ਇਸ ਸ਼ਬਦ ਵਿਚ ਉਪਦੇਸ਼ ਹੈ ਕਿ ਆਪਣੇ-ਆਪ ਵਿਚ ਨਾ ਕੋਈ ਮੂਰਖ ਹੈ ਅਤੇ ਨਾ ਕੋਈ ਸਿਆਣਾ ਹੈ। ਸਾਰੇ ਪ੍ਰਭੂ ਦੇ ਹੁਕਮ ਅਧੀਨ ਜੀਵਨ ਦੀ ਖੇਡ ਨੂੰ ਹੀ ਖੇਡ ਰਹੇ ਹਨ। ਵਡੇ-ਵਡੇ ਰਾਜੇ ਅਤੇ ਵਿਦਵਾਨ ਅਖਵਾਉਣ ਵਾਲੇ, ਨਾਸ਼ਵਾਨ ਪਦਾਰਥਾਂ ਨੂੰ ਸਦੀਵੀ ਮੰਨ ਕੇ ਅਤੇ ਪ੍ਰਭੂ ਦੇ
ਨਾਮ ਨੂੰ ਵਿਸਾਰ ਕੇ ਮੂਰਖ ਬਣ ਰਹੇ ਹਨ। ਨਾਮ ਦੀ ਸੋਝੀ ਗੁਰ-ਸ਼ਬਦ ਦੁਆਰਾ ਹੀ ਆ ਸਕਦੀ ਹੈ ਅਤੇ ਨਾਮ ਦੀ ਬਰਕਤ ਨਾਲ ਹੀ ਜੀਵਨ ਸਫਲ ਹੋ ਸਕਦਾ ਹੈ।
ਮਾਰੂ ਮਹਲਾ ੧ ॥
ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥
ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥
ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥
ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥
ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥
ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥
ਗੁਰਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥
ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥
ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥
ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥
ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥
ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥
ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥
ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥
ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥
ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥
-ਗੁਰੂ ਗ੍ਰੰਥ ਸਾਹਿਬ ੧੦੧੫-੧੦੧੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਆਮ ਤੌਰ ’ਤੇ ਅਸੀਂ ਆਪਣੇ-ਆਪ ਨੂੰ ਸਿਆਣੇ ਤੇ ਦੂਜਿਆਂ ਨੂੰ ਜੇ ਮੂਰਖ ਨਹੀਂ ਤਾਂ ਆਪਣੇ ਨਾਲੋਂ ਘੱਟ ਸਿਆਣੇ ਜ਼ਰੂਰ ਸਮਝਦੇ ਹਾਂ। ਇਸੇ ਲਈ ਅਸੀਂ ਹਰ ਕਿਸੇ ਨੂੰ ਮੱਤਾਂ ਦੇਣ ਲੱਗ ਜਾਂਦੇ ਹਾਂ, ਪਰ ਆਪ ਬਿਲਕੁਲ ਪਸੰਦ ਨਹੀਂ ਕਰਦੇ ਕਿ ਸਾਨੂੰ ਕੋਈ ਮੱਤਾਂ ਦੇਵੇ। ਮੱਤਾਂ ਦੇਣਾ ਸਾਨੂੰ ਅਨੰਦ ਦਾਇਕ ਲੱਗਦਾ ਹੈ ਅਤੇ ਮੱਤਾਂ ਸੁਣਨਾ ਨਿਰੀ ਅਕਾਵਟ। ਮੱਤਾਂ ਦੇਣਾ ਸਾਨੂੰ ਏਨਾ ਚੰਗਾ ਲੱਗਦਾ ਹੈ ਕਿ ਇਕ ਵਾਰੀ ਸ਼ੁਰੂ ਹੋ ਜਾਈਏ ਤਾਂ ਰੁਕਣ ਦਾ ਨਾਂ ਹੀ ਨਹੀਂ ਲੈਂਦੇ ਤੇ ਜਦੋਂ ਕੋਈ ਸਾਨੂੰ ਮੱਤਾਂ ਦੇਣ ਲੱਗ ਜਾਵੇ ਤਾਂ ਅਸੀਂ ਏਨਾ ਅਕੇਵਾਂ ਮਹਿਸੂਸ ਕਰਦੇ ਹਾਂ ਕਿ ਉਸ ਨੂੰ ਵਿਚੋਂ ਟੋਕ ਕੇ ਰੋਕ ਦਿੰਦੇ ਹਾਂ।
ਪਰ ਵਿਆਖਿਆ ਅਧੀਨ ਸ਼ਬਦ ਵਿਚ ਗੁਰੂ ਨਾਨਕ ਪਾਤਸ਼ਾਹ ਐਲਾਨ ਕਰਦੇ ਹਨ ਕਿ ਨਾ ਉਹ ਕਿਸੇ ਨੂੰ ਮੂਰਖ ਸਮਝਦੇ ਹਨ ਤੇ ਨਾ ਹੀ ਸਿਆਣਾ। ਅਸੀਂ ਹਮੇਸ਼ਾ ਦੂਜਿਆਂ ਨੂੰ ਪਰਖਦੇ ਰਹਿੰਦੇ ਹਾਂ ਤੇ ਖੁਦ ਨੂੰ ਕਦੇ ਨਹੀਂ ਪਰਖਦੇ। ਪਰ ਜਿਹੜੇ ਲੋਕ ਖੁਦ ਨੂੰ ਪਰਖਦੇ ਹਨ, ਉਹ ਦੂਜਿਆਂ ਦੀ ਨਿਰਖ-ਪਰਖ ਕਰਨ ਵਿਚ ਵਕਤ ਜ਼ਾਇਆ ਨਹੀਂ ਕਰਦੇ। ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਉਹ ਹਮੇਸ਼ਾ ਪ੍ਰਭੂ ਦੇ ਰੰਗ ਵਿਚ ਰੰਗੇ ਰਹਿੰਦੇ ਹਨ ਤੇ ਰਾਤ-ਦਿਨ ਉਸੇ ਦਾ ਨਾਮ ਸਿਮਰਦੇ ਹਨ। ਇਥੇ ਸਿਮਰਨ ਦਾ ਭਾਵ ਪ੍ਰਭੂ ਦੀ ਯਾਦ ਅਤੇ ਲਗਨ ਹੈ।
ਆਮ ਤੌਰ ’ਤੇ ਲੋਕ ਦੂਸਰਿਆਂ ਦੀ ਨਿਖੇਧੀ ਜਾਂ ਨਿੰਦਿਆ ਚੁਗਲੀ ਵਿਚ ਸਮਾਂ ਬਤੀਤ ਕਰਦੇ ਹਨ ਤੇ ਖੁਦ ਦੀ ਖੁਸ਼ਾਮਦ ਕਰਦਿਆਂ ਖੁਸ਼ ਰਹਿੰਦੇ ਹਨ। ਕਿਸੇ ਨੂੰ ਮੂਰਖ ਤੇ ਖੁਦ ਨੂੰ ਸਿਆਣਾ ਸਮਝਣ ਵਾਲੇ ਲੋਕ ਸਾਡੇ ਸਮਾਜ ਵਿਚ ਚਤਰ ਸਮਝੇ ਜਾਂਦੇ ਹਨ ਤੇ ਜਿਸ ਵਿਚ ਅਜਿਹੀ ਚਤਰਤਾ ਨਾ ਹੋਵੇ, ਉਸ ਨੂੰ ਲੋਕ ਮੂਰਖ ਸਮਝ ਲੈਂਦੇ ਹਨ। ਪਰ ਇਥੇ ਪਾਤਸ਼ਾਹ ਅਜਿਹੀ ਚਤਰਤਾ ਦੇ ਵਿਪਰੀਤ ਖੁਦ ਨੂੰ ਮੂਰਖ ਆਖਦੇ ਹਨ।
ਦੁਨਿਆਵੀ ਸਮਝ ਖੁਦ ਨੂੰ ਸਿਆਣਾ ਤੇ ਦੂਸਰੇ ਨੂੰ ਮੂਰਖ ਦੱਸਦੀ ਹੈ। ਪਰ ਨਾਮ-ਅਭਿਆਸ ਖੁਦ ਨੂੰ ਮੂਰਖ ਮੰਨਣ ਦਾ ਰਾਹ ਹੈ। ਇਸੇ ਲਈ ਪਾਤਸ਼ਾਹ ਨਾਮ ਦੇ ਬਲਿਹਾਰ ਜਾਂਦੇ ਹੋਏ ਕਰਤੇ-ਪ੍ਰਭੂ ਨੂੰ ਦਾਨਾ ਅਰਥਾਤ ਸਿਆਣਾ ਤੇ ਬੀਨਾ ਅਰਥਾਤ ਗਿਆਨਵਾਨ ਦੱਸਦੇ ਹਨ। ਅਸਲ ਵਿਚ ਸਿਆਣਪ ਗਿਆਨ ਦਾ ਪਰਿਣਾਮ ਹੈ। ਜਿਵੇਂ ਅਸੀਂ ਅੱਖਾਂ ਨਾਲ ਦੇਖ ਸਕਦੇ ਹਾਂ, ਉਸੇ ਤਰਾਂ ਗਿਆਨ ਸਾਨੂੰ ਸੋਚਵਾਨ ਬਣਾਉਂਦਾ ਹੈ ਤੇ ਸੋਚ ਸਾਨੂੰ ਸੱਚ ਦੇ ਨੇੜੇ ਲੈ ਜਾਂਦੀ ਹੈ, ਜਿਸ ਕਾਰਣ ਸੱਚੇ ਹੋਣ ਨੂੰ ਹੀ ਸਿਆਣਪ ਸਮਝਿਆ ਜਾਂਦਾ ਹੈ।
ਅਸੀਂ ਹਮੇਸ਼ਾ ਸੋਚ ਦੇ ਸਿਰੇ ’ਤੇ ਰਹਿੰਦੇ ਹਾਂ, ਜਿਸ ਕਰਕੇ ਖੁਦ ਨੂੰ ਸਿਰੇ ਦੇ ਸਿਆਣੇ ਤੇ ਦੂਸਰਿਆਂ ਨੂੰ ਸਿਰੇ ਦੇ ਮੂਰਖ ਸਮਝਦੇ ਹਾਂ। ਪਰ ਨਾਮ ਦਾ ਅਭਿਆਸ ਸਾਨੂੰ ਅਜਿਹੇ ਰਾਹ ਵੱਲ ਤੋਰਦਾ ਹੈ, ਜਿਥੇ ਨਾ ਕੋਈ ਮੂਰਖ ਪ੍ਰਤੀਤ ਹੁੰਦਾ ਹੈ ਨਾ ਸਿਆਣਾ। ਇਸੇ ਕਰਕੇ ਸੋਚ ਦੇ ਸਿਰਿਆਂ ਦੀ ਦੁਚਿੱਤੀ ਜਾਂ ਅਨਿਸ਼ਚਿਤ ਅਵਸਥਾ ਤੋਂ ਨਿਸ਼ਚਿਤ ਮਾਰਗ ’ਤੇ ਤੋਰਨਹਾਰੇ ਨਾਮ ਨੂੰ ਪਾਤਸ਼ਾਹ ਤਾਰਨਹਾਰਾ ਦੱਸਦੇ ਹਨ।
ਪ੍ਰਭੂ ਸਾਡੇ ਨਾਲ ਸ਼ਬਦ ਬਾਣੀ ਦੇ ਮਾਧਿਅਮ ਨਾਲ ਸੰਪਰਕ ਕਰਦਾ ਹੈ ਤੇ ਅਸੀਂ ਨਾਮ ਦੇ ਜਰੀਏ ਪ੍ਰਭੂ ਨੂੰ ਸਿਰਫ ਯਾਦ ਹੀ ਨਹੀਂ ਕਰਦੇ, ਬਲਕਿ ਉਸ ਦੇ ਨਾਲ ਜੁੜਦੇ ਹਾਂ। ਜਦੋਂ ਅਸੀਂ ਨਾਮ ਨਾਲ ਨਹੀਂ ਜੁੜੇ ਹੁੰਦੇ, ਉਦੋਂ ਅਸੀਂ ਬੇਕਾਰ ਹੁੰਦੇ ਹਾਂ। ਇਸੇ ਕਰਕੇ ਪਾਤਸ਼ਾਹ ਨਾਮ ਨੂੰ ਜੀਵਨ ਦਾ ਪਰਮ ਉਦੇਸ਼ ਆਖਦੇ ਹਨ।
ਸਿਰਿਆਂ ਵਾਲੀ ਸੋਚ ਅਧੀਨ ਕਿਸੇ ਨੂੰ ਸਿਆਣਾ ਤੇ ਕਿਸੇ ਨੂੰ ਮੂਰਖ ਕਹਿਣ ਅਤੇ ਸਮਝਣ ਦੇ ਵਿਪਰੀਤ ਪਾਤਸ਼ਾਹ ਦੱਸਦੇ ਹਨ ਕਿ ਮੂਰਖ ਤੇ ਸਿਆਣਾ ਹੋਣਾ ਅਸਲ ਵਿਚ ਕਿਸੇ ਇਕੋ ਗੱਲ ਜਾਂ ਅਵਸਥਾ ਦਾ ਨਾਂ ਹੈ। ਇਸ ਅਵਸਥਾ ਵਿਚ ਹੀ ਅਹਿਸਾਸ ਹੁੰਦਾ ਹੈ ਕਿ ਜਿਹੜਾ ਵੀ ਨਾਮ-ਮਾਰਗ ਨੂੰ ਨਹੀਂ ਅਪਣਾਉਂਦਾ ਅਸਲ ਵਿਚ ਉਹ ਮੂਰਖਾਂ ਵਿਚੋਂ ਵੀ ਮਹਾਂ-ਮੂਰਖ ਹੈ।
ਇਸ ਉਪਰੰਤ ਪਾਤਸ਼ਾਹ ਉਕਤ ਨਾਮ ਦੀ ਪ੍ਰਾਪਤੀ ਦਾ ਵਸੀਲਾ ਅਤੇ ਸਥਾਨ ਦੱਸਦੇ ਹਨ ਕਿ ਨਾਮ ਸੱਚੇ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ ਤੇ ਗੁਰੂ ਦਾ ਮਿਲਾਪ ਗੁਰੂ ਘਰ ਵਿਖੇ ਹੀ ਹੋ ਸਕਦਾ ਹੈ। ਅੱਜ ਦੇ ਸਿਖ ਪ੍ਰਸੰਗ ਵਿਚ ਕਹਿਣਾ ਹੋਵੇ ਤਾਂ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ, ਕੀਰਤਨ, ਸਿਮਰਨ ਅਤੇ ਸੇਵਾ ਰਾਹੀਂ ਪ੍ਰਾਪਤ ਹੁੰਦਾ ਹੈ। ਪਰ ਗੁਰੂ ਘਰ ਵਿਖੇ ਨਾਮ ਦਾ ਅਨੁਭਵ ਹੋਣਾ ਆਪਣੇ ਹੱਥ-ਵੱਸ ਨਹੀਂ ਹੁੰਦਾ। ਇਹ ਗੁਰੂ ਦੇ ਭਾਣੇ ਤੇ ਬਖਸ਼ਿਸ਼ ਉੱਤੇ ਹੀ ਨਿਰਭਰ ਕਰਦਾ ਹੈ। ਜੇਕਰ ਗੁਰੂ ਦੀ ਰਹਿਮਤ ਹੋ ਜਾਵੇ ਤਾਂ ਨਾਮ ਦੀ ਇਹੋ ਜਿਹੀ ਬਰਕਤ ਨਸੀਬ ਹੁੰਦੀ ਹੈ ਕਿ ਰਾਤ-ਦਿਨ ਉਸੇ ਵਿਚ ਲਿਵ ਲੱਗੀ ਰਹਿੰਦੀ ਹੈ। ਇਹ ਲਿਵ ਅਸਲ ਵਿਚ ਆਤਮ ਅੰਦਰ ਪਰਮਾਤਮ ਦੀ ਇਕਾਗਰ-ਚਿੱਤ ਨਿਰੰਤਰਤਾ ਹੈ, ਜਿਸ ਨਾਲ ਮਨੁਖ ਅੰਦਰ ਅਜਿਹੀ ਊਰਜਾ ਵਿਕਸਤ ਹੁੰਦੀ ਹੈ ਕਿ ਮਨੁਖ ਆਤਮ ਤੋਂ ਪਰਮਾਤਮ ਹੋਣ ਲੱਗਦਾ ਹੈ।
ਰਾਜ ਦੇ ਨਸ਼ੇ ਵਿਚ ਮਖਮੂਰ, ਵਿਲਾਸ ਵਿਚ ਮਦਮਸਤ, ਰੂਪ ਦੇ ਮਾਣ ਵਿਚ ਮਗਰੂਰ, ਦੌਲਤ ਦੇ ਨਸ਼ੇ ਵਿਚ ਚੂਰ, ਜੁਆਨੀ ਦੇ ਜੋਸ਼ ਵਿਚ ਅੰਨ੍ਹੇ ਲੋਕ ਅਸਲ ਵਿਚ ਜੀਵਨ ਦਾ ਜੂਆ ਖੇਡਦੇ ਹਨ ਤੇ ਇਕ ਤ੍ਰਿਸ਼ਨਾ ਦੀ ਨਰਦ ਬਦਲੇ ਦੁਨੀਆਂ ਦੀ ਚਉਪੜ ਵਿਚ ਉਮਰ ਦੇ ਪਾਸੇ ਸੁੱਟਦੇ ਹਨ। ਇਹ ਸਭ ਵੀ ਉਸ ਦੇ ਹੁਕਮ ਵਿਚ ਹੀ ਹੁੰਦਾ ਹੈ। ਜਿਹੜਾ ਵੀ ਉਸ ਦੇ ਹੁਕਮ ਦੀ ਉਲੰਘਣਾ ਕਰਦਾ ਹੈ, ਉਸ ਦੇ ਜੀਵਨ ਦਾ ਨਰਕ ਹੋਣਾ ਵੀ ਉਸੇ ਦਾ ਹੁਕਮ ਹੈ। ਜਿਵੇਂ ਮੁਜਰਿਮ ਵੀ ਕਾਨੂੰਨ ਦੇ ਅਨੁਸਾਰ ਹੀ ਜੇਲ੍ਹਾਂ ਵਿਚ ਸੜਦੇ ਹਨ। ਰਾਜਸੀ ਕਾਨੂੰਨ ਤਾਂ ਗਲਤ ਵੀ ਹੋ ਸਕਦੇ ਹਨ ਤੇ ਉਨ੍ਹਾਂ ਤੋਂ ਕਈ ਬਚ ਵੀ ਜਾਂਦੇ ਹਨ। ਪਰ ਰੱਬੀ ਹੁਕਮ ਅਟੱਲ ਅਤੇ ਸੱਚਾ ਹੈ, ਜਿਸ ਤੋਂ ਕੋਈ ਬਚ ਹੀ ਨਹੀਂ ਸਕਦਾ। ਜਿਹੜੇ ਉਸ ਦੇ ਹੁਕਮ ਵਿਚ ਚੱਲਦੇ ਹਨ, ਉਹ ਜੀਵਨ ਦਾ ਅਨੰਦ ਲੈਂਦੇ ਹਨ। ਜਿਹੜੇ ਹੁਕਮ ਵਿਚ ਨਹੀਂ ਚੱਲਦੇ, ਉਹ ਆਪਣਾ ਜੀਵਨ ਜੂਏ ਵਾਂਗ ਹਾਰ ਜਾਂਦੇ ਹਨ।
ਦੁਨੀਆਂ ਵਿਚ ਜਿਹੜੇ ਲੋਕ ਬੇਹੱਦ ਚਤਰ ਤੇ ਸਿਆਣੇ ਸਮਝੇ ਜਾਂਦੇ ਹਨ, ਅਸਲ ਵਿਚ ਉਹ ਕਿਸੇ ਭਰਮ ਦੇ ਸ਼ਿਕਾਰ ਹੁੰਦੇ ਹਨ; ਜਿਵੇਂ ਕੋਈ ਹੋਵੇ ਤਾਂ ਪੰਡਤ ਪਰ ਰੁਚੀ ਰਖਦਾ ਹੋਵੇ ਜਾਹਲ ਲੋਕਾਂ ਵਾਲੀਆਂ ਗੱਲਾਂ ਵਿਚ। ਅਜਿਹੇ ਲੋਕ ਗ੍ਰੰਥਾਂ ਦੀ ਸੰਭਾਲ ਤਾਂ ਕਰਦੇ ਰਹਿੰਦੇ ਹਨ, ਪਰ ਉਨ੍ਹਾਂ ਵਿਚ ਦੱਸੇ ਗਏ ਅਸੂਲ ਭੁੱਲ ਜਾਂਦੇ ਹਨ। ਜਿਵੇਂ ਪੰਡਤ ਲੋਕ ਵੇਦ-ਬਾਣੀ ਤਾਂ ਕੰਠ ਕਰ ਲੈਂਦੇ ਹਨ, ਪਰ ਉਸ ਵਿਚ ਦ੍ਰਿੜਾਏ ਗਏ ਨਾਮ ਤੋਂ ਅਵੇਸਲੇ ਰਹਿੰਦੇ ਹਨ।
ਗੁਰੂ ਨਾਨਕ ਪਾਤਸ਼ਾਹ ਨਾਮ ਨੂੰ ਦ੍ਰਿੜ ਕਰਾਉਂਦੇ ਹਨ, ਪਰ ਅਣਜਾਣ ਲੋਕ ਬਾਣੀ ਵਿਚ ਨਿਹਿਤ ਗਿਆਨ ਦੀ ਚਰਮ ਸੀਮਾ, ਅਰਥਾਤ ਨਾਮ ਦੀ ਬਜਾਏ, ਗ੍ਰੰਥਾਂ ’ਤੇ ਬਲ ਦੇਣ ਲੱਗ ਪੈਂਦੇ ਹਨ। ਇਹ ਇਵੇਂ ਹੈ, ਜਿਵੇਂ ਕੋਈ ਗਿਰੀ ਦੀ ਬਜਾਏ ਛਿੱਲੜ ਵੱਲ ਵਧੇਰੇ ਤਵੱਜੋ ਦੇਵੇ। ਛਿੱਲੜ ਉੱਤੇ ਬਲ ਦੇਣਾਂ, ਗੁਰਮੁਖਾਂ ਦੀ ਬਜਾਏ, ਮਨਮੁਖਾਂ ਦਾ ਕਰਮ ਹੈ, ਜਿਨ੍ਹਾਂ ਦੇ ਪੱਲੇ ਕੁਝ ਨਹੀਂ ਪੈਂਦਾ।
ਗੁਰੂ ਨਾਨਕ ਪਾਤਸ਼ਾਹ ਨੇ ਉਕਤ ਕਿਸਮ ਦੇ ਫੋਕਟ ਕਰਮ ਨੂੰ ਇਕ ਹੋਰ ਤਸ਼ਬੀਹ ਨਾਲ ਵਿਅਕਤ ਕੀਤਾ ਹੈ, ਜਿਵੇਂ ਕੋਈ ਲਿਖਾਰੀ ਜੀਵਨ ਨੂੰ ਰੁਸ਼ਨਾਉਣ ਵਾਲੀਆਂ ਅੰਮ੍ਰਿਤਮਈ ਅਤੇ ਗਿਆਨਾਤਮਕ ਲਿਖਤਾਂ ਲਿਖਣ ਦੀ ਬਜਾਏ, ਤਿੱਖੀ, ਤੇਜ਼ਾਬੀ ਅਤੇ ਜ਼ਹਿਰੀਲੀ ਸੋਚ ਵਾਲੀਆਂ ਲਿਖਤਾਂ ਵਿਚ ਰੁਝਿਆ ਜਾਂ ਭੁੱਲਿਆ ਰਹੇ।
ਇਹ ਲੋਕ ਇਵੇਂ ਹਨ, ਜਿਵੇਂ ਕੋਈ ਕੱਲਰ ਵਾਲੀ ਜ਼ਮੀਨ ਵਿਚ ਖੇਤੀ ਕਰ ਰਿਹਾ ਹੋਵੇ। ਜਿਵੇਂ ਕੋਈ ਰੁੱਖ ਨਦੀ ਦੇ ਕਿਨਾਰੇ ’ਤੇ ਖੜ੍ਹਾ ਹੋਵੇ ਜਾਂ ਜਿਵੇਂ ਕੋਈ ਕਾਲ਼ਖ ਦੀ ਹੋ ਰਹੀ ਬਰਸਾਤ ਵਿਚ ਸਫੈਦ ਪੁਸ਼ਾਕ ਪਾਈ ਫਿਰੇ। ਪਾਤਸ਼ਾਹ ਦੱਸਦੇ ਹਨ ਕਿ ਇਹ ਸੰਸਾਰ ਅਸਲ ਵਿਚ ਤ੍ਰਿਸ਼ਨਾ ਦਾ ਘਰ ਹੈ। ਜੋ ਕੋਈ ਵੀ ਇਸ ਤ੍ਰਿਸ਼ਨਾ ਦਾ ਸ਼ਿਕਾਰ ਹੋ ਜਾਂਦਾ ਹੈ, ਉਹ ਆਪਣੇ ਹੰਕਾਰ ਅਤੇ ਅਗਿਆਨਤਾ ਕਾਰਣ ਇਸ ਦੀ ਅੱਗ ਵਿਚ ਸੜਦਾ ਰਹਿੰਦਾ ਹੈ।
ਇਸ ਸ਼ਬਦ ਦੇ ਆਖਰੀ ਚਰਣ ਵਿਚ ਪਾਤਸ਼ਾਹ ਸਵਾਲ ਕਰਦੇ ਹਨ ਕਿ ਰਾਜੇ-ਮਹਾਰਾਜੇ ਤੇ ਉਨ੍ਹਾਂ ਦੇ ਰਹਿਮੋ-ਕਰਮ ’ਤੇ ਪਲਣ ਵਾਲੇ ਸਭ ਲੋਕ ਕਿੱਥੇ ਗਏ? ਫਿਰ ਆਪ ਹੀ ਦੱਸਦੇ ਹਨ ਕਿ ਜਿਹੜੇ ਦੁਚਿੱਤੀ ਕਾਰਣ ਅਗਿਆਨ ਵਿਚ ਰਹੇ, ਉਹ ਚਲੇ ਗਏ ਤੇ ਜਿਨ੍ਹਾਂ ਨੇ ਗੁਰੂ ਦੀ ਦੱਸੀ ਪਉੜੀ ਅਰਥਾਤ ਗੁਰਮਤਿ ਮਾਰਗ ਉੱਤੇ ਚੱਲਦੇ ਹੋਏ, ਉਸ ਅ-ਲਖ ਪ੍ਰਭੂ ਨੂੰ ਹਿਰਦੇ ਵਿਚ ਵਸਾਇਆ ਉਹ ਰਹਿ ਗਏ। ਇਥੇ ਚਲੇ ਜਾਣ ਜਾਂ ਰਹਿ ਜਾਣ ਦਾ ਭਾਵ ਦੇਹਾਂਤ ਨਹੀਂ ਹੈ, ਬਲਕਿ ਜੀਵਨ ਦਰਮਿਆਨ ਮੁਰਦਾ-ਰੂਹ ਹੋ ਕੇ ਜਿਉਣ ਜਾਂ ਜ਼ਿੰਦਾ-ਦਿਲ ਹੋ ਕੇ ਜੀਣ ਦੀ ਗੱਲ ਹੈ।
ਕੀ ਸਾਨੂੰ ਆਪਣੀ ਦੁਵਿਧਾ, ਅਗਿਆਨਤਾ, ਲਾਲਸਾ ਅਤੇ ਹਉਮੈ ਦਾ ਅਹਿਸਾਸ ਹੈ? ਕੀ ਅਸੀਂ ਗੁਰਮਤਿ ਮਾਰਗ ਉੱਤੇ ਚੱਲ ਕੇ ਆਪਣੀਆਂ ਕਮੀਆਂ ਨੂੰ ਦੂਰ ਕਰ ਸਕਣ ਦੇ ਸਮਰੱਥ, ਪ੍ਰਭੂ ਨਾਲ ਨਾਤਾ ਜੋੜਨ ਲਈ ਤਿਆਰ ਹਾਂ?