‘ਘੋੜੀਆ’ ਸਿਰਲੇਖ ਹੇਠ ਉਚਾਰਣ ਕੀਤੀ ਪਹਿਲੀ ਘੋੜੀ ਦੇ ਛੰਤਾਂ ਵਿਚ ਪ੍ਰਭੂ-ਮਿਲਾਪ ਲਈ ਇਸ ਦੇਹੀ ਰੂਪੀ ਘੋੜੀ ਉੱਤੇ ਗੁਰ-ਸ਼ਬਦ ਦੀ ਕਾਠੀ ਪਾਉਣ ਦਾ ਵਰਨਣ ਸੀ। ਇਨ੍ਹਾਂ ਛੰਤਾਂ ਵਿਚ ਉਲੇਖ ਹੈ ਕਿ ਗੁਰ-ਸ਼ਬਦ ਰਾਹੀਂ ਇਹ ਦੇਹੀ ਰੂਪੀ ਘੋੜੀ ਪ੍ਰਭੂ ਵਾਂਗ ਨਵੇਂ ਰੰਗ ਵਾਲੀ ਅਤੇ ਸੋਨੇ ਵਾਂਗ ਬੇਸ਼ਕੀਮਤੀ ਹੋ ਜਾਂਦੀ ਹੈ। ਮਨ ਵਸ ਵਿਚ ਆ ਜਾਂਦਾ ਹੈ। ਜਗਿਆਸੂ ਪ੍ਰਭੂ ਨੂੰ ਅਨੁਭਵ ਕਰ ਕੇ ਉਸ ਦੀ ਹਜੂਰੀ ਦਾ ਅਨੰਦ ਮਾਣਦਾ ਹੈ।
ਵਡਹੰਸੁ ਮਹਲਾ ੪ ॥
ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥
ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥
ਗਿਆਨ ਮੰਗੀ ਹਰਿ ਕਥਾ ਚੰਗੀ ਹਰਿ ਨਾਮੁ ਗਤਿ ਮਿਤਿ ਜਾਣੀਆ ॥
ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਰਾਮ ਨਾਮਿ ਵਖਾਣੀਆ ॥
ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ ਹਰਿ ਭਗਤਿ ਹਰਿ ਜਨ ਮੰਗੀਆ ॥
ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥੧॥
-ਗੁਰੂ ਗ੍ਰੰਥ ਸਾਹਿਬ ੫੭੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਅਰਬੀ ਘੋੜੀ ਜਿਹੀ ਚੇਤੰਨ ਦੇਹੀ ਪ੍ਰਭੂ ਦੇ ਨਾਮ-ਸਿਮਰਨ ਦੇ ਪ੍ਰੇਮ-ਰੰਗ ਦੀ ਬਰਕਤ ਨਾਲ ਅਸਲੋਂ ਹੀ ਨਵੇਂ-ਨਵੇਲੇ ਉਤਸ਼ਾਹ ਵਿਚ ਆ ਗਈ ਹੈ।
ਇਹ ਹੁਣ ਗੁਰੂ ਤੋਂ ਸੱਚ ਦੇ ਪ੍ਰਕਾਸ਼ ਦੀ ਅਭਿਲਾਸ਼ਾ ਵਿਚ ਹੈ, ਜਿਸ ਸਦਕਾ ਇਹ ਹਨੇਰੇ ਸੰਸਾਰ ਵਿਚ ਪ੍ਰਭੂ ਦੇ ਮਿਲਾਪ ਵਾਲਾ ਰਾਹ ਤਲਾਸ਼ ਸਕੇ ਤਾਂ ਜੋ ਇਸ ਦਾ ਪ੍ਰਭੂ ਨਾਲ ਮਿਲਾਪ ਹੋ ਸਕੇ। ਕਿਉਂਕਿ ਗੁਰੂ ਹੀ ਅਜਿਹੇ ਪ੍ਰਕਾਸ਼ ਦਾ ਅਸਲ ਸਰੋਤ ਹੈ।
ਇਹ ਉਸ ਪ੍ਰਕਾਸ਼ ਦੀ ਤਾਂਘ ਵਿਚ ਹੈ, ਜਿਸ ਵਿਚ ਹਰੀ-ਪ੍ਰਭੂ ਦੇ ਵਿਚਾਰ-ਵਿਮਰਸ਼ ਦੀ ਕਥਾ ਮਨ ਨੂੰ ਭਾਉਂਦੀ ਹੈ ਅਤੇ ਜਿਸ ਰਾਹੀਂ ਹਰੀ-ਪ੍ਰਭੂ ਦੀ ਜਗਤ-ਲੀਲ੍ਹਾ ਦੀ ਵਿਧੀ-ਵਿਧਾਨ ਜਾਂ ਮਰਿਆਦਾ ਦੀ ਸੋਝੀ ਹੋ ਸਕੇ।
ਹਰੀ, ਰਾਮ ਜਾਂ ਕਰਤੇ-ਪ੍ਰਭੂ ਨੇ ਆਪਣੇ ਨਾਮ-ਮਾਰਗ ਦੀ ਅਜਿਹੀ ਗਿਆਨਮਈ ਚੇਤਨਾ ਬਖਸ਼ਿਸ਼ ਕੀਤੀ ਹੈ, ਜਿਸ ਦੇ ਅਨੁਭਵ ਨਾਲ ਸਾਰਾ ਜੀਵਨ ਹੀ ਸਫਲ ਹੋ ਗਿਆ ਹੈ।
ਪਾਤਸ਼ਾਹ ਬਿਆਨ ਕਰਦੇ ਹਨ ਪ੍ਰਭੂ ਦਾ ਅਸਲ ਸੇਵਕ, ਪ੍ਰਭੂ ਦਾ ਨਾਮ-ਸਿਮਰਨ ਕਰਦਿਆਂ ਪ੍ਰਭੂ ਦੀ ਸਿਫਤਿ-ਸ਼ਲਾਘਾ ਅਤੇ ਪ੍ਰਭੂ-ਭਗਤੀ ਦੀ ਅਭਿਲਾਸ਼ਾ ਵਿਚ ਜੀਵਨ ਬਸਰ ਕਰਦਾ ਹੈ। ਸੇਵਕ ਲਈ ਪ੍ਰਭੂ ਦੀ ਭਗਤੀ ਹੀ ਸਰਵ-ਸ੍ਰੇਸ਼ਟ ਹੈ।
ਅਖੀਰ ਵਿਚ ਪਾਤਸ਼ਾਹ ਸੱਚ ਨੂੰ ਪ੍ਰਣਾਈ ਹੋਈ ਸ਼ਾਂਤ ਚਿਤ ਅਵਸਥਾ ਵਿਚ ਪੁੱਜੇ ਹੋਏ ਸੱਜਣ ਪੁਰਸ਼ਾਂ ਨੂੰ ਆਦੇਸ਼ ਅਤੇ ਉਪਦੇਸ਼ ਕਰਦੇ ਹਨ ਕਿ ਗੋਬਿੰਦ-ਪ੍ਰਭੂ ਦੀ ਪ੍ਰੇਮ ਭਾਵ ਨਾਲ ਕੀਤੀ ਹੋਈ ਭਗਤੀ ਹੀ ਹਰ ਤਰ੍ਹਾਂ ਨਾਲ ਬਿਹਤਰ ਅਤੇ ਉੱਤਮ ਹੈ। ਇਹੀ ਇਸ ਦੇਹੀ ਦਾ ਪਰਮ ਮਨੋਰਥ ਹੈ, ਜਿਸ ਦੀ ਪ੍ਰਾਪਤੀ ਨਾਲ ਇਹ ਦੇਹੀ ਮੁਕਤੀ-ਮਾਰਗ ਦਾ ਵਾਹਨ ਬਣ ਸਕਦੀ ਹੈ।