦ ਨਾਲ ਜੋੜਦੇ ਹੋਏ ਦੱਸਿਆ ਗਿਆ ਹੈ ਕਿ ਗਿਆਨ ਸਿਰਫ ਪੜ੍ਹਨ, ਸੁਣਨ ਜਾਂ ਚਰਚਾ ਦਾ ਵਿਸ਼ਾ ਨਹੀਂ ਹੈ। ਬਲਕਿ ਗਿਆਨ ਤਦ ਹੈ, ਜੇਕਰ ਕੋਈ ਇਸ ਦਾ ਅਸਲ ਮਕਸਦ ਜਾਣ ਲਵੇ। ਇਸ ਲਈ ਉਹੀ ਪੜ੍ਹਿਆ-ਲਿਖਿਆ ਤੇ ਵਿਦਵਾਨ ਹੁੰਦਾ ਹੈ, ਜਿਹੜਾ ਗਿਆਨ ਦੇ ਅਸਲ ਮਕਸਦ ਨੂੰ ਜਾਣ ਲੈਂਦਾ ਹੈ।
ਫਿਰ ਗਿਆਨ ਦੇ ਉਸ ਅਸਲ ਮਕਸਦ ਨੂੰ ਖੋਲ ਕੇ ਦੱਸਿਆ ਗਿਆ ਹੈ ਕਿ ਜੇ ਕੋਈ ਹਰ ਮਨੁਖ ਵਿਚ ਇਕ ਪ੍ਰਭੂ ਨੂੰ ਪਛਾਣ ਲਵੇ, ਭਾਵ ਉਸ ਨੂੰ ਇਹ ਸੋਝੀ ਹੋ ਜਾਵੇ ਕਿ ਪ੍ਰਭੂ ਦੀ ਜਿਹੜੀ ਜੋਤ ਮੇਰੇ ਅੰਦਰ ਹੈ, ਉਹੀ ਸਾਰਿਆਂ ਅੰਦਰ ਹੈ ਤਾਂ ਉਹ ਕਦੇ ਹਉਂਮੈ ਵਿਚ ਨਹੀਂ ਆ ਸਕਦਾ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਪ੍ਰਭੂ ਅਖੰਡ ਅਤੇ ਅਕਾਲ ਹੈ, ਜਿਸ ਦੀ ਕਿਸੇ ਵੀ ਤਰ੍ਹਾਂ ਤਕਸੀਮ ਨਹੀਂ ਹੋ ਸਕਦੀ। ਉਹ ਸਾਰਿਆ ਵਿਚ ਇਕ ਰਸ ਵਿਆਪਕ ਹੈ। ਇਸ ਕਰ ਕੇ ਕਿਸੇ ਇਨਸਾਨ ਨੂੰ ਉੱਚਾ-ਨੀਵਾਂ ਨਹੀਂ ਸਮਝਿਆ ਜਾ ਸਕਦਾ।