ਇਸ ਸ਼ਬਦ ਵਿਚ ਦਸਿਆ ਗਿਆ ਹੈ ਕਿ ਮਨੁਖੀ ਮਨ ਮਾਇਆ ਦੇ ਲਾਲਚ ਵਿਚ ਫਸ ਕੇ ਹਰੀ ਨੂੰ ਭੁੱਲ ਜਾਂਦਾ ਹੈ। ਹਰੀ ਦੇ ਗੁਣਾਂ ਦੇ ਚਿੰਤਨ ਤੋਂ ਬਿਨਾਂ, ਇਹ ਭੁੱਲੜ ਮਨ ਅਮੋਲਕ ਮਨੁਖਾ ਜੀਵਨ ਅਜਾਈਂ ਗਵਾ ਲੈਂਦਾ ਹੈ।
ਜੈਤਸਰੀ ਮਹਲਾ ੯ ॥
ੴ ਸਤਿਗੁਰ ਪ੍ਰਸਾਦਿ ॥
ਭੂਲਿਓ ਮਨੁ ਮਾਇਆ ਉਰਝਾਇਓ ॥
ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥
ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥
ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥
ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥
ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥
-ਗੁਰੂ ਗ੍ਰੰਥ ਸਾਹਿਬ ੭੦੨-੭੦੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਦਾ ਮਨ ਆਪਣਾ ਅਸਲੀ ਮਕਸਦ ਭੁੱਲ ਗਿਆ ਹੈ, ਜਿਸ ਕਰਕੇ ਇਹ ਪਦਾਰਥ ਦੇ ਲੋਭ ਵਿਚ ਉਲਝ ਕੇ ਆਪਣੇ ਅਸਲ ਰਾਹ ਤੋਂ ਭਟਕ ਗਿਆ ਹੈ। ਇਸ ਲੋਭੀ ਮਨ ਦੇ ਮਗਰ ਲੱਗ ਕੇ ਮਨੁਖ ਜਿਹੜੇ ਵੀ ਕੰਮ ਕਰਦਾ ਹੈ, ਉਨ੍ਹਾਂ ਵਿਚ ਹੀ ਉਹ ਆਪਣੇ-ਆਪ ਨੂੰ ਜਕੜ ਲੈਂਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਫਿਰ ਦੱਸਦੇ ਹਨ ਕਿ ਏਨਾ ਸਮਝਾਉਣ ਦੇ ਬਾਵਜੂਦ ਵੀ ਇਸ ਮਨ ਨੂੰ ਸਮਝ ਨਹੀਂ ਲੱਗੀ, ਜਿਸ ਕਰਕੇ ਇਹ ਤਨ-ਮਨ ਨੂੰ ਗਾਲਣ ਵਾਲੇ ਸੁਆਦਾਂ ਵਿਚ ਏਨਾ ਰਚ-ਮਿਚ ਗਿਆ ਹੈ ਕਿ ਪ੍ਰਭੂ ਦੀ ਸਿਫਤਿ, ਅਰਥਾਤ ਉਸ ਦੇ ਗੁਣ-ਗਾਇਨ ਨੂੰ ਮਨੋ ਵਿਸਾਰ ਦਿੱਤਾ ਹੈ। ਮਨੁਖ ਨੇ ਉਸ ਮਾਲਕ ਪ੍ਰਭੂ ਨੂੰ ਆਪਣੇ ਅੰਗ-ਸੰਗ ਨਹੀਂ ਸਮਝਿਆ, ਜਿਸ ਕਰਕੇ ਇਹ ਉਸ ਨੂੰ ਲੱਭਣ ਲਈ ਆਪਣੇ ਮਨ ਅੰਦਰ ਖੋਜਣ ਦੀ ਬਜਾਏ ਬਾਹਰ ਜੰਗਲਾਂ ਵਿਚ ਲੱਭਣ ਲਈ ਦੌੜ-ਭੱਜ ਕਰਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਅਨਮੋਲ ਰਤਨ ਜਿਹਾ ਕੀਮਤੀ ਪ੍ਰਭੂ ਮਨੁਖ ਦੇ ਅੰਦਰ ਹੀ ਹੈ, ਪਰ ਮਨੁਖ ਨੂੰ ਉਸ ਦੀ ਜਾਣਕਾਰੀ ਨਹੀਂ ਹੈ। ਇਸ ਕਰਕੇ ਮਨੁਖ ਨੇ ਉਸ ਪ੍ਰਭੂ ਦੀ ਭਗਤੀ, ਭਜਨ, ਅਰਥਾਤ ਸਿਮਰਨ ਬਿਨਾਂ ਆਪਣਾ ਜੀਵਨ ਵਿਅਰਥ ਗਵਾ ਲਿਆ ਹੈ।