ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀ ਇਸ ਪੱਟੀ ਬਾਣੀ ਵਿਚ ਦੋ-ਦੋ ਤੁਕਾਂ ਦੇ ਪੈਂਤੀ ਪਦੇ ਹਨ। ਇਹ ਬਾਣੀ ਉਸ ਸਮੇਂ ਪ੍ਰਚਲਤ ਵਰਣਮਾਲਾ ਦੇ ਪੈਂਤੀ ਅੱਖਰਾਂ ’ਤੇ ਅਧਾਰਤ ਹੈ। ਇਸ ਵਿਚ ਗੁਰੂ ਸਾਹਿਬ ਦੁਆਰਾ ਅੱਖਰਾਂ ਦਾ ਇਕ ਮੁੱਲ-ਪ੍ਰਬੰਧ ਸਿਰਜਿਆ ਗਿਆ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਕੀਤੇ ਸੰਬੋਧਨ ਰਾਹੀਂ ਸੋਝੀ ਬਖਸ਼ਦੇ ਹਨ ਕਿ ਹੇ ਮੂਰਖ ਮਨ! ਤੂੰ ਕਿਉਂ ਭੁੱਲਿਆ ਫਿਰਦਾ ਹੈਂ? ਅਸਲ ਵਿਚ ਤੂੰ ਉਦੋਂ ਹੀ ਪੜ੍ਹਿਆ-ਲਿਖਿਆ ਮੰਨਿਆ ਜਾਵੇਂਗਾ, ਜਦੋਂ ਪ੍ਰਭੂ ਦੇ ਦਰਬਾਰ ਵਿਚ ਆਪਣੇ ਕਰਮਾਂ ਦਾ ਲੇਖਾ ਨਿਬੇੜ ਕੇ ਸੁਰਖਰੂ ਹੋਵੇਂਗਾ। ਅੱਖਰ-ਗਿਆਨ ਦੇ ਰਹੱਸ ਨੂੰ ਸਮਝਾਉਂਦਿਆਂ ਗੁਰੂ ਸਾਹਿਬ ਅੱਗੇ ਉਪਦੇਸ਼ ਕਰਦੇ ਹਨ ਕਿ ਪ੍ਰਭੂ ਅਨੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਸਾਰੇ ਮਨੁਖ ਉਸ ਦੇ ਹੁਕਮ ਵਿਚ ਬੱਝੇ ਹੋਏ ਹਨ। ਪ੍ਰਭੂ ਤੋਂ ਬਿਨਾਂ ਉਨ੍ਹਾਂ ਉੱਤੇ ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ। ਪ੍ਰਭੂ ਸਾਰਿਆਂ ਵਿਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਦਾ ਹੈ ਅਤੇ ਆਪ ਹੀ ਜੀਵਾਂ ਕੋਲੋਂ ਸਭ ਕੁਝ ਕਰਾਉਂਦਾ ਹੈ। ਪ੍ਰਭੂ ਤੋਂ ਬੇਮੁਖ ਹੋਇਆ ਹੰਕਾਰੀ ਮਨੁਖ ਸੰਸਾਰਕ ਪਦਾਰਥਾਂ ਵਿਚ ਖਚਿਤ ਹੋ ਕੇ ਦੁਖੀ ਹੁੰਦਾ ਰਹਿੰਦਾ ਹੈ। ਜੇਕਰ ਮਨੁਖ ਗੁਰ-ਸ਼ਬਦ ਰਾਹੀਂ ਸਦੀਵੀ ਪ੍ਰਭੂ ਨੂੰ ਪਛਾਣ ਲਵੇ ਤਾਂ ਉਹ ਫਿਰ ਦੁਬਾਰਾ ਜਨਮ-ਮਰਨ ਦੇ ਗੇੜ ਵਿਚ ਨਹੀਂ ਭਟਕਦਾ। ਜਿਹੜਾ ਮਨੁਖ ਇਨ੍ਹਾਂ ਪੈਂਤੀ ਅੱਖਰਾਂ ਰਾਹੀਂ ਦੱਸੇ ਰਹੱਸ ਨੂੰ ਜਾਣ ਲੈਂਦਾ ਹੈ, ਉਹ ਪ੍ਰਭੂ ਨਾਲ ਇਕਮਿਕਤਾ ਹਾਸਲ ਕਰ ਲੈਂਦਾ ਹੈ।
ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥
ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥
-ਗੁਰੂ ਗ੍ਰੰਥ ਸਾਹਿਬ ੪੩੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ‘ਪੱਪੇ’ ਅੱਖਰ ਨੂੰ ‘ਪਾਤਸ਼ਾਹ’ ਤੇ ‘ਪਰਮੇਸ਼ਰ’ ਸ਼ਬਦਾਂ ਨਾਲ ਜੋੜਦਿਆਂ ਦੱਸਿਆ ਗਿਆ ਹੈ ਕਿ ਪਰਮੇਸ਼ਰ ਪ੍ਰਭੂ ਅਜਿਹਾ ਬਾਦਸ਼ਾਹ ਹੈ, ਜਿਸ ਨੇ ਆਪ ਹੀ ਪੰਜ ਤੱਤਾਂ ਦੇ ਰੂਪ ਵਿਚ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਭਾਵ, ਸਿਰਜਕ ਆਪਣੀ ਸਿਰਜਣਾ ਵਿਚੋਂ ਹੀ ਆਪਣੀ ਕਲਾਤਮਕ ਪ੍ਰਤਿਭਾ ਦਾ ਅੰਦਾਜਾ ਲਗਾਉਂਦਾ ਹੈ, ਜਿਸ ਤਰ੍ਹਾਂ ਬਾਦਸ਼ਾਹ ਆਪਣਾ ਰਾਜ ਸਥਾਪਤ ਕਰਕੇ ਆਪਣੀ ਸਮਰੱਥਾ ਦਾ ਅੰਦਾਜਾ ਲਗਾਉਂਦਾ ਹੈ। ਪ੍ਰੋ. ਓਬਰਾਇ ਨੇ ਆਪਣੀ ਪੁਸਤਕ ‘ਮਾਈਂਡ ਐਂਡ ਸੁਸਾਇਟੀ’ ਦੇ ਸਫਾ ੨੮੪ ’ਤੇ ਦੱਸਿਆ ਹੈ ਕਿ ਪ੍ਰਭੂ ਨੇ ਲੁਪਤ ਰੂਪ ਵਿਚ ਆਪਣੇ-ਆਪ ਨੂੰ ਇਸ ਸੰਸਾਰ ਦੀ ਵੰਨ-ਸੁਵੰਨਤਾ ਵਿਚ ਢਾਲ ਲਿਆ ਤਾਂ ਜੋ ਉਹ ਚੁੱਪ-ਚੁਪੀਤੇ ਆਪਣੀ ਇਸ ਪਿਆਰੀ ਕਾਇਨਾਤ ਵਿਚੋਂ ਆਪਣੀ ਹੈਸੀਅਤ ਦੀ ਅਸਲੀਅਤ ਦੇਖ ਸਕੇ।
ਪਦੇ ਦੀ ਦੂਜੀ ਤੁਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਆਪ ਹੀ ਦੇਖਦਾ ਹੈ, ਬੁਝਦਾ ਹੈ ਤੇ ਸਭ ਕੁਝ ਜਾਣ ਲੈਂਦਾ ਹੈ। ਕਿਉਂਕਿ ਸ੍ਰਿਸ਼ਟੀ ਦੇ ਅੰਦਰ ਵੀ ਤੇ ਬਾਹਰ ਵੀ ਉਹ ਆਪ ਹੀ ਹੈ। ਭਾਵ, ਉਹ ਸਭ ਪਾਸੇ ਰਮਿਆ ਹੋਇਆ ਹੈ।