ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀ ਇਸ ਪੱਟੀ ਬਾਣੀ ਵਿਚ ਦੋ-ਦੋ ਤੁਕਾਂ ਦੇ ਪੈਂਤੀ ਪਦੇ ਹਨ। ਇਹ ਬਾਣੀ ਉਸ ਸਮੇਂ ਪ੍ਰਚਲਤ ਵਰਣਮਾਲਾ ਦੇ ਪੈਂਤੀ ਅੱਖਰਾਂ ’ਤੇ ਅਧਾਰਤ ਹੈ। ਇਸ ਵਿਚ ਗੁਰੂ ਸਾਹਿਬ ਦੁਆਰਾ ਅੱਖਰਾਂ ਦਾ ਇਕ ਮੁੱਲ-ਪ੍ਰਬੰਧ ਸਿਰਜਿਆ ਗਿਆ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਕੀਤੇ ਸੰਬੋਧਨ ਰਾਹੀਂ ਸੋਝੀ ਬਖਸ਼ਦੇ ਹਨ ਕਿ ਹੇ ਮੂਰਖ ਮਨ! ਤੂੰ ਕਿਉਂ ਭੁੱਲਿਆ ਫਿਰਦਾ ਹੈਂ? ਅਸਲ ਵਿਚ ਤੂੰ ਉਦੋਂ ਹੀ ਪੜ੍ਹਿਆ-ਲਿਖਿਆ ਮੰਨਿਆ ਜਾਵੇਂਗਾ, ਜਦੋਂ ਪ੍ਰਭੂ ਦੇ ਦਰਬਾਰ ਵਿਚ ਆਪਣੇ ਕਰਮਾਂ ਦਾ ਲੇਖਾ ਨਿਬੇੜ ਕੇ ਸੁਰਖਰੂ ਹੋਵੇਂਗਾ। ਅੱਖਰ-ਗਿਆਨ ਦੇ ਰਹੱਸ ਨੂੰ ਸਮਝਾਉਂਦਿਆਂ ਗੁਰੂ ਸਾਹਿਬ ਅੱਗੇ ਉਪਦੇਸ਼ ਕਰਦੇ ਹਨ ਕਿ ਪ੍ਰਭੂ ਅਨੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਸਾਰੇ ਮਨੁਖ ਉਸ ਦੇ ਹੁਕਮ ਵਿਚ ਬੱਝੇ ਹੋਏ ਹਨ। ਪ੍ਰਭੂ ਤੋਂ ਬਿਨਾਂ ਉਨ੍ਹਾਂ ਉੱਤੇ ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ। ਪ੍ਰਭੂ ਸਾਰਿਆਂ ਵਿਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਦਾ ਹੈ ਅਤੇ ਆਪ ਹੀ ਜੀਵਾਂ ਕੋਲੋਂ ਸਭ ਕੁਝ ਕਰਾਉਂਦਾ ਹੈ। ਪ੍ਰਭੂ ਤੋਂ ਬੇਮੁਖ ਹੋਇਆ ਹੰਕਾਰੀ ਮਨੁਖ ਸੰਸਾਰਕ ਪਦਾਰਥਾਂ ਵਿਚ ਖਚਿਤ ਹੋ ਕੇ ਦੁਖੀ ਹੁੰਦਾ ਰਹਿੰਦਾ ਹੈ। ਜੇਕਰ ਮਨੁਖ ਗੁਰ-ਸ਼ਬਦ ਰਾਹੀਂ ਸਦੀਵੀ ਪ੍ਰਭੂ ਨੂੰ ਪਛਾਣ ਲਵੇ ਤਾਂ ਉਹ ਫਿਰ ਦੁਬਾਰਾ ਜਨਮ-ਮਰਨ ਦੇ ਗੇੜ ਵਿਚ ਨਹੀਂ ਭਟਕਦਾ। ਜਿਹੜਾ ਮਨੁਖ ਇਨ੍ਹਾਂ ਪੈਂਤੀ ਅੱਖਰਾਂ ਰਾਹੀਂ ਦੱਸੇ ਰਹੱਸ ਨੂੰ ਜਾਣ ਲੈਂਦਾ ਹੈ, ਉਹ ਪ੍ਰਭੂ ਨਾਲ ਇਕਮਿਕਤਾ ਹਾਸਲ ਕਰ ਲੈਂਦਾ ਹੈ।
ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥
ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥
-ਗੁਰੂ ਗ੍ਰੰਥ ਸਾਹਿਬ ੪੩੨-੪੩੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਚੱਚੇ ਅੱਖਰ ਨੂੰ ਸੰਕੇਤਕ ਤੌਰ ’ਤੇ ਚਾਰ ਦੀ ਗਿਣਤੀ ਨਾਲ ਸੰਬੰਧਤ ਕਰਦੇ ਹੋਏ ਦੱਸਿਆ ਗਿਆ ਹੈ ਕਿ ਜਿਸ ਪਰਮ ਹਸਤੀ ਦੀ ਪ੍ਰੇਰਨਾ ਨਾਲ ਰਿਸ਼ੀਆਂ-ਮੁਨੀਆਂ ਨੇ ਚਾਰ ਵੇਦਾਂ ਦੀ ਰਚਨਾ ਕੀਤੀ। ਜਿਸ ਸਦਕਾ ਚਾਰ ਤਰ੍ਹਾਂ ਦੇ ਉਤਪਤੀ ਦੇ ਸਰੋਤ ਬਣੇ, ਸਮੇਂ ਦੇ ਚਾਰ ਜੁਗ, ਭਾਵ ਚਾਰ ਕਾਲ-ਖੰਡ ਹੋਂਦ ਵਿਚ ਆਏ। ਉਹ ਪਰਮ ਹਸਤੀ, ਭਾਵ ਮਹਾਨ ਰਚਨਾਕਾਰ ਪ੍ਰਭੂ ਆਪ ਹੀ ਜੀਵਾਂ ਵਿਚ ਵਿਆਪਕ ਹੋ ਕੇ ਸਰਗੁਣ ਸਰੂਪ ਵਿਚ ਸੰਸਾਰ ਵਿਚ ਲਿਪਤ ਹੋਣ ਵਾਲਾ ਭੋਗੀ ਹੈ ਅਤੇ ਨਿਰਗੁਣ ਸਰੂਪ ਵਿਚ ਹਰ ਕਾਲ-ਖੰਡ ਵਿਚ ਨਿਰਲੇਪ ਰਹਿਣ ਵਾਲਾ ਜੋਗੀ ਹੈ। ਇਥੋਂ ਤਕ ਕਿ ਇਨ੍ਹਾਂ ਵੇਦਾਂ ਦਾ ਅਧਿਐਨ ਕਰਨ ਵਾਲਾ ਵਿਦਵਾਨ ਵੀ ਉਹ ਆਪ ਹੀ ਹੈ। ਭਾਵ, ਉਸ ਦੇ ਬਿਨਾਂ ਹੋਰ ਕੁਝ ਵੀ ਨਹੀਂ ਹੈ।
ਸੰਸਕ੍ਰਿਤ ਵਿਚ ਚੱਚਾ ਧੁਨੀ ਦਾ ਅਰਥ ਜਾਂ, ਔਰ ਅਤੇ ਹੋਰ ਹੈ। ਪਰ ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਸ੍ਰਿਸ਼ਟੀ ਵਿਚ ਪ੍ਰਭੂ ਬਿਨਾਂ ਕੋਈ ਹੋਰ ਨਹੀਂ ਹੈ।