ਗੁਰੂ ਅਮਰਦਾਸ ਸਾਹਿਬ (੧੫੦੯ ਈ.-੧੫੭੪ ਈ.) ਦੁਆਰਾ ਉਚਾਰਣ ਕੀਤੀ ਇਸ ਪੱਟੀ ਬਾਣੀ ਵਿਚ ਦੋ-ਦੋ ਤੁਕਾਂ ਦੇ ਕੁੱਲ ੧੮ ਪਦੇ ਹਨ।
ਰਹਾਉ ਵਾਲੇ ਪਦੇ ਵਿਚ ਦੁਨਿਆਵੀ ਲੇਖਾ ਜਾਂ ਲਿਖਣ-ਵਿਧੀ ਦਾ ਪੜ੍ਹਨਾ ਵਿਅਰਥ ਦੱਸ ਕੇ ਮਨ ਨੂੰ ਤਾਕੀਦ ਕੀਤੀ ਗਈ ਹੈ ਕਿ ਵਾਸਤਵਿਕ ਲੇਖਾ ਦੇਣਾ ਤਾਂ ਅਜੇ ਸਿਰ ’ਤੇ ਬਾਕੀ ਪਿਆ ਹੈ। ਬਾਕੀ ਪਦਿਆਂ ਵਿਚ ਪਾਂਧੇ ਨੂੰ ਸੰਬੋਧਨ ਕੀਤਾ ਗਿਆ ਹੈ। ਗੁਰੂ ਸਾਹਿਬ ਪਾਂਧੇ ਨੂੰ ਜਿੰਦਗੀ ਦਾ ਅਸਲ ਮਨੋਰਥ ਸਮਝਾਉਂਦੇ ਹਨ ਕਿ ਹੇ ਮੂਰਖ ਪਾਂਧੇ! ਤੂੰ ਪ੍ਰਭੂ ਨੂੰ ਕਦੇ ਯਾਦ ਨਹੀਂ ਕਰਦਾ। ਤੂੰ ਆਪਣਾ ਜੀਵਨ ਵਿਅਰਥ ਗਵਾ ਕੇ ਸੰਸਾਰ ਤੋਂ ਕੂਚ ਕਰਨ ਵੇਲੇ ਪਛਤਾਵੇਂਗਾ। ਤੈਨੂੰ ਮੁੜ-ਮੁੜ ਜੂਨਾਂ ਦੇ ਗੇੜ ਵਿਚ ਪੈ ਕੇ ਭਟਕਣਾ ਪਵੇਗਾ। ਤੂੰ ਆਪ ਤਾਂ ਸਹੀ ਜੀਵਨ-ਰਾਹ ਤੋਂ ਭਟਕਿਆ ਹੋਇਆ ਹੈਂ ਅਤੇ ਆਪਣੇ ਚੇਲਿਆਂ ਨੂੰ ਵੀ ਉਸੇ ਰਾਹ ਪਾ ਰਿਹਾ ਹੈਂ। ਤੂੰ ਧਰਮ-ਪੁਸਤਕਾਂ ਤਾਂ ਬਹੁਤ ਪੜ੍ਹਦਾ ਹੈਂ, ਪਰ ਉਨ੍ਹਾਂ ’ਤੇ ਅਮਲ ਨਹੀਂ ਕਰਦਾ। ਤੂੰ ਮਾਇਕੀ-ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈਂ। ਇਹ ਮਨੁਖਾ ਜਨਮ ਪ੍ਰ੍ਰਭੂ ਨਾਲ ਮਿਲਾਪ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਪਰ ਤੂੰ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨੋਂ ਭੁਲਾ ਛੱਡਿਆ ਹੈ। ਜਦਕਿ ਸਾਰੇ ਸੁਖਾਂ ਦਾ ਖਜਾਨਾ ਪ੍ਰਭੂ ਦਾ
ਨਾਮ ਤੇਰੇ ਹਿਰਦੇ ਵਿਚ ਹੀ ਵਸਦਾ ਹੈ। ਜੋ ਸੱਚੇ ਗੁਰ-ਸ਼ਬਦ ਨਾਲ ਸਾਂਝ ਪਾਉਂਦਿਆ ਪ੍ਰਭੂ ਦੀ ਸਿਫਤਿ-ਸਾਲਾਹ ਕਰਨ ਲੱਗ ਪਏ, ਉਨ੍ਹਾਂ ਦਾ ਸਾਰਾ ਲੇਖਾ-ਜੋਖਾ ਨਿਬੜ ਗਿਆ ਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਸੁਰਖਰੂ ਹੋ ਗਏ।
ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥
ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥
-ਗੁਰੂ ਗ੍ਰੰਥ ਸਾਹਿਬ ੪੩੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪੱਪੇ ਅੱਖਰ ਨੂੰ ‘ਪਾਰਿ’ ਅਤੇ ‘ਪਵਹੀ’ ਸ਼ਬਦਾਂ ਨਾਲ ਜੋੜਦਿਆਂ ਪਾਤਸ਼ਾਹ ਦੱਸਦੇ ਹਨ ਕਿ ਮੂਰਖ ਪਾਂਧਾ ਇਸ ਦਿਸਦੇ ਸੰਸਾਰ ਦੀ ਝੂਠੀ ਚਮਕ-ਦਮਕ ਵਿਚ ਇਸ ਹੱਦ ਤਕ ਖਚਿਤ ਹੋਇਆ ਪਿਆ ਹੈ ਕਿ ਉਹ ਇਸ ਤੋਂ ਪਾਰ ਜਾਣ ਦੇ ਰਾਹ ਵੀ ਨਹੀਂ ਪੈ ਸਕਦਾ। ਭਾਵ, ਕੋਸ਼ਿਸ਼ ਕਰਨ ਦੇ ਵੀ ਸਮਰੱਥ ਨਹੀਂ ਰਿਹਾ।
ਫਿਰ ਦੱਸਿਆ ਗਿਆ ਹੈ ਕਿ ਜਿਹੋ-ਜਿਹਾ ਇਸ ਮੂਰਖ ਦੇ ਸਿਰ ’ਤੇ ਕੀਤੇ ਹੋਏ ਕਰਮਾ ਦਾ ਜਮ੍ਹਾਂ ਹੋਇਆ ਲੇਖਾ-ਜੋਖਾ ਜਾਂ ਨਿਚੋੜ ਸੀ, ਉਸ ਦੇ ਮੁਤਾਬਕ ਹੀ ਸਦਾ-ਥਿਰ ਪ੍ਰਭੂ ਨੇ ਉਸ ਨੂੰ ਕੁਰਾਹੇ ਪਾਇਆ ਹੋਇਆ ਹੈ।
ਬੇਸ਼ੱਕ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ, ਜਿਵੇਂ ਉਸ ਨੂੰ ਪ੍ਰਭੂ ਨੇ ਕੁਰਾਹੇ ਪਾਇਆ ਹੋਵੇ। ਪਰ ਅਸਲੀਅਤ ਇਹ ਹੈ ਕਿ ਉਹ ਆਪਣੀ ਹਾਲਤ ਦਾ ਆਪ ਜਿੰਮੇਵਾਰ ਹੈ। ਜਿਵੇਂ ਕਿਸੇ ਨਾਗਰਿਕ ਨੂੰ ਜੱਜ ਦੁਆਰਾ ਗਲਤੀ ਦੀ ਸਜਾ ਕਨੂੰਨ ਮੁਤਾਬਕ ਦਿੱਤੀ ਜਾਂਦੀ ਹੈ। ਪਰ ਉਸ ਗਲਤੀ ਦਾ ਜਿੰਮੇਵਾਰ ਜੱਜ ਜਾਂ ਕਨੂੰਨ ਨਹੀਂ ਹੁੰਦਾ, ਬਲਕਿ ਨਾਗਰਿਕ ਖੁਦ ਹੁੰਦਾ ਹੈ।