ਇਸ
ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਬੁਝਾਰਤ-ਰੂਪ ਵਿਚ ਦੱਸਦੇ ਹਨ ਕਿ ਗੁਰ-ਸ਼ਬਦ ਰੂਪੀ ਥਾਲ ਵਿਚ ਤਿੰਨ ਅਮੋਲਕ ਵਸਤਾ ਪਈਆਂ ਹਨ। ਜਿਹੜਾ ਮਨੁਖ ਇਨ੍ਹਾਂ ਦਾ ਸੇਵਨ ਕਰਦਾ ਹੈ, ਉਹ ਮੁਕਤੀ-ਦਾਤੇ ਪ੍ਰਭੂ ਦਾ ਦਰ ਪ੍ਰਾਪਤ ਕਰ ਲੈਂਦਾ ਹੈ। ਪਰ ਇਹ ਦੁਰਲਭ ਭੋਜਨ ਗੁਰ-ਸ਼ਬਦ ਦੀ ਵਿਚਾਰ ਰਾਹੀਂ ਪ੍ਰਾਪਤ ਹੁੰਦਾ ਹੈ। ਇਸ ਬੁਝਾਰਤ ਨੂੰ ਉਹੀ ਬੁਝਦਾ ਹੈ, ਜਿਸ ਨੂੰ
ਗੁਰੂ ਦੁਆਰਾ ਸੋਝੀ ਬਖਸ਼ੀ ਜਾਂਦੀ ਹੈ। ਗੁਰੂ ਦੇ ਅਨੁਸਾਰੀ ਹੋ ਕੇ ਉਹ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ।
ਸਲੋਕੁ ਮਃ ੩ ॥
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥
-ਗੁਰੂ ਗ੍ਰੰਥ ਸਾਹਿਬ ੬੪੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰੂ ਗ੍ਰੰਥ ਸਾਹਿਬ ਵਿਚ ‘ਮੁਦਾਵਣੀ’ ਸ਼ਬਦ ਕੇਵਲ ‘ਰਾਗ ਸੋਰਠਿ ਦੀ ਵਾਰ’ ਦੇ ਇਸ ਅੱਠਵੇਂ ਸਲੋਕ ਵਿਚ ਦੋ ਵਾਰ ਆਇਆ ਹੈ। ਵਿਦਵਾਨਾਂ ਨੇ ਇਸ ਨੂੰ ‘ਪੋਠੋਹਾਰੀ’ ਬੋਲੀ ਦਾ ਸ਼ਬਦ ਮੰਨਦਿਆਂ ਹੋਇਆਂ ਇਸ ਦੇ ਮੂਲ ਅਰਥ ‘ਬੁਝਾਰਤ’ ਕੀਤੇ ਹਨ। ਪੋਠੋਹਾਰੀ ਦਾ ਇਕ ਪ੍ਰਸਿੱਧ ਮੁਹਾਵਰਾ ਵੀ ਹੈ, ‘ਮੁਦਾਵਣਹਾਰੀਆਂ ਕਿਉਂ ਪਾਨੋ ਓ’ ਭਾਵ ਕਿ ਬੁਝਾਰਤਾਂ ਕਿਉਂ ਪਾ ਰਹੇ ਹੋ? ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਣ ਕੀਤੇ ਇਸ ਸਲੋਕ ਵਿਚ ਇਕ ਬੁਝਾਰਤ ਰੂਪ ਇਸ਼ਾਰਾ ਹੈ, ਜਿਸ ਦਾ ਮਕਸਦ ਗੁਰਬਾਣੀ ਦਾ ਪ੍ਰਮੁੱਖ ਆਸ਼ਾ ਸਪਸ਼ਟ ਕਰਨਾ ਹੈ। ਗੁਰੂ ਸਾਹਿਬ ਨੇ ਹਰ ਮਨੁਖ ਨੂੰ ਇਹ ਬੁਝਾਰਤ ਬੁੱਝ ਕੇ, ਉਸ ਨੂੰ ਆਪਣੇ ਹਿਰਦੇ ਵਿਚ ਸੰਭਾਲਣ ਦੀ ਗੱਲ ਕੀਤੀ ਹੈ, ਜਿਸ ਨਾਲ ਉਸ ਦਾ ਭਲਾ ਹੋਵੇਗਾ। ਇਹ ਬੁਝਾਰਤ ਕੀ ਹੈ? ਇਸ ਦੀ ਸਮਝ ਕਿਵੇਂ ਅਤੇ ਕਿਸ ਨੂੰ ਲੱਗੇਗੀ? ਇਸ ਬੁਝਾਰਤ ਦਾ ਜੁਆਬ ਕਿਥੋਂ ਮਿਲੇਗਾ? ਇਸ ਅੜਾਉਣੀ ਦਾ ਹੱਲ ਮਨੁਖ ਦਾ ਭਲਾ ਕਿਵੇਂ ਕਰੇਗਾ? ਇਨ੍ਹਾਂ ਸਭ ਸੁਆਲਾਂ ਦੇ ਜੁਆਬ ਗੁਰੂ ਸਾਹਿਬ ਦੇ ਇਸ ਸਲੋਕ ਵਿਚੋਂ ਹੀ ਮਿਲਦੇ ਹਨ।
ਇਸ ਸਲੋਕ ਵਿਚ ਗੁਰੂ ਸਾਹਿਬ ਦੱਸ ਰਹੇ ਹਨ ਕਿ ਜਿਵੇਂ ਖਾਣ ਲਈ ਥਾਲ ਵਿਚ ਭੋਜਨ ਪਰੋਸਿਆ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਗੁਰ-ਸ਼ਬਦ ਰੂਪੀ ਇਕ ਥਾਲ ਹੈ, ਜਿਸ ਵਿਚ ਤਿੰਨ ਅਮੁੱਲ ਚੀਜਾਂ ਦੇ ਸੁਮੇਲ ਤੋਂ ਤਿਆਰ ਹੋਇਆ ਆਤਮਕ ਭੋਜਨ ਹੈ। ਇਸ ਅੰਮ੍ਰਿਤਮਈ ਖਾਣੇ ਨੂੰ ਹੀ ਪ੍ਰੇਮਸ਼ਰ ਦਾ ਸ੍ਰੇਸ਼ਟ ਭੋਜਨ ਮੰਨਿਆ ਗਿਆ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਇਸ ਨੂੰ ਖਾਣ ਨਾਲ ਜਿਥੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਉਥੇ ਹੀ ਇਸ ਦਾ ਸੇਵਨ ਕਰਨ ਵਾਲਾ ਮੁਕਤੀ ਦਾ ਦਰ ਪ੍ਰਾਪਤ ਕਰ ਲੈਂਦਾ ਹੈ। ਪਰ ਹੁਣ ਜਗਿਆਸੂ ਦੇ ਮਨ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਤਿੰਨ ਚੀਜਾਂ ਦੀ ਗੱਲ ਕੀਤੀ ਗਈ ਹੈ, ਉਹ ਹੈ ਕੀ ਹਨ? ਕਿਉਕਿ ਇਸ ਸਲੋਕ ਵਿਚ ਥਾਲ ਵਿਚ ਪਰੋਸੇ ਭੋਜਨ ਦੇ ਗੁਣ ਤਾਂ ਦੱਸ ਦਿੱਤੇ ਹਨ ਪਰ ਉਹ ਚੀਜ਼ਾਂ ਨਹੀ ਦੱਸੀਆਂ। ਇਹ ਇਕ ਕਿਸਮ ਦੀ ਬੁਝਾਰਤ ਬਣ ਗਈ ਹੈ, ਜਿਸ ਦਾ ਜੁਆਬ ਜਗਿਆਸੂਆਂ ਨੇ ਖੋਜਣਾ ਹੈ। ਇਸ ਦਾ ਜੁਆਬ ਗੁਰੂ ਅਰਜਨ ਸਾਹਿਬ ਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ਉਚਾਰਣ ਕੀਤੀ ‘ਮੁੰਦਾਵਣੀ’ ਵਿਚੋਂ ਮਿਲਦਾ ਹੈ। ਉਥੇ ਦੱਸਿਆ ਗਿਆ ਹੈ ਕਿ “ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ” ਭਾਵ ਓਹ ਚੀਜ਼ਾਂ ਹਨ, ਸਤ, ਸੰਤੋਖ ਅਤੇ ਵਿਚਾਰ।
ਇਕ ਗੱਲ ਸਪਸ਼ਟ ਹੈ ਕਿ ਜਿਸ ਨੇ ਇਹ ਗੁਰ-ਸ਼ਬਦ ਰੂਪੀ ਭੋਜਨ ਖਾਧਾ ਅਤੇ ਪਚਾਇਆ ਭਾਵ ਅਮਲ ਦਾ ਹਿੱਸਾ ਬਣਾਇਆ ਹੈ, ਉਸ ਨੂੰ ਹੀ ਇਸ ਤੋਂ ਲਾਭ ਪ੍ਰਾਪਤ ਹੋਇਆ ਹੈ। ਇਸ ਉਪਦੇਸ਼ ਰੂਪ ਰੂਹਾਨੀ ਭੋਜਨ ਦੇ ਸੇਵਨ ਨਾਲ ਮਨ ਸੰਤੁਸ਼ਟ ਹੋ ਜਾਂਦਾ ਹੈ, ਕਿਸੇ ਤਰਾਂ ਦਾ ਫਿਕਰ ਨਹੀਂ ਰਹਿੰਦਾ। ਮਨੁਖ ਦੀ ਹਰ ਤਰ੍ਹਾਂ ਦੀ ਕਮੀ-ਪੇਸ਼ੀ ਦੂਰ ਹੋ ਜਾਂਦੀ ਹੈ ਤੇ ਉਹ ਮੁਕਤੀ ਪ੍ਰਦਾਨ ਕਰਨ ਵਾਲੇ ਪ੍ਰਭੂ ਦੇ ਦਰ ਉੱਤੇ ਪੁੱਜ ਜਾਂਦਾ ਹੈ। ਇਸ ਭੋਜਨ ਵਿਚ ਜਿੰਨ੍ਹਾਂ ਤਿੰਨ ਚੀਜ਼ਾਂ ਦੀ ਗੱਲ ਹੋਈ ਹੈ, ਉਸ ਵਿਚੋਂ ਪਹਿਲੀ ਵਸਤੂ ‘ਸਤੁ’ ਦਾ ਸੰਬੰਧ ਮਨੁਖ ਦੀ ਸਚਿਆਰਤਾ ਨਾਲ ਹੈ, ਭਾਵ ਸਦਾਚਾਰਕ ਗੁਣਾਂ ਨਾਲ ਭਰਪੂਰ ਉੱਚਾ-ਸੁੱਚਾ ਜੀਵਨ, ਇਹ ਵੀ ਗੁਰ-ਸ਼ਬਦ ਵਿਚੋਂ ਪ੍ਰਾਪਤ ਹੁੰਦਾ ਹੈ। ਦੂਸਰੀ ਵਸਤੂ ‘ਸੰਤੋਖ’ ਹੈ, ਇਸ ਤੋਂ ਬਿਨਾਂ ਕੋਈ ਵੀ ਮਨੁਖ ਸੰਸਾਰ ਵਾਲੇ ਪਾਸੇ ਤੋਂ ਨਹੀਂ ਰੱਜ ਸਕਦਾ। ਇਸ ਵਸਤੂ ਦੇ ਕਾਰਣ ਹੀ ਸਬਰ ਵਾਲਾ ਸੁਭਾਉ ਬਣਦਾ ਹੈ। ਤੀਜੀ ਵਸਤੂ ਹੈ ‘ਵਿਚਾਰ’ ਭਾਵ ਕਿ ਗਿਆਨ, ਇਸ ਤੋਂ ਬਿਨਾਂ ਮਨੁਖੀ ਮਨ ਨੂੰ ਇਕ ਥਾਂ ਟਿਕਾ ਕੇ ਨਹੀ ਰਖਿਆ ਜਾ ਸਕਦਾ। ਇਹ ਗਿਆਨ ਹੀ ਸਹੀ-ਗਲਤ ਦੀ ਪਹਿਚਾਣ ਕਰਨ ਵਿਚ ਮਨੁਖ ਦੀ ਸਹਾਇਤਾ ਕਰਦਾ ਹੈ। ਇਨ੍ਹਾਂ ਤਿੰਨਾਂ ਦੇ ਸੁਮੇਲ ਤੋਂ ਪ੍ਰਾਪਤ ਹੋਏ ਭੋਜਨ ਨੂੰ ਸ੍ਰੇਸ਼ਟ ਮੰਨਿਆ ਗਿਆ ਹੈ। ਜਦੋਂ ਜਗਿਆਸੂ ਗੁਰ-ਸ਼ਬਦ ਰੂਪੀ ਇਸ ਭੋਜਨ ਦਾ ਸੇਵਨ ਕਰਦਾ ਹੈ ਤਾਂ ਜਿਥੇ ਇਕ ਪਾਸੇ ਗੁਰ-ਗਿਆਨ ਆਸਰੇ ਉਹ ਵਿਸ਼ੇ-ਵਿਕਾਰਾਂ ਤੋਂ ਬੰਦ-ਖਲਾਸੀ ਹਾਸਲ ਕਰ ਲੈਂਦਾ ਹੈ, ਭਾਵ ਮੁਕਤ ਹੋ ਜਾਂਦਾ ਹੈ, ਉਥੇ ਹੀ ਉਸ ਦਾ ਮਨ ਜੀਵਨ ਦੇ ਹਰ ਪਖ ਤੋਂ ਸੰਤੁਸ਼ਟ ਹੋ ਜਾਂਦਾ ਹੈ। ਇਹ ਅਵਸਥਾ ਅਸਲ ਵਿਚ ਪ੍ਰਭੂ ਮਿਲਾਪ ਦੀ ਹੈ।
ਫਿਰ ਅੱਗੇ ਗੁਰੂ ਸਾਹਿਬ ਜਗਿਆਸੂਆਂ ਨੂੰ ਸੰਬੋਧਨ ਕਰਦਿਆਂ ਆਖਦੇ ਹਨ ਕਿ ਭਾਈ ਵੇਖੋ ਜਿਸ ਆਤਮਕ ਭੋਜਨ ਦੇ ਗੁਣ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਹਨ, ਇਹ ਬਹੁਤ ਹੀ ਦੁਰਲੱਭ ਭੋਜਨ ਹੈ। ਹੁਣ ਜਗਿਆਸੂ ਦੇ ਮਨ ਵਿਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਉਹ ਇਸ ਦੁਰਲੱਭ ਭੋਜਨ ਤਕ ਕਿਵੇਂ ਪਹੁੰਚ ਸਕਦਾ ਹੈ? ਤਾਂ ਗੁਰੂ ਸਾਹਿਬ ਨੇ ਇਸ ਦਾ ਜੁਆਬ ਦਿੰਦਿਆ ਦੱਸਿਆ ਹੈ ਕਿ, ਇਹ ਖਾਣਾ ਕੇਵਲ ਉਹੀ ਮਨੁਖ ਪ੍ਰਾਪਤ ਕਰ ਸਕਦਾ ਹੈ ਜੋ ਗੁਰ-ਸ਼ਬਦ ਦੀ ਵਿਚਾਰ ਭਾਵ, ਉਪਦੇਸ਼ ਨੂੰ ਅੰਗੀਕਾਰ ਕਰਦਾ ਹੈ। ਇਸ ਭੋਜਨ ਤਕ ਪਹੁੰਚਣ ਦੀ ਜੁਗਤ ਕੇਵਲ ਗੁਰੂ ਪਾਸ ਹੈ। ਗੁਰੂ ਦੀ ਸਿੱਖਿਆ ਨੂੰ ਅਮਲੀ ਜੀਵਨ ਦਾ ਹਿੱਸਾ ਬਣਾ ਕੇ ਹੀ ਇਹ ਸ੍ਰੇਸ਼ਟ ਆਤਮਕ ਭੋਜਨ ਮਿਲਦਾ ਹੈ।
ਗੁਰੂ ਸਾਹਿਬ ਦੱਸਦੇ ਹਨ ਕਿ ਜਿਸ ਸ੍ਰੇਸ਼ਟ ਅਤੇ ਦੁਰਲੱਭ ਭੋਜਨ ਦੀ ਉਪਰ ਗੱਲ ਕੀਤੀ ਗਈ ਹੈ, ਉਹ ਅਸਲ ਵਿਚ ਕੀ ਹੈ? ਇਹ ਇਕ ਬੁਝਾਰਤ ਜਾਂ ਅੜਾਉਣੀ ਹੈ। ਜਗਿਆਸੂ ਨੇ ਇਸ ਨੂੰ ਹੱਲ ਕਰਨ ਲਈ ਹੀ ਗੁਰੂ ਦਾ ਪੱਲਾ ਫੜ੍ਹਨਾ ਹੈ। ਇਸ ਦੇ ਨਾਲ ਹੀ ਸੁਚੇਤ ਕੀਤਾ ਗਿਆ ਹੈ ਕਿ ਜਦੋਂ ਗੁਰੂ ਉਪਦੇਸ਼ ਰਾਹੀਂ ਭੋਜਨ ਦੀ ਸਮੱਗਰੀ ਦਾ ਪਤਾ ਲੱਗ ਜਾਵੇ ਤਾਂ ਇਸ ਬੁਝਾਰਤ ਨੂੰ ਮਨੋਂ ਵਿਸਾਰ ਨਹੀ ਦੇਣਾ ਸਗੋਂ ਹਰ ਸਮੇਂ ਸਾਵਧਾਨ ਰਹਿੰਦੇ ਹੋਏ, ਇਸ ਬੁੱਝੀ ਹੋਈ ਬੁਝਾਰਤ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਕੇ ਭਾਵ ਵਸਾ ਕੇ ਰਖਣਾ ਚਾਹੀਦਾ ਹੈ।
ਅੱਗੇ ਗੁਰੂ ਸਾਹਿਬ ਜਗਿਆਸੂਆਂ ਨੂੰ ਫਿਰ ਸਪਸ਼ਟ ਕਰਦੇ ਹਨ ਕਿ ਭੋਜਨ ਦੀ ਸਮੱਗਰੀ ਨੂੰ ਲੈ ਕੇ, ਇਹ ਜੋ ‘ਮੁਦਾਵਣੀ’ ਭਾਵ ਬੁਝਾਰਤ ਹੈ, ਇਹ ਗੁਰੂ ਨੇ ਆਪ ਹੀ ਪਾਈ ਹੈ। ਜੇਕਰ ਕੋਈ ਆਪਣੀ ਮੱਤ-ਬੁੱਧ ਨਾਲ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਇਸ ਦਾ ਹੱਲ ਨਹੀ ਲੱਭ ਸਕੇਗਾ। ਇਸ ਦਾ ਤਾਂ ਇਕੋ-ਇਕ ਹੱਲ ਹੈ, ਉਹ ਹੈ ਗੁਰਮਤਿ ਨੂੰ ਧਾਰਨ ਕਰਨਾ ਭਾਵ ਕਿ ਗੁਰ-ਸ਼ਬਦ ਦੀ ਵਿਚਾਰ ਨੂੰ ਪੂਰਨ ਭਰੋਸੇ ਨਾਲ ਆਤਮਸਾਤ ਕੀਤਿਆਂ ਹੀ ਇਹ ਬੁਝਾਰਤ ਹੱਲ ਹੁੰਦੀ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਗੁਰਸਿਖਾਂ ਨੇ ਵੀ ਇਸ ਬੁਝਾਰਤ ਨੂੰ ਗੁਰ-ਸ਼ਬਦ ਦੀ ਵਿਚਾਰ ਦੁਆਰਾ ਹੀ ਸੁਲਝਾਇਆ ਹੈ।
ਇਸ ਸਲੋਕ ਦੇ ਅਖੀਰ ਵਿਚ ਗੁਰੂ ਅਮਰਦਾਸ ਸਾਹਿਬ ਫਿਰ ਤੋਂ ਇਹ ਗੱਲ ਸਪਸ਼ਟ ਕਰਦੇ ਹਨ ਕਿ ਗੁਰ-ਸ਼ਬਦ ਰੂਪੀ ਥਾਲ ਵਿਚ ਪਏ ਪਰਮੇਸ਼ਰ ਦੇ ਸ੍ਰੇਸ਼ਟ ਆਤਮਕ ਖਾਣੇ ਸੰਬੰਧੀ ਪਈ ਹੋਈ ਬੁਝਾਰਤ ਨੂੰ ਕੇਵਲ ਉਹੀ ਬੁੱਝ ਸਕਦਾ ਹੈ, ਜਿਸ ਨੂੰ ਗੁਰੂ ਸੋਝੀ ਬਖਸ਼ਿਸ਼ ਕਰਦਾ ਹੈ। ਫਿਰ ਉਹ ਗੁਰੂ ਅਨੁਸਾਰੀ ਹੋ ਕੇ ਮਿਹਨਤ ਕਰਦਾ ਹੈ, ਭਾਵ ਗੁਰ-ਸ਼ਬਦ ਨੂੰ ਆਪਣੇ ਅਮਲ ਦਾ ਹਿੱਸਾ ਬਣਾ ਕੇ ਉਹ ਰੱਬੀ-ਮਿਲਾਪ ਦਾ ਅਨੁਭਵ ਹਾਸਲ ਕਰ ਲੈਂਦਾ ਹੈ। ਇਸ ਤਰ੍ਹਾਂ ਇਹ ਬੁਝਾਰਤ ਬੁੱਝ ਕੇ ਮਨੁਖ ਜਿਥੇ ਆਪਣੇ ਮੂਲ ਨੂੰ ਪਛਾਣ ਕੇ, ਆਪਣੇ ਆਪੇ ਨੂੰ ਸੰਵਾਰ ਕੇ ਵਿਕਾਰਾਂ ਤੋਂ ਮੁਕਤੀ ਹਾਸਲ ਕਰ ਲੈਂਦਾ ਹੈ, ਉਥੇ ਹੀ ਪ੍ਰਭੂ-ਮਿਲਾਪ ਦੁਆਰਾ ਉਹ ਜੀਵਨ ਨੂੰ ਵੀ ਸਫਲਾ ਕਰਕੇ ਲਾਭ ਖੱਟਦਾ ਹੈ।