Guru Granth Sahib Logo
  
ਇਸ ਸ਼ਬਦ ਵਿਚ, ਮਾਂ-ਵਰਗੀ ਸਤਿਸੰਗਣ ਸਖੀ (ਮਾਈ) ਨੂੰ ਸੰਬੋਧਤ ਹੁੰਦੇ ਹੋਏ, ਮਨੁਖ ਦੀ ਹਾਲਤ ਨੂੰ ਉਤਮ-ਪੁਰਖੀ ਸ਼ੈਲੀ ਵਿਚ ਬਿਆਨ ਕੀਤਾ ਗਿਆ ਹੈ। ਮਨੁਖ ਨੇ ਮਾਇਆ ਦੇ ਹੰਕਾਰ ਵਿਚ ਆਪਣਾ ਜੀਵਨ ਵਿਅਰਥ ਗਵਾ ਦਿਤਾ ਹੈ। ਜੀਵਨ ਉਦੋਂ ਹੀ ਸਫਲ ਮੰਨਿਆ ਜਾ ਸਕਦਾ ਹੈ, ਜਦੋਂ ਉਹ ਹੰਕਾਰ ਤਿਆਗ ਕੇ ਆਪਣਾ ਮਨ ਪ੍ਰਭੂ ਦੇ ਜਸ ਵਿਚ ਰੰਗ ਲਵੇ।
ਮਾਰੂ   ਮਹਲਾ

ਮਾਈ  ਮੈ ਮਨ ਕੋ ਮਾਨੁ ਤਿਆਗਿਓ
ਮਾਇਆ ਕੇ ਮਦਿ ਜਨਮੁ ਸਿਰਾਇਓ   ਰਾਮ ਭਜਨਿ ਨਹੀ ਲਾਗਿਓ ॥੧॥ ਰਹਾਉ
ਜਮ ਕੋ ਡੰਡੁ ਪਰਿਓ ਸਿਰ ਊਪਰਿ   ਤਬ ਸੋਵਤ ਤੈ ਜਾਗਿਓ
ਕਹਾ ਹੋਤ ਅਬ ਕੈ ਪਛੁਤਾਏ   ਛੂਟਤ ਨਾਹਿਨ ਭਾਗਿਓ ॥੧॥
ਇਹ ਚਿੰਤਾ ਉਪਜੀ ਘਟ ਮਹਿ   ਜਬ ਗੁਰ ਚਰਨਨ ਅਨੁਰਾਗਿਓ
ਸੁਫਲੁ ਜਨਮੁ ਨਾਨਕ  ਤਬ ਹੂਆ   ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥
-ਗੁਰੂ ਗ੍ਰੰਥ ਸਾਹਿਬ ੧੦੦੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਦੀ ਤਰਸਜੋਗ ਹਾਲਤ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਜਿਵੇਂ ਕੋਈ ਬਿਹਬਲ ਬੱਚਾ ਆਪਣੀ ਮਾਂ ਨੂੰ ਦੁਖ ਦੱਸਦਾ ਹੈ। ਪਾਤਸ਼ਾਹ ਬਿਆਨ ਕਰਦੇ ਹਨ ਕਿ ਮਨੁਖ ਨੇ ਕਦੇ ਵੀ ਆਪਣੇ ਮਨ ਦਾ ਮਾਣ ਨਹੀਂ ਛੱਡਿਆ, ਅਰਥਾਤ ਉਮਰ ਭਰ ਆਪਣੇ ਮਨ ’ਤੇ ਹੀ ਮਾਣ ਕਰਦਾ ਰਿਹਾ। ਇਸੇ ਕਰਕੇ ਮਨੁਖ ਨੇ ਇਸ ਪਦਾਰਥ ਦੀ ਚਮਕ-ਦਮਕ ਦੇ ਨਸ਼ੇ ਵਿਚ ਹੀ ਆਪਣਾ ਸਾਰਾ ਜੀਵਨ ਬਤੀਤ ਕਰ ਲਿਆ ਤੇ ਇਸ ਦਾ ਮਨ ਪ੍ਰਭੂ ਦੀ ਭਜਨ-ਬੰਦਗੀ ਵਿਚ ਨਹੀਂ ਲੱਗਿਆ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਜਦ ਮੌਤ ਦਾ ਦੂਤ ਮਨੁਖ ਦੇ ਸਿਰ ਵਿਚ ਅਚਾਨਕ ਡੰਡਾ ਮਾਰਦਾ ਹੈ, ਭਾਵ ਮੌਤ ਦਾ ਸਮਾਂ ਆ ਜਾਂਦਾ ਹੈ ਤਾਂ ਕਿਤੇ ਇਸ ਦੀ ਅਗਿਆਨਤਾ ਦੀ ਨੀਂਦ ਟੁੱਟਦੀ ਹੈ ਤੇ ਇਹ ਜਾਗਦਾ ਹੈ। ਉਸ ਵੇਲੇ ਇਸ ਦੇ ਪਛਤਾਉਣ ਦਾ ਵੀ ਕੋਈ ਲਾਭ ਨਹੀਂ ਹੁੰਦਾ। ਕਿਉਂਕਿ ਹੁਣ ਇਹ ਜਿਧਰ ਮਰਜ਼ੀ ਦੌੜ-ਭੱਜ ਕਰ ਲਵੇ, ਮੌਤ ਦੇ ਦੂਤ ਤੋਂ ਬਚ ਨਹੀਂ ਸਕਦਾ।

ਸ਼ਬਦ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਦ ਗੁਰੂ ਦੇ ਚਰਨਾਂ ਪ੍ਰਤੀ ਮਨ ਵਿਚ ਪਿਆਰ ਪੈਦਾ ਹੋਇਆ, ਅਰਥਾਤ ਗੁਰੂ ਦੇ ਦੱਸੇ ਮਾਰਗ ’ਤੇ ਚੱਲਣ ਲਈ ਉਤਸ਼ਾਹ ਪੈਦਾ ਹੋਇਆ ਤਾਂ ਉਸ ਵੇਲੇ ਮਨ ਵਿਚ ਇਹ ਸੋਚ ਉਪਜੀ ਕਿ ਗੁਰੂ ਦੇ ਦੱਸੇ ਮਾਰਗ ’ਤੇ ਚੱਲ ਕੇ ਜੀਵਨ ਸਫਲ ਕਰ ਲਿਆ ਜਾਵੇ। ਪਾਤਸ਼ਾਹ ਅੱਗੇ ਦੱਸਦੇ ਹਨ ਕਿ ਜਿਸ ਵੇਲੇ ਪ੍ਰਭੂ ਦੀ ਸਿਫਤਿ-ਸ਼ਲਾਘਾ ਵਿਚ ਮਨ ਪੂਰੀ ਤਰ੍ਹਾਂ ਰਮ ਗਿਆ ਤਾਂ ਜੀਵਨ ਸਫਲ ਹੋ ਗਿਆ।
Tags