Guru Granth Sahib Logo
  
ਗੁਰੂ ਅਮਰਦਾਸ ਸਾਹਿਬ (੧੫੦੯ ਈ.-੧੫੭੪ ਈ.) ਦੁਆਰਾ ਉਚਾਰਣ ਕੀਤੀ ਇਸ ਪੱਟੀ ਬਾਣੀ ਵਿਚ ਦੋ-ਦੋ ਤੁਕਾਂ ਦੇ ਕੁੱਲ ੧੮ ਪਦੇ ਹਨ। ਰਹਾਉ ਵਾਲੇ ਪਦੇ ਵਿਚ ਦੁਨਿਆਵੀ ਲੇਖਾ ਜਾਂ ਲਿਖਣ-ਵਿਧੀ ਦਾ ਪੜ੍ਹਨਾ ਵਿਅਰਥ ਦੱਸ ਕੇ ਮਨ ਨੂੰ ਤਾਕੀਦ ਕੀਤੀ ਗਈ ਹੈ ਕਿ ਵਾਸਤਵਿਕ ਲੇਖਾ ਦੇਣਾ ਤਾਂ ਅਜੇ ਸਿਰ ’ਤੇ ਬਾਕੀ ਪਿਆ ਹੈ। ਬਾਕੀ ਪਦਿਆਂ ਵਿਚ ਪਾਂਧੇ ਨੂੰ ਸੰਬੋਧਨ ਕੀਤਾ ਗਿਆ ਹੈ। ਗੁਰੂ ਸਾਹਿਬ ਪਾਂਧੇ ਨੂੰ ਜਿੰਦਗੀ ਦਾ ਅਸਲ ਮਨੋਰਥ ਸਮਝਾਉਂਦੇ ਹਨ ਕਿ ਹੇ ਮੂਰਖ ਪਾਂਧੇ! ਤੂੰ ਪ੍ਰਭੂ ਨੂੰ ਕਦੇ ਯਾਦ ਨਹੀਂ ਕਰਦਾ। ਤੂੰ ਆਪਣਾ ਜੀਵਨ ਵਿਅਰਥ ਗਵਾ ਕੇ ਸੰਸਾਰ ਤੋਂ ਕੂਚ ਕਰਨ ਵੇਲੇ ਪਛਤਾਵੇਂਗਾ। ਤੈਨੂੰ ਮੁੜ-ਮੁੜ ਜੂਨਾਂ ਦੇ ਗੇੜ ਵਿਚ ਪੈ ਕੇ ਭਟਕਣਾ ਪਵੇਗਾ। ਤੂੰ ਆਪ ਤਾਂ ਸਹੀ ਜੀਵਨ-ਰਾਹ ਤੋਂ ਭਟਕਿਆ ਹੋਇਆ ਹੈਂ ਅਤੇ ਆਪਣੇ ਚੇਲਿਆਂ ਨੂੰ ਵੀ ਉਸੇ ਰਾਹ ਪਾ ਰਿਹਾ ਹੈਂ। ਤੂੰ ਧਰਮ-ਪੁਸਤਕਾਂ ਤਾਂ ਬਹੁਤ ਪੜ੍ਹਦਾ ਹੈਂ, ਪਰ ਉਨ੍ਹਾਂ ’ਤੇ ਅਮਲ ਨਹੀਂ ਕਰਦਾ। ਤੂੰ ਮਾਇਕੀ-ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈਂ। ਇਹ ਮਨੁਖਾ ਜਨਮ ਪ੍ਰ੍ਰਭੂ ਨਾਲ ਮਿਲਾਪ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਪਰ ਤੂੰ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨੋਂ ਭੁਲਾ ਛੱਡਿਆ ਹੈ। ਜਦਕਿ ਸਾਰੇ ਸੁਖਾਂ ਦਾ ਖਜਾਨਾ ਪ੍ਰਭੂ ਦਾ ਨਾਮ ਤੇਰੇ ਹਿਰਦੇ ਵਿਚ ਹੀ ਵਸਦਾ ਹੈ। ਜੋ ਸੱਚੇ ਗੁਰ-ਸ਼ਬਦ ਨਾਲ ਸਾਂਝ ਪਾਉਂਦਿਆ ਪ੍ਰਭੂ ਦੀ ਸਿਫਤਿ-ਸਾਲਾਹ ਕਰਨ ਲੱਗ ਪਏ, ਉਨ੍ਹਾਂ ਦਾ ਸਾਰਾ ਲੇਖਾ-ਜੋਖਾ ਨਿਬੜ ਗਿਆ ਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਸੁਰਖਰੂ ਹੋ ਗਏ।
ਜਜੈ  ਜੋਤਿ ਹਿਰਿ ਲਈ ਤੇਰੀ ਮੂੜੇ   ਅੰਤਿ ਗਇਆ ਪਛੁਤਾਵਹਿਗਾ 
ਏਕੁ ਸਬਦੁ ਤੂੰ ਚੀਨਹਿ ਨਾਹੀ  ਫਿਰਿ ਫਿਰਿ ਜੂਨੀ ਆਵਹਿਗਾ ॥੪॥
-ਗੁਰੂ ਗ੍ਰੰਥ ਸਾਹਿਬ ੪੩੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ‘ਜੱਜੇ’ ਅੱਖਰ ਨੂੰ ‘ਜੋਤ’ ਸ਼ਬਦ ਨਾਲ ਜੋੜਦਿਆਂ ਪਾਂਧੇ ਨੂੰ ਦੱਸਿਆ ਗਿਆ ਹੈ ਕਿ ਉਸ ਦੀ ਜੋਤ ਨੂੰ ਘੁੱਪ ਹਨ੍ਹੇਰੇ ਨੇ ਮੱਧਮ ਕਰ ਦਿੱਤਾ ਹੈ। ਭਾਵ, ਗਿਆਨ ਚੇਤਨਾ ਨੂੰ ਅਗਿਆਨ ਨੇ ਖੁੰਢਾ ਕਰ ਦਿੱਤਾ ਹੈ। ਇਸ ਕਾਰਣ ਉਹ ਆਪਣੇ ਅਸਲ ਮਕਸਦ ਤੋਂ ਭਟਕ ਗਿਆ ਹੈ। ਉਹ ਕੀਮਤੀ ਜੀਵਨ ਅਜਾਈਂ ਗਵਾ ਰਿਹਾ ਹੈ। ਅਖੀਰ ਉਸ ਨੂੰ ਪਛਤਾਉਣਾ ਪਵੇਗਾ।

ਜਦ ਤਕ ਉਹ ਉਸ ਇਕੋ-ਇਕ ਸ਼ਬਦ-ਬ੍ਰਹਮ, ਵਿਆਪਕ ਪ੍ਰਭੂ ਦਾ ਚਿੰਤਨ ਅਤੇ ਮੰਥਨ ਨਹੀਂ ਕਰਦਾ, ਉਦੋਂ ਤਕ ਉਹ ਮੁੜ-ਮੁੜ ਕੇ ਜਨਮ-ਮਰਨ ਦੇ ਦੁਖਾਂ ਵਿਚ ਘਿਰਿਆ ਰਹੇਗਾ। ਭਾਵ, ਕਦੇ ਵੀ ਸੁਖ-ਚੈਨ ਮਹਿਸੂਸ ਨਹੀਂ ਕਰ ਸਕੇਗਾ।

Tags