ਇਸ ਸ਼ਬਦ ਵਿਚ ਮਨਮੁਖੀ ਆਚਰਣ ਦੀਆਂ ਬੁਰਿਆਈਆਂ ਦਰਸਾਉਂਦਿਆਂ ਗੁਰਮੁਖੀ ਆਚਰਣ ਨੂੰ ਧਾਰਨ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ ਅਤੇ ਪ੍ਰਭੂ ਰਜਾ ਵਿਚ ਰਾਜੀ ਰਹਿੰਦਿਆਂ ਪ੍ਰਭੂ ਅੱਗੇ ਨਾਮ-ਦਾਨ ਦੀ ਅਰਜੋਈ ਕੀਤੀ ਗਈ ਹੈ।
ਸੋਰਠਿ ਮਹਲਾ ੧ ॥
ਜਿਸੁ ਜਲਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥
ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥
ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥
ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥
ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥
-ਗੁਰੂ ਗ੍ਰੰਥ ਸਾਹਿਬ ੫੯੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਗੁਰੂ ਨਾਨਕ ਪਾਤਸ਼ਾਹ ਮਨੁਖ ਨੂੰ ਮੁਖਾਤਬ ਹੁੰਦੇ ਹੋਏ ਦੱਸਦੇ ਹਨ ਕਿ ਜਿਸ ਜਲਨਿਧਿ (ਜਲ ਦੇ ਖਜਾਨੇ, ਭਾਵ ਅੰਮ੍ਰਿਤ) ਲਈ ਮਨੁਖ ਜਗਤ ਵਿਚ ਆਇਆ ਹੈ, ਉਹ ਗੁਰੂ, ਅਰਥਾਤ ਗੁਰ-ਸ਼ਬਦ ਤੋਂ ਪ੍ਰਾਪਤ ਹੁੰਦਾ ਹੈ। ਪਾਤਸ਼ਾਹ ਨੇ ਇਥੇ ਜਲਨਿਧਿ ਨੂੰ ਅੰਮ੍ਰਿਤ ਕਿਹਾ ਹੈ, ਜਿਸ ਤੋਂ ਸਪਸ਼ਟ ਹੈ ਕਿ ਇਹ ਜਲਨਿਧਿ ਵਿਸ਼ੇਸ਼ ਕਿਸਮ ਦਾ ਪਾਣੀ ਹੈ, ਜਿਹੜਾ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਅਸਲ ਵਿਚ ਇਹ ਪਾਣੀ ਨਹੀਂ, ਬਲਕਿ ਗੁਰੂ ਦੀ ਸਿੱਖਿਆ ਤੋਂ ਪ੍ਰਾਪਤ ਹੋਣ ਵਾਲਾ ਪ੍ਰਭੂ ਦਾ ਨਾਮ ਹੈ, ਜਿਹੜਾ ਸਾਨੂੰ ਮੌਤ ਦੇ ਭੈਅ ਤੋਂ ਮੁਕਤ ਕਰਕੇ ਅਮਰ ਜੀਵਨ ਜੀਣ ਦੀ ਜੁਗਤ ਦੱਸਦਾ ਹੈ।
ਫਿਰ ਪਾਤਸ਼ਾਹ ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਲਈ ਪਹਿਰਾਵੇ ਦੇ ਪਖੰਡ, ਚਤਰਤਾ ਦੇ ਦੰਭ ਅਤੇ ਦੁਬਿਧਾ ਦਾ ਤਿਆਗ ਕਰਨ ਲਈ ਪ੍ਰੇਰਤ ਕਰਦੇ ਹਨ ਕਿ ਇਨ੍ਹਾਂ ਨਾਲ ਅੰਮ੍ਰਿਤ ਰੂਪ ਫਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਜਦ ਪਾਤਸ਼ਾਹ ਨੇ ਦੱਸਿਆ ਕਿ ਉਕਤ ਕਿਸਮ ਦੀਆਂ ਜੁਗਤਾਂ ਨਾਲ ਅੰਮ੍ਰਿਤ ਪ੍ਰਾਪਤ ਨਹੀਂ ਹੋ ਸਕਦਾ ਹੈ ਤਾਂ ਮਨ ਅਵਾਜ਼ਾਰ ਹੋ ਕੇ ਏਧਰ-ਓਧਰ ਭੱਜਦਾ ਹੈ। ਇਸ ਲਈ ਪਾਤਸ਼ਾਹ ਮਨ ਨੂੰ ਰੋਕਦੇ ਹਨ ਕਿ ਉਹ ਟਿਕਿਆ ਰਹੇ ਤੇ ਨਿਰਾਸ਼ ਹੋ ਕੇ ਕਿਤੇ ਨਾ ਜਾਵੇ। ਕਿਉਂਕਿ ਬਾਹਰ ਲੱਭਿਆਂ ਅੰਮ੍ਰਿਤ ਕਿਤੇ ਨਹੀਂ ਮਿਲਦਾ, ਬਸ ਦੁਖ ਹੀ ਪੱਲੇ ਪੈਂਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਅੰਮ੍ਰਿਤ ਮਨੁਖ ਦੇ ਅੰਦਰ ਹੀ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਦੰਭ ਅਤੇ ਪਖੰਡ ਜਿਹੇ ਸਭ ਅਵਗੁਣ ਛੱਡਣੇ ਪੈਂਦੇ ਹਨ ਤੇ ਗੁਣ ਹਾਸਲ ਕਰਨ ਲਈ ਜਤਨ ਕਰਨੇ ਪੈਂਦੇ ਹਨ, ਕਿਉਂਕਿ ਅਵਗੁਣਾਂ ਕਾਰਣ ਕੁਝ ਵੀ ਹਾਸਲ ਨਹੀਂ ਹੁੰਦਾ, ਬਸ ਪਛਤਾਵਾ ਹੀ ਪੱਲੇ ਪੈਂਦਾ ਹੈ। ਅਸਲ ਵਿਚ ਸਧਾਰਣ ਮਨੁਖ ਨੂੰ ਭਲੇ-ਬੁਰੇ ਦੀ ਸਾਰ ਨਹੀਂ ਹੁੰਦੀ, ਜਿਸ ਕਾਰਣ ਉਹ ਮੁੜ-ਮੁੜ ਕੇ ਬੁਰਾਈ ਰੂਪ ਚਿੱਕੜ ਵਿਚ ਡੁੱਬ ਜਾਂਦਾ ਹੈ।
ਉਸ ਦੇ ਅੰਦਰ ਲੋਭ ਕਾਰਣ ਵਿਕਾਰਾਂ ਦੀ ਏਨੀ ਮੈਲ ਭਰੀ ਹੁੰਦੀ ਹੈ ਕਿ ਉਸ ਨੂੰ ਪੈਰ-ਪੈਰ ’ਤੇ ਬੜੇ ਝੂਠ ਬੋਲਣੇ ਪੈਂਦੇ ਹਨ। ਪਾਤਸ਼ਾਹ ਹੈਰਾਨੀ ਪ੍ਰਗਟ ਕਰਦੇ ਹਨ ਕਿ ਅਜਿਹੇ ਮਨੁਖ ਨੂੰ ਬਾਹਰੋਂ ਨਹਾਉਣ-ਧੋਣ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਲਈ ਪਾਤਸ਼ਾਹ ਸੋਝੀ ਬਖਸ਼ਦੇ ਹਨ ਕਿ ਗੁਰ-ਸ਼ਬਦ ਦੇ ਅਨੁਸਾਰੀ ਹੋ ਕੇ ਪ੍ਰਭੂ ਦੇ ਨਿਰਮਲ ਨਾਮ ਨੂੰ ਹਮੇਸ਼ਾ ਹਿਰਦੇ ਵਿਚ ਵਸਾਉਣ ਨਾਲ ਗੁਰਮੁਖ ਹੋਇਆ ਮਨੁਖ ਹੀ ਆਪਣੇ ਅੰਦਰ ਦੀ ਹਾਲਤ ਵਿਚ ਸੁਧਾਰ ਲਿਆ ਸਕਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਮਨ ਦੇ ਤਮਾਮ ਲੋਭ ਲਾਲਚ ਛੱਡ ਕੇ ਤੇ ਦੂਸਰਿਆਂ ਦੀ ਬੇਬੁਨਿਆਦ ਬੁਰਾਈ ਕਰਦੇ ਰਹਿਣ ਦੀ ਬਿਰਤੀ ਦਾ ਤਿਆਗ ਕੇ ਹੀ ਜੀਵਨ ਦਾ ਅਸਲ ਉਦੇਸ਼ ਹਾਸਲ ਹੋ ਸਕਦਾ ਹੈ।
ਮਨੁਖੀ ਅਰਦਾਸ ਦੋ ਤਰ੍ਹਾਂ ਦੀ ਹੁੰਦੀ ਹੈ। ਕੁਝ ਲੋਕ ਆਪਣੇ ਜੀਵਨ ਦੇ ਹਾਲਾਤ ਦੀ ਬਿਹਤਰੀ ਲਈ ਅਰਦਾਸ ਕਰਦੇ ਹਨ ਤੇ ਕੁਝ ਲੋਕ ਇਹ ਅਰਦਾਸ ਕਰਦੇ ਹਨ ਕਿ ਪ੍ਰਭੂ-ਪਿਆਰਾ ਉਨ੍ਹਾਂ ਨੂੰ ਆਪਣੀ ਰਜ਼ਾ ਵਿਚ ਰਖੇ, ਜਿਥੇ ਵੀ ਰਖੇ ਬਸ ਆਪਣੀ ਨਜ਼ਰ ਹੇਠ ਤੇ ਆਪਣੇ ਪਿਆਰ ਵਿਚ ਰਖੇ। ਧਰਮ ਦੇ ਇਤਿਹਾਸ ਅਤੇ ਅਹਿਸਾਸ ਵਿਚ ਇਹ ਅਰਦਾਸ ਹੀ ਉੱਤਮ ਮੰਨੀ ਜਾਂਦੀ ਹੈ।
ਇਸ ਸ਼ਬਦ ਦੇ ਅਖੀਰ ਵਿਚ ਵੀ ਪਾਤਸ਼ਾਹ ਪ੍ਰਭੂ-ਪਿਆਰੇ ਹਰੀ ਅੱਗੇ ਨਿਮਰ ਭਾਵੀ ਅਰਦਾਸ ਕਰਦੇ ਹਨ ਕਿ ਉਹ ਆਪਣੇ ਭਾਣੇ ਅੰਦਰ ਰਖੋ ਅਤੇ ਮੇਰੇ ’ਤੇ ਇਹ ਮਿਹਰ ਕਰੋ ਕਿ ਮੈਂ ਗੁਰ-ਸ਼ਬਦ ਰਾਹੀਂ ਸਦਾ ਤੁਹਾਡੀ ਵਡਿਆਈ ਕਰਦਾ ਰਹਾਂ।