ਗੁਰੂ ਅਮਰਦਾਸ ਸਾਹਿਬ (੧੫੦੯ ਈ.-੧੫੭੪ ਈ.) ਦੁਆਰਾ ਉਚਾਰਣ ਕੀਤੀ ਇਸ ਪੱਟੀ ਬਾਣੀ ਵਿਚ ਦੋ-ਦੋ ਤੁਕਾਂ ਦੇ ਕੁੱਲ ੧੮ ਪਦੇ ਹਨ।
ਰਹਾਉ ਵਾਲੇ ਪਦੇ ਵਿਚ ਦੁਨਿਆਵੀ ਲੇਖਾ ਜਾਂ ਲਿਖਣ-ਵਿਧੀ ਦਾ ਪੜ੍ਹਨਾ ਵਿਅਰਥ ਦੱਸ ਕੇ ਮਨ ਨੂੰ ਤਾਕੀਦ ਕੀਤੀ ਗਈ ਹੈ ਕਿ ਵਾਸਤਵਿਕ ਲੇਖਾ ਦੇਣਾ ਤਾਂ ਅਜੇ ਸਿਰ ’ਤੇ ਬਾਕੀ ਪਿਆ ਹੈ। ਬਾਕੀ ਪਦਿਆਂ ਵਿਚ ਪਾਂਧੇ ਨੂੰ ਸੰਬੋਧਨ ਕੀਤਾ ਗਿਆ ਹੈ। ਗੁਰੂ ਸਾਹਿਬ ਪਾਂਧੇ ਨੂੰ ਜਿੰਦਗੀ ਦਾ ਅਸਲ ਮਨੋਰਥ ਸਮਝਾਉਂਦੇ ਹਨ ਕਿ ਹੇ ਮੂਰਖ ਪਾਂਧੇ! ਤੂੰ ਪ੍ਰਭੂ ਨੂੰ ਕਦੇ ਯਾਦ ਨਹੀਂ ਕਰਦਾ। ਤੂੰ ਆਪਣਾ ਜੀਵਨ ਵਿਅਰਥ ਗਵਾ ਕੇ ਸੰਸਾਰ ਤੋਂ ਕੂਚ ਕਰਨ ਵੇਲੇ ਪਛਤਾਵੇਂਗਾ। ਤੈਨੂੰ ਮੁੜ-ਮੁੜ ਜੂਨਾਂ ਦੇ ਗੇੜ ਵਿਚ ਪੈ ਕੇ ਭਟਕਣਾ ਪਵੇਗਾ। ਤੂੰ ਆਪ ਤਾਂ ਸਹੀ ਜੀਵਨ-ਰਾਹ ਤੋਂ ਭਟਕਿਆ ਹੋਇਆ ਹੈਂ ਅਤੇ ਆਪਣੇ ਚੇਲਿਆਂ ਨੂੰ ਵੀ ਉਸੇ ਰਾਹ ਪਾ ਰਿਹਾ ਹੈਂ। ਤੂੰ ਧਰਮ-ਪੁਸਤਕਾਂ ਤਾਂ ਬਹੁਤ ਪੜ੍ਹਦਾ ਹੈਂ, ਪਰ ਉਨ੍ਹਾਂ ’ਤੇ ਅਮਲ ਨਹੀਂ ਕਰਦਾ। ਤੂੰ ਮਾਇਕੀ-ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈਂ। ਇਹ ਮਨੁਖਾ ਜਨਮ ਪ੍ਰ੍ਰਭੂ ਨਾਲ ਮਿਲਾਪ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਪਰ ਤੂੰ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨੋਂ ਭੁਲਾ ਛੱਡਿਆ ਹੈ। ਜਦਕਿ ਸਾਰੇ ਸੁਖਾਂ ਦਾ ਖਜਾਨਾ ਪ੍ਰਭੂ ਦਾ
ਨਾਮ ਤੇਰੇ ਹਿਰਦੇ ਵਿਚ ਹੀ ਵਸਦਾ ਹੈ। ਜੋ ਸੱਚੇ ਗੁਰ-ਸ਼ਬਦ ਨਾਲ ਸਾਂਝ ਪਾਉਂਦਿਆ ਪ੍ਰਭੂ ਦੀ ਸਿਫਤਿ-ਸਾਲਾਹ ਕਰਨ ਲੱਗ ਪਏ, ਉਨ੍ਹਾਂ ਦਾ ਸਾਰਾ ਲੇਖਾ-ਜੋਖਾ ਨਿਬੜ ਗਿਆ ਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਸੁਰਖਰੂ ਹੋ ਗਏ।
ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ ॥
ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥
-ਗੁਰੂ ਗ੍ਰੰਥ ਸਾਹਿਬ ੪੩੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਧਾਰਮਕ ਮਾਨਤਾ ਹੈ ਕਿ ਤਮਾਮ ਜੀਵਾਂ ਵਿਚੋਂ ਸਿਰਫ ਮਨੁਖ ਹੀ ਹੈ ਜੋ ਪ੍ਰਭੂ ਨਾਲ ਮਿਲ ਸਕਦਾ ਹੈ। ਇਸ ਕਰਕੇ ਮਨੁਖ ਨੂੰ ਸ੍ਰੇਸ਼ਟ ਜੀਵ ਵੀ ਮੰਨਿਆ ਜਾਂਦਾ ਹੈ।
ਇਸ ਲਈ ਇਸ ਪਦੇ ਵਿਚ ‘ਵਵੇ’ ਅੱਖਰ ਨੂੰ ‘ਵਾਰੀ,’ ‘ਵਾਸੁਦੇਉ’ ਅਤੇ ‘ਵੀਸਰਿਆ’ ਸ਼ਬਦਾਂ ਨਾਲ ਜੋੜਦਿਆਂ ਪਾਤਸ਼ਾਹ ਦੱਸਦੇ ਹਨ ਕਿ ਮੂਰਖ ਪਾਂਧੇ ਦੀ ਹੁਣ ਵਾਰੀ ਹੈ। ਇਥੇ ‘ਵਾਰੀ’ ਸ਼ਬਦ ਪ੍ਰਭੂ-ਮਿਲਾਪ ਦੇ ਅਵਸਰ ਵੱਲ ਸੰਕੇਤ ਕਰਦਾ ਹੈ। ਪਰ ਇਸ ਵਾਰੀ ਦੇ ਬਾਵਜੂਦ ਉਸ ਨੂੰ ਮਨ ਵਿਚ ਵਸਣ ਵਾਲਾ ਪ੍ਰਭੂ ਵਿਸਰ, ਭਾਵ ਭੁੱਲ ਗਿਆ ਹੈ।
ਅਗਲੀ ਤੁਕ ਵਿਚ ਉਸ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਮਨੁਖਾ ਜੀਵਨ ਹੁੰਦੇ ਹੋਏ ਪ੍ਰਭੂ ਨਾਲ ਨਾ ਮਿਲ ਸਕਿਆ ਤਾਂ ਫਿਰ ਉਹ ਮੂਰਖ ਜਨਮ-ਮਰਨ ਦੇ ਚੱਕਰ ਵਿਚ ਫਸ ਕੇ ਵਾਰ-ਵਾਰ ਮੌਤ ਦਾ ਸਾਹਮਣਾ ਕਰਦਾ ਰਹੇਗਾ। ਭਾਵ, ਬਿਹਤਰ ਹੈ ਕਿ ਉਹ ਬਾਕੀ ਸਾਰੇ ਰੁਝਾਨ ਤਿਆਗ ਕੇ ਪ੍ਰਭੂ-ਮਿਲਾਪ ਲਈ ਜਤਨਸ਼ੀਲ ਹੋਵੇ।