ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀ ਇਸ ਪੱਟੀ ਬਾਣੀ ਵਿਚ ਦੋ-ਦੋ ਤੁਕਾਂ ਦੇ ਪੈਂਤੀ ਪਦੇ ਹਨ। ਇਹ ਬਾਣੀ ਉਸ ਸਮੇਂ ਪ੍ਰਚਲਤ ਵਰਣਮਾਲਾ ਦੇ ਪੈਂਤੀ ਅੱਖਰਾਂ ’ਤੇ ਅਧਾਰਤ ਹੈ। ਇਸ ਵਿਚ ਗੁਰੂ ਸਾਹਿਬ ਦੁਆਰਾ ਅੱਖਰਾਂ ਦਾ ਇਕ ਮੁੱਲ-ਪ੍ਰਬੰਧ ਸਿਰਜਿਆ ਗਿਆ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਕੀਤੇ ਸੰਬੋਧਨ ਰਾਹੀਂ ਸੋਝੀ ਬਖਸ਼ਦੇ ਹਨ ਕਿ ਹੇ ਮੂਰਖ ਮਨ! ਤੂੰ ਕਿਉਂ ਭੁੱਲਿਆ ਫਿਰਦਾ ਹੈਂ? ਅਸਲ ਵਿਚ ਤੂੰ ਉਦੋਂ ਹੀ ਪੜ੍ਹਿਆ-ਲਿਖਿਆ ਮੰਨਿਆ ਜਾਵੇਂਗਾ, ਜਦੋਂ ਪ੍ਰਭੂ ਦੇ ਦਰਬਾਰ ਵਿਚ ਆਪਣੇ ਕਰਮਾਂ ਦਾ ਲੇਖਾ ਨਿਬੇੜ ਕੇ ਸੁਰਖਰੂ ਹੋਵੇਂਗਾ। ਅੱਖਰ-ਗਿਆਨ ਦੇ ਰਹੱਸ ਨੂੰ ਸਮਝਾਉਂਦਿਆਂ ਗੁਰੂ ਸਾਹਿਬ ਅੱਗੇ ਉਪਦੇਸ਼ ਕਰਦੇ ਹਨ ਕਿ ਪ੍ਰਭੂ ਅਨੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਸਾਰੇ ਮਨੁਖ ਉਸ ਦੇ ਹੁਕਮ ਵਿਚ ਬੱਝੇ ਹੋਏ ਹਨ। ਪ੍ਰਭੂ ਤੋਂ ਬਿਨਾਂ ਉਨ੍ਹਾਂ ਉੱਤੇ ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ। ਪ੍ਰਭੂ ਸਾਰਿਆਂ ਵਿਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਦਾ ਹੈ ਅਤੇ ਆਪ ਹੀ ਜੀਵਾਂ ਕੋਲੋਂ ਸਭ ਕੁਝ ਕਰਾਉਂਦਾ ਹੈ। ਪ੍ਰਭੂ ਤੋਂ ਬੇਮੁਖ ਹੋਇਆ ਹੰਕਾਰੀ ਮਨੁਖ ਸੰਸਾਰਕ ਪਦਾਰਥਾਂ ਵਿਚ ਖਚਿਤ ਹੋ ਕੇ ਦੁਖੀ ਹੁੰਦਾ ਰਹਿੰਦਾ ਹੈ। ਜੇਕਰ ਮਨੁਖ ਗੁਰ-ਸ਼ਬਦ ਰਾਹੀਂ ਸਦੀਵੀ ਪ੍ਰਭੂ ਨੂੰ ਪਛਾਣ ਲਵੇ ਤਾਂ ਉਹ ਫਿਰ ਦੁਬਾਰਾ ਜਨਮ-ਮਰਨ ਦੇ ਗੇੜ ਵਿਚ ਨਹੀਂ ਭਟਕਦਾ। ਜਿਹੜਾ ਮਨੁਖ ਇਨ੍ਹਾਂ ਪੈਂਤੀ ਅੱਖਰਾਂ ਰਾਹੀਂ ਦੱਸੇ ਰਹੱਸ ਨੂੰ ਜਾਣ ਲੈਂਦਾ ਹੈ, ਉਹ ਪ੍ਰਭੂ ਨਾਲ ਇਕਮਿਕਤਾ ਹਾਸਲ ਕਰ ਲੈਂਦਾ ਹੈ।
ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ॥
ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥੨੮॥
-ਗੁਰੂ ਗ੍ਰੰਥ ਸਾਹਿਬ ੪੩੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਮੰਮੇ ਅੱਖਰ ਨੂੰ ਮੋਹ, ਮਰਨ ਅਤੇ ਮਧੁਸੂਦਨ-ਪ੍ਰਭੂ ਨਾਲ ਜੋੜਿਆ ਗਿਆ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਮੋਹ ਮਨੁਖ ਦੀ ਮੌਤ ਹੁੰਦਾ ਹੈ। ਪਰ ਇਹ ਮੌਤ ਮਨੁਖ ਦੀ ਦੇਹੀ ਦੀ ਨਹੀਂ, ਬਲਕਿ ਉਸ ਦੇ ਚਿਤ ਦੀ ਹੁੰਦੀ ਹੈ, ਜਿਸ ਵਿਚੋਂ ਬੁਰਾਈ ਮੇਟਣ ਵਾਲ ਪ੍ਰਭੂ ਵਿਸਰ ਜਾਂਦਾ ਹੈ। ਜਦੋਂ ਮਨੁਖ ਅਜਿਹੀ ਮੌਤ ਮਰਨ ਲੱਗਦਾ ਹੈ, ਭਾਵ ਪ੍ਰਭੂ ਬਾਝੋਂ ਮਰਨ ਜਿਹਾ ਮਹਿਸੂਸ ਕਰਦਾ ਹੈ, ਤਾਂ ਜਾ ਕੇ ਉਸ ਨੂੰ ਪ੍ਰਭੂ ਚੇਤੇ ਆਉਂਦਾ ਹੈ।
ਜਦ ਤਕ ਮਨੁਖ ਦੇਹ ਰੂਪ ਵਿਚ ਜੀਵਤ ਰਹਿੰਦਾ ਹੈ, ਉਦੋਂ ਤਕ ਉਹ ਹੋਰ ਕੁਝ ਪੜ੍ਹਦਾ-ਸੁਣਦਾ ਜਾਂ ਯਾਦ ਕਰਦਾ ਰਹਿੰਦਾ ਹੈ। ਉਸ ਨੂੰ ਨਾ ਮੌਤ ਚੇਤੇ ਆਉਦੀ ਹੈ ਤੇ ਨਾ ਹੀ ਬੁਰਾਈ ਮੇਟਣ ਵਾਲੇ ਪ੍ਰਭੂ ਦੀ ਯਾਦ ਆਉਂਦੀ ਹੈ। ਭਾਵ, ਜੇ ਮਨੁਖ ਜੀਵਨ ਦੌਰਾਨ ਮੌਤ ਨੂੰ ਤੇ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰਖੇ ਤਾਂ ਹੀ ਇਸ ਦਾ ਜੀਵਨ ਸੁਖਮਈ ਹੋ ਸਕਦਾ ਹੈ।