Guru Granth Sahib Logo
  
ਇਸ ਸ਼ਬਦ ਵਿਚ ਪ੍ਰਭੂ ਦੇ ਨਾਮ ਦੀ ਮਹਿਮਾ ਨੂੰ ਬਿਆਨ ਕਰਦਿਆਂ ਦੱਸਿਆ ਗਿਆ ਹੈ ਕਿ ਨਾਮ ਦੀ ਬਰਕਤ ਨਾਲ ਮਨੁਖ ਦੇ ਮਨ ਵਿਚ ਖਿੜਾਓ ਆ ਜਾਂਦਾ ਹੈ ਅਤੇ ਉਸ ਦੇ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਸੱਚੇ ਗੁਰੂ ਤੋਂ ਪ੍ਰਾਪਤ ਹੋਏ ਇਸ ਨਾਮ ਸਕਦਾ ਮਨੁਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਰਾਗੁ ਬਿਹਾਗੜਾ   ਮਹਲਾ

ਅੰਮ੍ਰਿਤੁ ਹਰਿ ਹਰਿ ਨਾਮੁ ਹੈ  ਮੇਰੀ ਜਿੰਦੁੜੀਏ   ਅੰਮ੍ਰਿਤੁ ਗੁਰਮਤਿ ਪਾਏ  ਰਾਮ
ਹਉਮੈ ਮਾਇਆ ਬਿਖੁ ਹੈ  ਮੇਰੀ ਜਿੰਦੁੜੀਏ   ਹਰਿ ਅੰਮ੍ਰਿਤਿ ਬਿਖੁ ਲਹਿ ਜਾਏ  ਰਾਮ
ਮਨੁ ਸੁਕਾ ਹਰਿਆ ਹੋਇਆ  ਮੇਰੀ ਜਿੰਦੁੜੀਏ   ਹਰਿ ਹਰਿ ਨਾਮੁ ਧਿਆਏ  ਰਾਮ
ਹਰਿ ਭਾਗ ਵਡੇ ਲਿਖਿ ਪਾਇਆ  ਮੇਰੀ ਜਿੰਦੁੜੀਏ   ਜਨ ਨਾਨਕ  ਨਾਮਿ ਸਮਾਏ  ਰਾਮ ॥੧॥

ਹਰਿ ਸੇਤੀ ਮਨੁ ਬੇਧਿਆ  ਮੇਰੀ ਜਿੰਦੁੜੀਏ   ਜਿਉ ਬਾਲਕ ਲਗਿ ਦੁਧ ਖੀਰੇ  ਰਾਮ
ਹਰਿ ਬਿਨੁ ਸਾਂਤਿ ਪਾਈਐ  ਮੇਰੀ ਜਿੰਦੁੜੀਏ   ਜਿਉ ਚਾਤ੍ਰਿਕੁ ਜਲ ਬਿਨੁ ਟੇਰੇ  ਰਾਮ
ਸਤਿਗੁਰ ਸਰਣੀ ਜਾਇ ਪਉ  ਮੇਰੀ ਜਿੰਦੁੜੀਏ   ਗੁਣ ਦਸੇ ਹਰਿ ਪ੍ਰਭ ਕੇਰੇ  ਰਾਮ
ਜਨ ਨਾਨਕ  ਹਰਿ ਮੇਲਾਇਆ  ਮੇਰੀ ਜਿੰਦੁੜੀਏ   ਘਰਿ ਵਾਜੇ ਸਬਦ ਘਣੇਰੇ  ਰਾਮ ॥੨॥

ਮਨਮੁਖਿ ਹਉਮੈ ਵਿਛੁੜੇ  ਮੇਰੀ ਜਿੰਦੁੜੀਏ   ਬਿਖੁ ਬਾਧੇ ਹਉਮੈ ਜਾਲੇ  ਰਾਮ
ਜਿਉ ਪੰਖੀ ਕਪੋਤਿ ਆਪੁ ਬਨਾਇਆ ਮੇਰੀ ਜਿੰਦੁੜੀਏ   ਤਿਉ ਮਨਮੁਖ ਸਭਿ ਵਸਿ ਕਾਲੇ  ਰਾਮ
ਜੋ ਮੋਹਿ ਮਾਇਆ ਚਿਤੁ ਲਾਇਦੇ  ਮੇਰੀ ਜਿੰਦੁੜੀਏ   ਸੇ ਮਨਮੁਖ ਮੂੜ ਬਿਤਾਲੇ  ਰਾਮ
ਜਨ ਤ੍ਰਾਹਿ ਤ੍ਰਾਹਿ ਸਰਣਾਗਤੀ  ਮੇਰੀ ਜਿੰਦੁੜੀਏ   ਗੁਰ ਨਾਨਕ  ਹਰਿ ਰਖਵਾਲੇ  ਰਾਮ ॥੩॥

ਹਰਿ ਜਨ ਹਰਿ ਲਿਵ ਉਬਰੇ  ਮੇਰੀ ਜਿੰਦੁੜੀਏ   ਧੁਰਿ ਭਾਗ ਵਡੇ ਹਰਿ ਪਾਇਆ  ਰਾਮ
ਹਰਿ ਹਰਿ ਨਾਮੁ ਪੋਤੁ ਹੈ  ਮੇਰੀ ਜਿੰਦੁੜੀਏ   ਗੁਰ ਖੇਵਟ ਸਬਦਿ ਤਰਾਇਆ  ਰਾਮ
ਹਰਿ ਹਰਿ ਪੁਰਖੁ ਦਇਆਲੁ ਹੈ  ਮੇਰੀ ਜਿੰਦੁੜੀਏ   ਗੁਰ ਸਤਿਗੁਰ ਮੀਠ ਲਗਾਇਆ  ਰਾਮ
ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ   ਜਨ ਨਾਨਕ  ਨਾਮੁ ਧਿਆਇਆ  ਰਾਮ ॥੪॥੨॥
-ਗੁਰੂ ਗ੍ਰੰਥ ਸਾਹਿਬ ੫੩੮-੫੩੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਦੇ ਅਰੰਭ ਵਿਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਨੋਬਚਨੀ (soliloquy) ਵਜੋਂ ਆਪਣੇ ਸਵੈ ਨੂੰ ਜਿੰਦੜੀਏ ਕਹਿ ਕੇ ਮੁਖਾਤਬ ਹੋਏ ਹਨ। ਮਨੋਬਚਨੀ ਅਜਿਹੀ ਸਾਹਿਤਕ ਵਿਧਾ ਹੈ, ਜਿਸ ਵਿਚ ਆਪਣੇ ਸਵੈ ਨੂੰ ਮੁਖਾਤਬ ਹੋ ਕੇ ਕੁਝ ਦੱਸਿਆ ਜਾਂ ਸਮਝਾਇਆ ਜਾਂਦਾ ਹੈ। ਅਸਲ ਵਿਚ ਇਹ ਸਮਝਾਉਣਾ ਆਪਣੇ ਸਵੈ ਦੇ ਬਹਾਨੇ, ਸਾਂਝੇ ਤੌਰ ’ਤੇ ਮਨੁਖ ਨੂੰ ਹੀ ਸਮਝਾਉਣਾ ਹੁੰਦਾ ਹੈ।

ਮੌਤ ਤੋਂ ਡਰੀ ਹੋਈ ਜਿੰਦ, ਬਚਣ ਦੇ ਹੀਲੇ ਕਰਦੀ ਹੋਈ, ਅੰਮ੍ਰਿਤ ਬਾਰੇ ਪੁੱਛਦੀ ਹੈ ਤਾਂ ਪਾਤਸ਼ਾਹ ਆਪਣੀ ਜਿੰਦ ਦੇ ਬਹਾਨੇ ਮਨੁਖ ਨੂੰ ਦੱਸਦੇ ਹਨ ਕਿ ਅਸਲ ਵਿਚ ਅੰਮ੍ਰਿਤ ਪਿਆਰੇ ਹਰੀ ਪ੍ਰਭੂ ਦਾ ਨਾਮ ਹੀ ਹੈ। ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਦਾ ਤਰੀਕਾ ਗੁਰੂ ਦੇ ਬਖਸ਼ੇ ਗਿਆਨ ਵਿਚੋਂ ਪਤਾ ਲੱਗਦਾ ਹੈ।

ਫਿਰ ਪਾਤਸ਼ਾਹ ਇਸੇ ਅੰਦਾਜ ਵਿਚ ਆਪਣੀ ਜਿੰਦ ਨਾਲ ਵਾਰਤਾਲਾਪ ਰਾਹੀਂ ਨਾਮ ਰੂਪੀ ਅੰਮ੍ਰਿਤ ਦੇ ਗੁਣ ਦੱਸਦੇ ਹਨ ਕਿ ਮਾਇਆ ਹੀ ਹਉਮੈ ਦਾ ਅਸਲ ਕਾਰਣ ਹੈ ਤੇ ਇਹ ਹਉਮੈ ਨਿਰੀ ਜ਼ਹਿਰ ਹੈ। ਇਹ ਜ਼ਹਿਰ ਸਿਰਫ ਉਸ ਪਿਆਰੇ ਹਰੀ ਪ੍ਰਭੂ ਦੇ ਨਾਮ ਰੂਪੀ ਅੰਮ੍ਰਿਤ ਨਾਲ ਹੀ ਬੇਅਸਰ ਹੋ ਸਕਦੀ ਹੈ।

ਮਾਇਆ ਕਾਰਣ ਮਨ ਵਿਚ ਪੈਦਾ ਹੋਈ ਹਉਮੈ ਨੇ ਮਨ ਏਨਾ ਖੁਸ਼ਕ ਕਰ ਦਿੱਤਾ ਸੀ ਕਿ ਪ੍ਰੇਮਭਾਵ ਦੀ ਤਰਲਤਾ ਮੁਕਾ ਹੀ ਦਿੱਤੀ। ਪਾਤਸ਼ਾਹ ਆਪਣੀ ਜਿੰਦ ਨੂੰ ਦੱਸਦੇ ਹਨ ਕਿ ਪਿਆਰੇ ਹਰੀ ਪ੍ਰਭੂ ਦੇ ਨਾਮ ਨੂੰ ਧਿਆਉਣ ਅਤੇ ਮਨ ਵਿਚ ਵਸਾਉਣ ਨਾਲ ਸੁੱਕਾ ਹੋਇਆ ਮਨ ਫਿਰ ਹਰਾ ਹੋ ਗਿਆ ਹੈ ਤੇ ਉਸ ਵਿਚ ਪ੍ਰੇਮਭਾਵ ਫਿਰ ਉਗਮ ਪਿਆ ਹੈ।

ਪਾਤਸ਼ਾਹ ਫਿਰ ਆਪਣੀ ਜਿੰਦ ਨੂੰ ਦੱਸਦੇ ਹਨ ਕਿ ਨਾਮ ਰੂਪੀ ਅੰਮ੍ਰਿਤ ਕਿਸੇ ਹੱਠ ਨਾਲ ਨਹੀਂ ਪ੍ਰਾਪਤ ਹੁੰਦਾ, ਬਲਕਿ ਜਿਸ ਕਿਸੇ ਦੇ ਵੱਡੇ ਭਾਗਾਂ ਵਿਚ ਧੁਰੋਂ ਹੀ ਲਿਖਿਆ ਹੋਵੇ, ਉਸ ਨੂੰ ਹੀ ਪਿਆਰ ਭਰੇ ਰਾਮ-ਨਾਮ ਦੀ ਲਗਨ ਲੱਗਦੀ ਹੈ।

ਫਿਰ ਉਸ ਹਰੀ ਪ੍ਰਭੂ ਦੇ ਪਿਆਰ ਵਿਚ ਚਿੱਤ, ਚੱਤੋ ਪਹਿਰ ਖੁੱਭਿਆ ਰਹਿੰਦਾ ਹੈ, ਜਿਵੇਂ ਨਿੱਕਾ ਬੱਚਾ ਆਪਣੀ ਮਾਂ ਨਾਲ ਲੱਗ ਕੇ ਦੁੱਧ ਚੁੰਘ ਰਿਹਾ ਹੋਵੇ। ਪਾਤਸ਼ਾਹ ਨੇ ਇਥੇ ਆਪਣੇ ਮਨ ਨੂੰ ਹਰੀ ਨਾਲ ਬੇਧਿਆ ਦੱਸਿਆ ਹੈ। ਜਦ ਕੋਈ ਕਿਸੇ ਦੇ ਕਮਾਨ ਖਿੱਚ ਕੇ ਤੀਰ ਮਾਰਦਾ ਹੈ ਤਾਂ ਉਹ ਨਿਸ਼ਾਨੇ ਵਿਚ ਖੁੱਭ ਜਾਂਦਾ ਹੈ। ਪਿਆਰ ਭਰੀ ਨਜ਼ਰ ਨੂੰ ਵੀ ਤੀਰ ਦੀ ਤੁਲਨਾ ਦਿੱਤੀ ਜਾਂਦੀ ਹੈ। ਕਿਸੇ ਨੂੰ ਪਿਆਰ ਨਾਲ ਤੱਕੋ ਤਾਂ ਉਸ ਦੇ ਦਿਲ ਵਿਚ ਪ੍ਰੇਮ ਤਰੰਗ ਤੀਰ ਦੀ ਨਿਆਈਂ ਖੁੱਭ ਜਾਂਦੀ ਹੈ। ਇਸੇ ਨੂੰ ਬੇਧਿਆ ਕਹਿੰਦੇ ਹਨ।

ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ-ਪ੍ਰੇਮ ਕਾਰਣ ਜਦ ਇਹੋ ਜਿਹੀ ਅਵਸਥਾ ਹੋਵੇ ਤਾਂ ਫਿਰ ਉਸ ਪ੍ਰੇਮ ਦੇ ਮੁਜੱਸਮੇ ਬਿਨਾਂ ਮਨ ਨੂੰ ਕਿਤੇ ਵੀ ਚੈਨ ਨਹੀਂ ਆਉਂਦੀ। ਫਿਰ ਹਾਲ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਜਿਵੇਂ ਕੋਈ ਪਿਆਸਾ ਪਪੀਹਾ ਪਾਣੀ ਲਈ ਵਿਲਕ ਰਿਹਾ ਹੋਵੇ।

ਪਾਤਸ਼ਾਹ ਆਦੇਸ਼ ਕਰਦੇ ਹਨ ਕਿ ਜਿਸ ਦੇ ਮਨ ਵਿਚ ਕੋਈ ਤੜਪ ਹੈ, ਉਸ ਨੂੰ ਸੱਚ-ਸਰੂਪ ਗੁਰੂ ਦੀ ਸ਼ਰਣ ਵਿਚ ਚਲੇ ਜਾਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਪਿਆਰੇ ਹਰੀ ਪ੍ਰਭੂ ਦੇ ਗੁਣ ਪਤਾ ਲੱਗ ਸਕਣ, ਭਾਵ ਕਿ ਜਦ ਤਕ ਸਾਨੂੰ ਪ੍ਰਭੂ-ਪਿਆਰੇ ਦੇ ਗੁਣਾਂ ਦਾ ਹੀ ਪਤਾ ਨਹੀਂ ਹੋਵੇਗਾ ਤਾਂ ਮਨ ਵਿਚ ਉਸ ਨੂੰ ਮਿਲਣ ਦੀ ਲਗਨ ਕਿਵੇਂ ਲੱਗੇਗੀ।

ਪ੍ਰਭੂ-ਪਿਆਰੇ ਦੀ ਇਸ ਲਗਨ ਲਈ ਹੀ ਗੁਰੂ ਦੀ ਸ਼ਰਣ ਵਿਚ ਜਾਣ ਦੀ ਜ਼ਰੂਰਤ ਹੈ। ਗੁਰਮਤਿ ਦੇ ਪ੍ਰਸੰਗ ਵਿਚ ਗੁਰੂ-ਰੂਪ ਬਾਣੀ ਉਸ ਪਿਆਰੇ ਪ੍ਰਭੂ ਦੇ ਗੁਣ ਦੱਸਦੀ ਹੈ।

ਇਸੇ ਲਈ ਪਾਤਸ਼ਾਹ ਦੱਸਦੇ ਹਨ ਕਿ ਗੁਰੂ ਨੇ ਉਨ੍ਹਾਂ ਨੂੰ ਪਿਆਰੇ ਹਰੀ ਪ੍ਰਭੂ ਨੂੰ ਮਿਲਾ ਦਿੱਤਾ ਹੈ, ਜਿਸ ਕਰਕੇ ਮਨ ਦੀ ਹਾਲਤ ਇਸ ਤਰ੍ਹਾਂ ਹੋ ਗਈ ਹੈ, ਜਿਵੇਂ ਹਿਰਦੇ ਅੰਦਰ ਅਨੇਕ ਤਰ੍ਹਾਂ ਦੀਆਂ ਮੰਗਲਮਈ ਧੁਨੀਆਂ ਗੂੰਜ ਪਈਆਂ ਹੋਣ।

ਫਿਰ ਪਾਤਸ਼ਾਹ ਉਸੇ ਮਨੋਬਚਨੀ ਅੰਦਾਜ਼ ਵਿਚ ਦੱਸਦੇ ਹਨ ਕਿ ਜਿਹੜੇ ਆਪਣੇ ਮਨ ਮਗਰ ਲੱਗ ਕੇ ਹਉਮੈ ਨਾਲ ਭਰੇ ਪਏ ਸਨ ਤੇ ਇਸੇ ਕਾਰਣ ਪਿਆਰੇ ਪ੍ਰਭੂ ਤੋਂ ਵਿਛੜੇ ਹੋਏ ਸਨ, ਉਨ੍ਹਾਂ ਦੀ ਹਾਲਤ ਹੁਣ ਇਸ ਤਰ੍ਹਾਂ ਦੀ ਹੋਈ ਪਈ ਹੈ, ਜਿਵੇਂ ਉਹ ਜ਼ਹਿਰੀਲੀ ਮਾਇਆ ਕਾਰਣ ਆਪਣੀ ਹਉਮੈ ਦੇ ਜਾਲ ਵਿਚ ਹੀ ਬੰਨ੍ਹੇ ਗਏ ਹੋਣ।

ਫਿਰ ਪਾਤਸ਼ਾਹ ਉਸੇ ਅੰਦਾਜ਼ ਵਿਚ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਪੰਛੀ ਚੋਗੇ ਦੇ ਲਾਲਚ ਵਿਚ ਆਪਣੇ-ਆਪ ਨੂੰ ਜਾਲ ਵਿਚ ਫਸਾ ਲੈਂਦੇ ਹਨ, ਉਸੇ ਤਰ੍ਹਾਂ ਆਪਣੇ ਮਨ ਮਗਰ ਲੱਗੇ ਲੋਕ ਮਾਇਆ ਦੇ ਮੋਹ ਕਾਰਣ ਮੌਤ ਦੇ ਡਰ ਦੀ ਗ੍ਰਿਫਤ ਵਿਚ ਘਿਰ ਜਾਂਦੇ ਹਨ।

ਗੁਰਮਤਿ ਅਨੁਸਾਰ ਸੱਚ ਸਦੀਵੀ ਹੁੰਦਾ ਹੈ ਤੇ ਜੋ ਸਦੀਵੀ ਨਹੀਂ ਹੁੰਦਾ ਉਹ ਸੱਚ ਨਹੀਂ ਹੁੰਦਾ। ਜਿਹੜਾ ਵੀ ਕੋਈ ਗੁਰਮਤਿ ਦੀ ਬਜਾਏ ਆਪਣੇ ਮਨ ਮੁਤਾਬਕ ਸੋਚਦਾ ਹੈ, ਉਸ ਨੂੰ ਗੁਰਮਤਿ ਵਿਚ ਮਨਮੁਖ ਕਿਹਾ ਗਿਆ ਹੈ ਤੇ ਇਥੇ ਪਾਤਸ਼ਾਹ ਦੱਸਦੇ ਹਨ ਕਿ ਮਨਮੁਖ ਖੁਦ ਨੂੰ ਭਟਕਣ ਵਿਚ ਫਸਾ ਲੈਂਦਾ ਹੈ।

ਇਸੇ ਤਰ੍ਹਾਂ ਜਿਹੜੇ ਲੋਕ ਆਪਣੇ ਮਨ ਮਗਰ ਲੱਗ ਕੇ ਰਿਸ਼ਤਿਆਂ ਦੇ ਮੋਹ-ਰੂਪੀ ਮਾਇਆ ਜਾਲ ਨਾਲ ਦਿਲ ਲਾ ਲੈਂਦੇ ਹਨ ਜਾਂ ਕਹਿ ਲਉ ਰਿਸ਼ਤਿਆਂ ਨੂੰ ਮਾਇਆ ਦੇ ਨੁਕਤੇ ਤੋਂ ਸਮਝਣ ਅਤੇ ਨਿਭਾਉਣ ਦੇ ਮੋਹ ਵਿਚ ਘਿਰ ਜਾਂਦੇ ਹਨ, ਉਨ੍ਹਾਂ ਵਿਚ ਕਦੇ ਵੀ ਇਕ-ਸੁਰਤਾ ਨਹੀਂ ਆਉਂਦੀ। ਉਹ ਇਸ ਤਰ੍ਹਾਂ ਜੀਵਨ ਬਸਰ ਕਰਦੇ ਹਨ, ਜਿਵੇਂ ਕੋਈ ਸੰਗੀਤਕਾਰ ਤਾਲ ਤੋਂ ਥਿੜਕ ਕੇ ਬੇਤਾਲਾ ਹੋ ਗਿਆ ਹੋਵੇ।

ਇਸ ਸ਼ਬਦ ਵਿਚ ਮਾਇਆ, ਮਨਮੁਖ ਅਤੇ ਹਉਮੈ ਨਾਲ ਸੰਬੰਧਤ ਆਈਆਂ ਸਾਰੀਆਂ ਉਦਾਹਰਣਾ ਸਧਾਰਣ ਮਨੁਖ ਨੂੰ ਫਿਕਰ ਵਿਚ ਸੁੱਟਣ ਵਾਲੀਆਂ ਹਨ। ਇਸੇ ਲਈ ਸਧਾਰਣ ਮਨੁਖ ਤ੍ਰਾਹ-ਤ੍ਰਾਹ ਕਰਦਾ ਹੋਇਆ ਗੁਰੂ ਦੀ ਸ਼ਰਣ ਭਾਲਦਾ ਹੈ, ਜਿਥੇ ਯਕੀਨ ਬੱਝਦਾ ਹੈ ਕਿ ਪਿਆਰਾ ਪ੍ਰਭੂ ਹਰੀ ਉਸ ਦੀ ਰਖਿਆ ਕਰੇਗਾ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ-ਪਿਆਰੇ ਦੀ ਸ਼ਰਣ ਵਿਚ ਪਿਆਰੇ ਹਰੀ ਦੇ ਭਗਤ ਜਨਾਂ ਦੀ ਲਗਾਤਾਰ ਲਿਵ ਲੱਗ ਜਾਂਦੀ ਹੈ, ਜਿਸ ਕਾਰਣ ਉਹ ਹਰ ਪ੍ਰਕਾਰ ਦੇ ਡਰ ਤੋਂ ਬਾਹਰ ਆ ਜਾਂਦਾ ਹੈ। ਫਿਰ ਉਹ ਇਸ ਤਰ੍ਹਾਂ ਆਪਣੇ ਹਰੀ ਪ੍ਰਭੂ ਦਾ ਪਿਆਰ ਹਾਸਲ ਕਰ ਲੈਂਦਾ ਹੈ, ਜਿਵੇਂ ਮੁੱਢ ਤੋਂ ਹੀ ਉਸ ਦੇ ਵੱਡੇ ਭਾਗ ਲਿਖੇ ਹੋਏ ਹੋਣ।

ਪਾਤਸ਼ਾਹ ਦੱਸਦੇ ਹਨ ਕਿ ਹਰੀ ਪ੍ਰਭੂ-ਪਿਆਰੇ ਦਾ ਨਾਮ ਅਸਲ ਵਿਚ ਜਹਾਜ ਹੈ, ਜਿਸ ਦੀ ਦੱਸ ਪਾਉਣ ਵਾਲਾ ਗੁਰੂ ਉਸ ਜਹਾਜ ਦਾ ਮਲਾਹ ਹੈ। ਅਸਲ ਵਿਚ ਉਹ ਮਲਾਹ ਗੁਰੂ ਦਾ ਸ਼ਬਦ ਹੈ, ਜੋ ਸਭ ਨੂੰ ਭਵਜਲ ਪਾਰ ਕਰਾਉਣ ਦੇ ਸਮਰੱਥ ਹੈ।

ਪਾਤਸ਼ਾਹ ਆਪਣੇ ਮਨ, ਆਪਣੀ ਜਿੰਦ ਨੂੰ ਸਮਝਾਉਣ ਦੇ ਅੰਦਾਜ਼ ਵਿਚ ਮਨੁਖ ਨੂੰ ਦੱਸਦੇ ਹਨ ਕਿ ਪ੍ਰਭੂ ਪਿਆਰਾ ਕਿੰਨਾ ਕਿਰਪਾਲੂ ਹੈ ਤੇ ਉਸ ਦੇ ਮਿਲਾਪ ਵਿਚ ਕਿੰਨੀ ਮਿਠਾਸ ਹੈ। ਇਥੇ ਮਿਠਾਸ ਦਾ ਭਾਵ ਖਾਣ ਦਾ ਸੁਆਦ ਨਹੀਂ, ਬਲਕਿ ਪ੍ਰਭੂ ਮਿਲਾਪ ਦੇ ਖੇੜੇ ਭਰਪੂਰ ਅਹਿਸਾਸ ਨੂੰ ਮਿੱਠਾ ਕਿਹਾ ਗਿਆ ਹੈ ਤੇ ਇਹ ਵੀ ਦੱਸਿਆ ਗਿਆ ਹੈ ਕਿ ਸੱਚ-ਸਰੂਪ ਗੁਰੂ ਦੇ ਉਪਦੇਸ਼ ਕਾਰਣ ਇਸ ਅੰਮ੍ਰਿਤਮਈ ਮਿੱਠੇ ਅਹਿਸਾਸ ਦੀ ਬਰਕਤ ਪੱਲੇ ਪਈ ਹੈ।

ਅਖੀਰ ਵਿਚ ਪਾਤਸ਼ਾਹ ਇਸ ਅਨੁਭਵ ਦੀ ਜੁਗਤ ਦਾ ਭੇਤ ਦੱਸਦੇ ਹਨ ਕਿ ਅਸਲ ਵਿਚ ਪ੍ਰਭੂ-ਮਿਲਾਪ ਦਾ ਸੁਭਾਗ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ, ਜਿਹੜੇ ਉਸ ਪਿਆਰੇ ਦਾ ਨਾਮ ਮਨ ਵਿਚ ਲਗਾਤਾਰ ਵਸਾਈ ਰਖਦੇ ਹਨ ਤੇ ਇਹ ਅਵਸਰ ਵੀ ਉਨ੍ਹਾਂ ਨੂੰ ਹੀ ਹਾਸਲ ਹੁੰਦਾ ਹੈ, ਜਿਨ੍ਹਾਂ ਦੀ ਉਹ ਪਿਆਰਾ ਹਰੀ ਪ੍ਰਭੂ ਬੇਨਤੀ ਸਵੀਕਾਰ ਕਰਕੇ ਕਿਰਪਾ ਦੇ ਪਾਤਰ ਬਣਾ ਲੈਂਦਾ ਹੈ।

ਅਸਲ ਵਿਚ ਇਸ ਅਨੁਭਵ ਨੂੰ ਕਹਿਣ, ਸੁਣਨ ਜਾਂ ਲਿਖਣ ਵਿਚ ਵਕਫਾ ਮਹਿਸੂਸ ਹੁੰਦਾ ਹੈ ਕਿ ਪਹਿਲਾਂ ਕੋਈ ਬੇਨਤੀ ਕਰਦਾ ਹੈ, ਫਿਰ ਸਵੀਕਾਰ ਹੁੰਦੀ ਤੇ ਫਿਰ ਕਿਰਪਾ ਹੁੰਦੀ ਹੈ। ਫਿਰ ਕੋਈ ਨਾਮ ਧਿਆਉਂਦਾ ਹੈ ਤਾਂ ਫਿਰ ਜਾ ਕੇ ਮਿਲਾਪ ਦੀ ਬਰਕਤ ਪੱਲੇ ਪੈਂਦੀ ਹੈ। ਅਸਲ ਵਿਚ ਇਹ ਸਾਰਾ ਕੁਝ, ਬਗੈਰ ਕਿਸੇ ਵਕਫੇ ਦੇ, ਇਕੋ ਸਮੇਂ ਅਤੇ ਇਕੱਠਾ ਹੀ ਵਾਪਰਦਾ ਹੈ।
Tags