ਇਸ ਸ਼ਬਦ ਵਿਚ ਗੁਰੂ ਸਾਹਿਬ ਆਪਣੇ-ਆਪ ਨੂੰ ਕੁ-ਚਜੀ ਵਜੋਂ ਸੰਬੋਧਤ ਹੁੰਦੇ ਹੋਏ ਇਕ ਕੁ-ਚਜੀ ਇਸਤਰੀ ਜਾਂ ਜਗਿਆਸੂ ਦਾ ਵਰਣਨ ਇਸਤਰੀ-ਸੁਰ ਵਿਚ ਕਰਦੇ ਹਨ ਜੋ ਮਿਲਾਪ ਦਾ ਰਾਹ ਨਹੀਂ ਜਾਣਦੀ ਅਤੇ ਪ੍ਰਭੂ-ਪਤੀ ਤੋਂ ਵਿਛੜੀ ਹੋਈ ਮਹਿਸੂਸ ਕਰਦੀ ਹੈ।
ਕੁ-ਚਜੀ ਆਪਣੇ ਅਵਗੁਣਾਂ ਅਤੇ ਇਨ੍ਹਾਂ ਅਵਗੁਣਾਂ ਕਾਰਨ ਪ੍ਰਭੂ-ਪਤੀ ਨਾਲ ਉਸਦੇ ਰਿਸ਼ਤੇ ‘ਤੇ ਪੈਣ ਵਾਲੇ ਪ੍ਰਭਾਵਾਂ ਸੰਬੰਧੀ ਚਿੰਤਨ ਕਰਦੀ ਹੈ। ਇਨ੍ਹਾਂ ਸਵੈ-ਅਨੁਭਵ ਕੀਤੇ ਅਵਗੁਣਾਂ ਕਾਰਨ ਕੁ-ਚਜੀ ਮਹਿਸੂਸ ਕਰਦੀ ਹੈ ਕਿ ਉਹ ਅਜੋਗ ਹੈ ਅਤੇ ਆਪਣੀ ਜਗਿਆਸਾ ਦੇ ਬਾਵਜੂਦ ਪ੍ਰਭੂ-ਪਤੀ ਨੂੰ ਭਾਅ ਨਹੀਂ ਰਹੀ। ਉਹ ਮਿਲਾਪ ਲਈ ਤਾਂਘਦੀ ਹੈ। ਉਹ ਪ੍ਰਭੂ-ਪਤੀ ਨਾਲ ਜੁੜੀਆਂ ਹੋਈਆਂ ਸੁਹਾਗਣਾਂ ਨੂੰ ਦੇਖਦੀ ਅਤੇ ਉਨ੍ਹਾਂ ਵਰਗੀ ਬਣਨਾ ਲੋਚਦੀ ਹੈ। ਉਹ ਪ੍ਰਭੂ-ਪਤੀ ਨੂੰ ਮਿਲਾਪ ਦਾ ਇਕ ਪਲ ਬਖਸ਼ਿਸ਼ ਕਰਨ ਲਈ ਬੇਨਤੀ ਕਰਦੀ ਹੈ। ਉਹ ਆਪਣੀਆਂ ਕਮਜੋਰੀਆਂ ਦੇ ਬਾਵਜੂਦ ਹਿੰਮਤੀ ਹੈ ਅਤੇ ਉਸ ਦੀ ਤਾਂਘ ਵਿਚ ਤੀਬਰਤਾ ਹੈ। ਇਸ ਸ਼ਬਦ ਰਾਹੀਂ ਜਗਿਆਸੂ ਨੂੰ ਆਪਣੇ ਅਵਗੁਣਾਂ ਦਾ ਅਹਿਸਾਸ ਕਰਨ ਅਤੇ ਬਖਸ਼ਿਸ਼ ਲਈ ਪ੍ਰਭੂ ਅਗੇ ਜੋਦੜੀ ਕਰਨ ਦਾ ਚਜ ਸਿਖਾਇਆ ਗਿਆ ਹੈ।
ਇਸ ਸ਼ਬਦ ਦੀ ਹਰ ਇਕ ਤੁਕ ਦੇ ਅੰਤ ਵਿਚ 'ਜੀਉ' ਵਰਤਿਆ ਗਿਆ ਹੈ। 'ਜੀਉ' ਦੀ ਇਕ ਸੁਹਜਾਤਮਕ ਅਤੇ ਸੰਗੀਤਕ ਤੱਤ ਵਜੋਂ ਇਹ ਵਰਤੋਂ ਪਿਆਰ ਤੇ ਸਤਿਕਾਰ ਦਾ ਭਾਵ ਪ੍ਰਗਟ ਕਰਦੀ ਜਾਪਦੀ ਹੈ। ਮੂਲ ਪਾਠ ਵਿਚਲੀ ਇਸ ਦੀ ਵਰਤੋਂ ਨੂੰ ਦਰਸਾਉਣ ਲਈ ਸ਼ਾਬਦਕ ਅਨੁਵਾਦ ਵਿਚ ‘ਜੀ’ ਵਰਤਿਆ ਗਿਆ ਹੈ। ਭਾਸ਼ਿਕ ਪਖੋਂ ਇਸ ਦਾ ਕੋਈ ਵਿਸ਼ੇਸ ਅਰਥ ਨਾ ਹੋਣ ਕਾਰਣ, ਇਸ ਦੀ ਵਰਤੋਂ ਭਾਵਾਰਥਕ-ਸਿਰਜਣਾਤਮਕ ਅਨੁਵਾਦ ਵਿਚ ਨਹੀਂ ਕੀਤੀ ਗਈ।
ਰਾਗੁ ਸੂਹੀ ਮਹਲਾ ੧ ਕੁਚਜੀ
ੴ ਸਤਿਗੁਰ ਪ੍ਰਸਾਦਿ ॥
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥
ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥
ਜਿਨੀ੍ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥
ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥
ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥
ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥
ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥
ਸੇ ਵਸਤੂ ਸਹਿ ਦਿਤੀਆ ਮੈ ਤਿਨ੍ ਸਿਉ ਲਾਇਆ ਚਿਤੁ ਜੀਉ ॥
ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥
ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥
ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥
ਸਾਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥
ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥
ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥
ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥
ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥
-ਗੁਰੂ ਗ੍ਰੰਥ ਸਾਹਿਬ ੭੬੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।