Guru Granth Sahib Logo
  
ਇਸ ਸ਼ਬਦ ਵਿਚ ਦਸਿਆ ਗਿਆ ਹੈ ਕਿ ਕੇਵਲ ਪਰਮਾਤਮਾ ਦਾ ਨਾਮ ਹੀ ਸਦੀਵੀ ਹੋਂਦ ਵਾਲਾ ਹੈ। ਮਨੁਖ ਨੂੰ ਇਹ ਗੱਲ ਚੰਗੀ ਤਰ੍ਹਾਂ ਦਿੜ੍ਹ ਕਰ ਲੈਣੀ ਚਾਹੀਦੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਬਿਨਸਣਹਾਰ ਹੈ।
ਜੈਤਸਰੀ   ਮਹਲਾ

ਮਨ ਰੇ  ਸਾਚਾ ਗਹੋ ਬਿਚਾਰਾ
ਰਾਮ ਨਾਮ ਬਿਨੁ ਮਿਥਿਆ ਮਾਨੋ   ਸਗਰੋ ਇਹੁ ਸੰਸਾਰਾ ॥੧॥ ਰਹਾਉ
ਜਾ ਕਉ ਜੋਗੀ ਖੋਜਤ ਹਾਰੇ   ਪਾਇਓ ਨਾਹਿ ਤਿਹ ਪਾਰਾ
ਸੋ ਸੁਆਮੀ ਤੁਮ ਨਿਕਟਿ ਪਛਾਨੋ   ਰੂਪ ਰੇਖ ਤੇ ਨਿਆਰਾ ॥੧॥
ਪਾਵਨ ਨਾਮੁ ਜਗਤ ਮੈ ਹਰਿ ਕੋ   ਕਬਹੂ ਨਾਹਿ ਸੰਭਾਰਾ
ਨਾਨਕ ਸਰਨਿ ਪਰਿਓ ਜਗਬੰਦਨ   ਰਾਖਹੁ  ਬਿਰਦੁ ਤੁਹਾਰਾ ॥੨॥੩॥  
-ਗੁਰੂ ਗ੍ਰੰਥ ਸਾਹਿਬ ੭੦੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਆਪਣੇ ਮਨ ਨੂੰ ਸਿੱਖਿਆ ਦਿੰਦੇ ਹਨ ਕਿ ਉਹ ਝੂਠ ਦਾ ਖਹਿੜਾ ਛੱਡ ਕੇ ਸੱਚਾ ਵਿਚਾਰ ਗ੍ਰਹਿਣ ਕਰੇ, ਭਾਵ ਸੱਚੀ ਸਿੱਖਿਆ ’ਤੇ ਅਮਲ ਕਰੇ। ਮਨੁਖ ਦੇ ਮਨ ਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਪ੍ਰਭੂ ਦੇ ਨਾਮ ਬਿਨਾਂ ਇਹ ਸਾਰਾ ਸੰਸਾਰ ਮਹਿਜ਼ ਕਲਪਣਾ ਮਾਤਰ ਹੈ। ਇਹੀ ਵਿਚਾਰ ਇਸ ਸ਼ਬਦ ਦਾ ਸਥਾਈ ਭਾਵ ਹੈ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਜਿਸ ਪ੍ਰਭੂ ਨੂੰ ਜੋਗੀ ਲੋਕ ਜੋਗ ਸਾਧਨਾ ਨਾਲ ਵੀ ਲੱਭ ਨਹੀਂ ਸਕੇ ਤੇ ਮੁਕੰਮਲ ਰੂਪ ਵਿਚ ਉਸ ਦਾ ਭੇਤ ਨਹੀਂ ਪਾ ਸਕੇ। ਮਨੁਖ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਮਾਲਕ ਪ੍ਰਭੂ ਸਾਡੇ ਬੇਹੱਦ ਨੇੜੇ ਵਸਦਾ ਹੈ। ਉਸ ਦੀ ਪਛਾਣ ਇਹੀ ਹੈ ਕਿ ਉਸ ਦਾ ਕੋਈ ਰੰਗ-ਰੂਪ ਤੇ ਨੈਣ ਨਕਸ਼ ਨਹੀਂ ਹੈ ਜਾਂ ਕਹਿ ਲਉ ਉਸ ਦੀ ਕੋਈ ਪਛਾਣ ਨਹੀਂ ਹੈ। ਇਹੀ ਉਸ ਦਾ ਨਿਆਰਾਪਣ ਹੈ।

ਪਾਤਸ਼ਾਹ ਦੱਸਦੇ ਹਨ ਕਿ ਇਸ ਸੰਸਾਰ ਵਿਚ ਸਿਰਫ ਹਰੀ-ਪ੍ਰਭੂ ਦਾ ਨਾਮ ਹੀ ਸਭ ਤੋਂ ਪਵਿੱਤਰ, ਅਰਥਾਤ ਸ੍ਰੇਸ਼ਟ ਜਾਂ ਅੱਵਲ ਹੈ। ਪਰ ਮਨੁਖ ਇਸ ਨੂੰ ਕਦੇ ਵੀ ਯਾਦ ਨਹੀਂ ਰਖਦਾ। ਫਿਰ ਪਾਤਸ਼ਾਹ ਅਜਿਹੇ ਮਨੁਖ ਦੇ ਮਨ ਦੀ ਅਵਾਜ਼ ਬਣਦੇ ਹੋਏ ਕਹਿੰਦੇ ਹਨ ਕਿ ਹੇ ਸੰਸਾਰ ਦੇ ਸਤਿਕਾਰਜੋਗ, ਬੰਦਨਾ ਕਰਨ ਜੋਗ ਪ੍ਰਭੂ! ਮੈਂ ਆਪ ਦੀ ਸ਼ਰਣ ਵਿਚ ਆ ਗਿਆਂ ਹਾਂ। ਮੇਰੀ ਰਖਿਆ ਕਰੋ, ਜੋ ਤੁਹਾਡਾ ਬਿਰਦ ਹੈ।
Tags