Guru Granth Sahib Logo
  
‘ਘੋੜੀਆ’ ਸਿਰਲੇਖ ਹੇਠ ਉਚਾਰਣ ਕੀਤੀ ਪਹਿਲੀ ਘੋੜੀ ਦੇ ਛੰਤਾਂ ਵਿਚ ਪ੍ਰਭੂ-ਮਿਲਾਪ ਲਈ ਇਸ ਦੇਹੀ ਰੂਪੀ ਘੋੜੀ ਉੱਤੇ ਗੁਰ-ਸ਼ਬਦ ਦੀ ਕਾਠੀ ਪਾਉਣ ਦਾ ਵਰਨਣ ਸੀ। ਇਨ੍ਹਾਂ ਛੰਤਾਂ ਵਿਚ ਉਲੇਖ ਹੈ ਕਿ ਗੁਰ-ਸ਼ਬਦ ਰਾਹੀਂ ਇਹ ਦੇਹੀ ਰੂਪੀ ਘੋੜੀ ਪ੍ਰਭੂ ਵਾਂਗ ਨਵੇਂ ਰੰਗ ਵਾਲੀ ਅਤੇ ਸੋਨੇ ਵਾਂਗ ਬੇਸ਼ਕੀਮਤੀ ਹੋ ਜਾਂਦੀ ਹੈ। ਮਨ ਵਸ ਵਿਚ ਆ ਜਾਂਦਾ ਹੈ। ਜਗਿਆਸੂ ਪ੍ਰਭੂ ਨੂੰ ਅਨੁਭਵ ਕਰ ਕੇ ਉਸ ਦੀ ਹਜੂਰੀ ਦਾ ਅਨੰਦ ਮਾਣਦਾ ਹੈ।
ਦੇਹ ਕੰਚਨ  ਜੀਨੁ ਸੁਵਿਨਾ  ਰਾਮ
ਜੜਿ ਹਰਿ ਹਰਿ ਨਾਮੁ ਰਤੰਨਾ  ਰਾਮ
ਜੜਿ ਨਾਮ ਰਤਨੁ  ਗੋਵਿੰਦ ਪਾਇਆ   ਹਰਿ ਮਿਲੇ ਹਰਿ ਗੁਣ  ਸੁਖ ਘਣੇ
ਗੁਰ ਸਬਦੁ ਪਾਇਆ  ਹਰਿ ਨਾਮੁ ਧਿਆਇਆ   ਵਡਭਾਗੀ ਹਰਿ ਰੰਗ ਹਰਿ ਬਣੇ
ਹਰਿ ਮਿਲੇ ਸੁਆਮੀ ਅੰਤਰਜਾਮੀ   ਹਰਿ ਨਵਤਨ  ਹਰਿ ਨਵ ਰੰਗੀਆ
ਨਾਨਕੁ ਵਖਾਣੈ  ਨਾਮੁ ਜਾਣੈ   ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥
-ਗੁਰੂ ਗ੍ਰੰਥ ਸਾਹਿਬ ੫੭੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਦੇ ਅਰੰਭ ਵਿਚ ਪਾਤਸ਼ਾਹ ਦੱਸਦੇ ਹਨ ਕਿ ਇਹ ਦੇਹੀ ਸੋਨੇ ਦੀ ਹੈ, ਜਿਸ ਉੱਤੇ ਸਵਾਰ ਹੋਣ ਲਈ ਪਾਈ ਹੋਈ ਕਾਠੀ ਵੀ ਸੋਨੇ ਦੀ ਹੈ। ਕਾਠੀ ਦੇ ਹਵਾਲੇ ਤੋਂ ਸੰਕੇਤ ਮਿਲਦਾ ਹੈ ਕਿ ਇਹ ਦੇਹੀ ਘੋੜੀ ਦੀ ਹੈ, ਜਿਸ ਉੱਤੇ ਕਾਠੀ ਪਾਈ ਜਾਂਦੀ ਹੈ ਤੇ ਸਵਾਰ ਹੋ ਕੇ ਸਫਰ ਤੈਅ ਕੀਤਾ ਜਾਂਦਾ ਹੈ।

ਅਸਲ ਵਿਚ ਘੋੜੀ ਦੀ ਦੇਹੀ ਅਤੇ ਕਾਠੀ ਦੇ ਪ੍ਰਤੀਕ ਵਿਚ ਇਹ ਮਨੁਖ ਦੀ ਦੇਹੀ ਦਾ ਹੀ ਜ਼ਿਕਰ ਹੈ। ਪ੍ਰਭੂ-ਮਿਲਾਪ ਲਈ ਸਿਮਰਨ ਅਤੇ ਸੇਵਾ ਦੀ ਜ਼ਰੂਰਤ ਹੁੰਦੀ ਹੈ ਤੇ ਇਹ ਦੋਵੇਂ ਕਾਰਜ ਦੇਹੀ ਰਾਹੀਂ ਸੰਭਵ ਹੁੰਦੇ ਹਨ ਤੇ ਦੇਹੀ ਨੂੰ ਸੇਵਾ ਅਤੇ ਸਿਮਰਨ ਵਿਚ ਲਾਈ ਰਖਣ ਲਈ ਇਸ ਉੱਤੇ ਅਨੁਸ਼ਾਸਨ ਦੀ ਕਾਠੀ ਪਾਈ ਜਾਂਦੀ ਹੈ।
ਦੇਹੀ ਅਤੇ ਇਸ ਦੀ ਅਨੁਸ਼ਾਸਨ ਰੂਪ ਕਾਠੀ ਨੂੰ ਪਾਤਸ਼ਾਹ ਸੋਨੇ ਦੇ ਸੰਕੇਤ ਵਿਚ ਬੇਸ਼ਕੀਮਤੀ ਦੱਸਦੇ ਹਨ, ਜਿਸ ਨੂੰ ਹਰੀ-ਪ੍ਰਭੂ ਦੇ ਰਤਨਾਂ ਜਿਹੇ ਅਣਮੁੱਲੇ ਨਾਮ-ਸਿਮਰਨ ਨਾਲ ਸਜਾਉਣ ਲਈ ਪ੍ਰੇਰਨਾ ਦਿੱਤੀ ਹੈ।

ਕਿਉਂਕਿ ਪਾਤਸ਼ਾਹ ਦੱਸਦੇ ਹਨ ਕਿ ਰਤਨ-ਰੂਪ ਨਾਮ-ਸਿਮਰਨ ਨਾਲ ਜੁੜ ਕੇ ਹੀ ਇਹ ਤਨ ਅਤੇ ਮਨ ਗੋਬਿੰਦ-ਪ੍ਰਭੂ ਨਾਲ ਮੇਲ ਪ੍ਰਾਪਤ ਕਰਦਾ ਹੈ ਤੇ ਪ੍ਰਭੂ ਦੇ ਮੇਲ ਸਦਕਾ ਹੀ ਉਸ ਦੇ ਗੁਣ ਹਾਸਲ ਹੁੰਦੇ ਹਨ ਤੇ ਬੇਅੰਤ ਸੁਖ ਪ੍ਰਾਪਤ ਹੁੰਦੇ ਹਨ।
ਗੁਰ-ਸ਼ਬਦ ਦੀ ਪ੍ਰਾਪਤੀ ਸਦਕਾ ਪ੍ਰਭੂ ਦੇ ਨਾਮ ਵਿਚ ਧਿਆਨ ਟਿਕਾਉਣ ਨਾਲ ਪ੍ਰਭੂ ਨਾਲ ਮੇਲ ਹੁੰਦਾ ਹੈ, ਜਿਸ ਕਾਰਣ ਪ੍ਰਭੂ ਦੇ ਰੰਗ ਵਿਚ ਰੰਗੇ ਜਾਈਦਾ ਹੈ ਤੇ ਉਸੇ ਦਾ ਸਰੂਪ ਹੋ ਜਾਈਦਾ ਹੈ।

ਮਾਲਕ ਹਰੀ-ਪ੍ਰਭੂ ਨੂੰ ਮਿਲਿਆਂ ਪਤਾ ਲੱਗਦਾ ਹੈ ਕਿ ਉਹ ਮਨ ਦੇ ਅੰਤ੍ਰੀਵ ਭਾਵ ਜਾਣਨ ਵਾਲਾ ਹੈ। ਸੰਸਾਰ ਦੇ ਤਮਾਮ ਰਿਸ਼ਤੇ ਪੁਰਾਣੇ ਹੋ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਵਿਚ ਉਕਤਾਹਟ ਪੈਦਾ ਹੋ ਜਾਂਦੀ ਹੈ। ਪਾਤਸ਼ਾਹ ਦੱਸਦੇ ਹਨ ਕਿ ਹਰੀ-ਪ੍ਰਭੂ ਹਮੇਸ਼ਾ ਨਵਾਂ, ਅਰਥਾਤ ਤਾਜ਼ਾ-ਤਰੀਨ ਰਹਿੰਦਾ ਹੈ ਤੇ ਇਸੇ ਤਰ੍ਹਾਂ ਉਹ ਆਪਣੇ ਅੰਦਾਜ਼, ਅਰਥਾਤ ਵਿਵਹਾਰ ਵਿਚ ਵੀ ਹਮੇਸ਼ਾ ਨਵੀਨ ਰਹਿੰਦਾ ਹੈ।
ਅਖੀਰ ਵਿਚ ਪਾਤਸ਼ਾਹ ਗੁਰੂ ਨਾਨਕ ਰੂਪ ਵਿਚ ਦੱਸਦੇ ਹਨ ਕਿ ਜਿਹੜਾ ਵੀ ਕੋਈ ਪ੍ਰਭੂ ਦੇ ਨਾਮ-ਸਿਮਰਨ ਦੀ ਮਹਿਮਾ ਜਾਣ ਲੈਂਦਾ ਹੈ, ਉਹ ਫਿਰ ਪ੍ਰਭੂ ਤੋਂ ਨਾਮ ਸਿਮਰਨ ਦੀ ਹੀ ਅਭਿਲਾਸ਼ਾ ਰਖਦਾ ਹੈ।
Tags