ਗੁਰੂ ਅਮਰਦਾਸ ਸਾਹਿਬ (੧੫੦੯ ਈ.-੧੫੭੪ ਈ.) ਦੁਆਰਾ ਉਚਾਰਣ ਕੀਤੀ ਇਸ ਪੱਟੀ ਬਾਣੀ ਵਿਚ ਦੋ-ਦੋ ਤੁਕਾਂ ਦੇ ਕੁੱਲ ੧੮ ਪਦੇ ਹਨ।
ਰਹਾਉ ਵਾਲੇ ਪਦੇ ਵਿਚ ਦੁਨਿਆਵੀ ਲੇਖਾ ਜਾਂ ਲਿਖਣ-ਵਿਧੀ ਦਾ ਪੜ੍ਹਨਾ ਵਿਅਰਥ ਦੱਸ ਕੇ ਮਨ ਨੂੰ ਤਾਕੀਦ ਕੀਤੀ ਗਈ ਹੈ ਕਿ ਵਾਸਤਵਿਕ ਲੇਖਾ ਦੇਣਾ ਤਾਂ ਅਜੇ ਸਿਰ ’ਤੇ ਬਾਕੀ ਪਿਆ ਹੈ। ਬਾਕੀ ਪਦਿਆਂ ਵਿਚ ਪਾਂਧੇ ਨੂੰ ਸੰਬੋਧਨ ਕੀਤਾ ਗਿਆ ਹੈ। ਗੁਰੂ ਸਾਹਿਬ ਪਾਂਧੇ ਨੂੰ ਜਿੰਦਗੀ ਦਾ ਅਸਲ ਮਨੋਰਥ ਸਮਝਾਉਂਦੇ ਹਨ ਕਿ ਹੇ ਮੂਰਖ ਪਾਂਧੇ! ਤੂੰ ਪ੍ਰਭੂ ਨੂੰ ਕਦੇ ਯਾਦ ਨਹੀਂ ਕਰਦਾ। ਤੂੰ ਆਪਣਾ ਜੀਵਨ ਵਿਅਰਥ ਗਵਾ ਕੇ ਸੰਸਾਰ ਤੋਂ ਕੂਚ ਕਰਨ ਵੇਲੇ ਪਛਤਾਵੇਂਗਾ। ਤੈਨੂੰ ਮੁੜ-ਮੁੜ ਜੂਨਾਂ ਦੇ ਗੇੜ ਵਿਚ ਪੈ ਕੇ ਭਟਕਣਾ ਪਵੇਗਾ। ਤੂੰ ਆਪ ਤਾਂ ਸਹੀ ਜੀਵਨ-ਰਾਹ ਤੋਂ ਭਟਕਿਆ ਹੋਇਆ ਹੈਂ ਅਤੇ ਆਪਣੇ ਚੇਲਿਆਂ ਨੂੰ ਵੀ ਉਸੇ ਰਾਹ ਪਾ ਰਿਹਾ ਹੈਂ। ਤੂੰ ਧਰਮ-ਪੁਸਤਕਾਂ ਤਾਂ ਬਹੁਤ ਪੜ੍ਹਦਾ ਹੈਂ, ਪਰ ਉਨ੍ਹਾਂ ’ਤੇ ਅਮਲ ਨਹੀਂ ਕਰਦਾ। ਤੂੰ ਮਾਇਕੀ-ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈਂ। ਇਹ ਮਨੁਖਾ ਜਨਮ ਪ੍ਰ੍ਰਭੂ ਨਾਲ ਮਿਲਾਪ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਪਰ ਤੂੰ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨੋਂ ਭੁਲਾ ਛੱਡਿਆ ਹੈ। ਜਦਕਿ ਸਾਰੇ ਸੁਖਾਂ ਦਾ ਖਜਾਨਾ ਪ੍ਰਭੂ ਦਾ
ਨਾਮ ਤੇਰੇ ਹਿਰਦੇ ਵਿਚ ਹੀ ਵਸਦਾ ਹੈ। ਜੋ ਸੱਚੇ ਗੁਰ-ਸ਼ਬਦ ਨਾਲ ਸਾਂਝ ਪਾਉਂਦਿਆ ਪ੍ਰਭੂ ਦੀ ਸਿਫਤਿ-ਸਾਲਾਹ ਕਰਨ ਲੱਗ ਪਏ, ਉਨ੍ਹਾਂ ਦਾ ਸਾਰਾ ਲੇਖਾ-ਜੋਖਾ ਨਿਬੜ ਗਿਆ ਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਸੁਰਖਰੂ ਹੋ ਗਏ।
ਰਾਗੁ ਆਸਾ ਮਹਲਾ ੩ ਪਟੀ
ੴ ਸਤਿਗੁਰ ਪ੍ਰਸਾਦਿ ॥
ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥
ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥
ਮਨ ਐਸਾ ਲੇਖਾ ਤੂੰ ਕੀ ਪੜਿਆ ॥
ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥
-ਗੁਰੂ ਗ੍ਰੰਥ ਸਾਹਿਬ ੪੩੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨੋਟ: ਮੁੱਖ ਰੂਪ ਵਿਚ ਇਸ ਬਾਣੀ ਵਿਚ ਉਸ ਪਾਂਧੇ ਨੂੰ ਸਮਝਾਇਆ ਗਿਆ ਹੈ, ਜਿਹੜਾ ਵਿਦਿਆਰਥੀਆਂ ਨੂੰ ਪੱਟੀ ਪੜ੍ਹਾਉਂਦਾ ਤੇ ਸਬਕ ਸਿਖਾਉਂਦਾ ਹੈ। ਪਰ ਇਸ ਦੇ ਪਹਿਲੇ ਪਦੇ ਵਿਚ ਹੀ ਮਨ ਨੂੰ ਮੁਖਾਤਬ ਹੋ ਕੇ ਇਹ ਸੰਕੇਤ ਕਰ ਦਿੱਤਾ ਗਿਆ ਹੈ ਕਿ ਬੇਸ਼ੱਕ ਬਾਣੀ ਕਿਸੇ ਇਤਿਹਾਸਕ ਪ੍ਰਕਰਣ ਵਿਚ ਉਚਾਰੀ ਗਈ ਹੈ, ਪਰ ਇਸ ਦੀ ਦਾਰਸ਼ਨਿਕ ਮਹੱਤਤਾ ਇਤਿਹਾਸ ਤੋਂ ਪਾਰ ਤਕ ਮਾਰ ਕਰਦੀ ਹੈ, ਜਿਸ ਕਰਕੇ ਇਸ ਦੀ ਸਿੱਖਿਆ ਪਾਂਧੇ ਤੋਂ ਲੈ ਕੇ ਹਰੇਕ ਵਿੱਦਿਆ ਪ੍ਰਦਾਨ ਕਰਨ ਵਾਲੇ ਤੇ ਸਮੂਹ ਮਨੁਖ ਮਾਤਰ ਲਈ ਸਦੀਵੀ ਤੌਰ ’ਤੇ ਮਹੱਤਵਪੂਰਣ ਹੋ ਜਾਂਦੀ ਹੈ।
ਇਸ ਬਾਣੀ ਦੇ ਅਰੰਭ ਵਿਚ ਅਯੋ (ਐੜੇ, ਈੜੀ, ਊੜੇ) ਅਤੇ ਅੰਙੈ (ਅੰ, ਅ:) ਅੱਖਰਾਂ ਰਾਹੀਂ ਪਾਤਸ਼ਾਹ ਦੱਸਦੇ ਹਨ ਕਿ ਸਾਰਾ ਜਗਤ ਆਇਆ ਹੈ, ਭਾਵ ਜਗਤ ਵਿਚ ਜੀਵਾਂ ਦੀ ਉਤਪਤੀ ਹੋਈ ਹੈ। ਫਿਰ ਕਾਖੈ (ਕੱਕੇ, ਖੱਖੇ) ਅਤੇ ਘੰਙੈ (ਗੱਗੇ, ਘੱਘੇ, ਙੰਙੇ) ਅੱਖਰਾਂ ਦੁਆਰਾ ਉਪਦੇਸ਼ ਕਰਦੇ ਹਨ ਕਿ ਇਹ ਜਗਤ ਮੌਤ ਦੇ ਅਧੀਨ ਹੈ, ਇਥੇ ਪੈਦਾ ਹੋਣ ਵਾਲਾ ਜੀਵ ਸਮਾਂ ਪੂਰਾ ਹੋਣ ’ਤੇ ਇਥੋਂ ਚਲਾ ਜਾਂਦਾ ਹੈ।
ਰੀਰੀ ਅਤੇ ਲੱਲੀ ਅੱਖਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਦ ਇਹ ਸੰਸਾਰ ਦੁਸ਼ਕਰਮਾਂ ਵਿਚ ਗਲਤਾਨ ਹੋ ਗਿਆ ਤਾਂ ਬੁਰੀਆਂ ਆਦਤਾਂ ਵਿਚ ਪੈ ਕੇ ਉਸ ਨੂੰ ਗੁਣਾਂ ਦਾ ਚੇਤਾ ਹੀ ਭੁੱਲ ਜਾਂਦਾ ਹੈ। ਭਾਵ, ਪਾਪ ਦੀ ਪ੍ਰਵਿਰਤੀ ਵਿਚ ਵਾਧਾ ਹੋ ਜਾਂਦਾ ਹੈ।
ਫਿਰ ਮਨ ਨੂੰ ਸਵਾਲ ਕੀਤਾ ਗਿਆ ਹੈ ਕਿ ਇਸ ਮਨ ਨੇ ਕਿਹੋ-ਜਿਹਾ ਹਿਸਾਬ-ਕਿਤਾਬ ਪੜ੍ਹ ਲਿਆ ਹੈ ਕਿ ਇਸ ਦੇ ਸਿਰ ਲੇਖੇ ਦਾ ਹਿਸਾਬ ਹਾਲੇ ਵੀ ਬਾਕੀ ਹੈ। ਭਾਵ, ਮੁੱਕਣ ਵਿਚ ਹੀ ਨਹੀਂ ਆਉਂਦਾ।