ਮਨੁਖ ਦੇ ਜੀਵਨ ਵਿਚ ਵਿਆਹ ਦਾ ਅਤੇ ਵਿਆਹ ਸਮੇਂ ਜੰਞ ਚੜ੍ਹਨ ਦਾ ਅਵਸਰ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਚਾਅ ਤੇ ਉਤਸ਼ਾਹ ਭਰੇ ਜਿਹੜੇ ਗੀਤ ਔਰਤਾਂ ਗਾਉਂਦੀਆਂ ਹਨ, ਉਨ੍ਹਾਂ ਨੂੰ ‘ਘੋੜੀਆਂ’ ਕਿਹਾ ਜਾਂਦਾ ਹੈ। ਜਗਿਆਸੂ ਲਈ ਮਨੁਖਾ-ਜੀਵਨ ਦਾ ਸਮਾਂ ਵੀ ਅਜਿਹੇ ਹੀ ਚਾਅ ਤੇ ਉਤਸ਼ਾਹ ਦਾ ਹੁੰਦਾ ਹੈ, ਕਿਉਂਕਿ ਇਸ ਵਿਚ ਹੀ ਪ੍ਰਭੂ-ਮਿਲਾਪ ਸੰਭਵ ਹੁੰਦਾ ਹੈ। ਇਸ ਦਾ ਉਲੇਖ ਇਨ੍ਹਾਂ ਛੰਤਾਂ ਵਿਚ ਕਰਦਿਆਂ ਜਗਿਆਸੂ ਨੂੰ ਪ੍ਰਭੂ-ਮਿਲਾਪ ਲਈ ਪ੍ਰੇਰਿਤ ਕੀਤਾ ਗਿਆ ਹੈ। ਮਨੁਖਾ ਦੇਹੀ ਨੂੰ ਘੋੜੀ ਸਮਾਨ ਚਿਤਰਦਿਆਂ ਭੇਦ ਖੋਲ੍ਹਿਆ ਗਿਆ ਹੈ ਕਿ ਇਸ ਦੇਹ ਰੂਪੀ ਘੋੜੀ ਉੱਤੇ ਗੁਰ-ਸ਼ਬਦ ਦੀ ਕਾਠੀ ਪਾ ਕੇ ਹੀ ਪ੍ਰਭੂ-ਮਿਲਾਪ ਹਾਸਲ ਕੀਤਾ ਜਾ ਸਕਦਾ ਹੈ।
ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥
ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥
ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥
ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥
ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥
ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥
-ਗੁਰੂ ਗ੍ਰੰਥ ਸਾਹਿਬ ੫੭੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਾਤਸ਼ਾਹ ਇਸ ਸ਼ਬਦ ਵਿਚ ਦੱਸਦੇ ਹਨ ਕਿ ਮਨੁਖ ਦੀ ਦੇਹ ਤੇਜ਼-ਤਰਾਰ ਅਰਬੀ ਘੋੜੀ ਜਿਹੀ ਹੈ, ਜਿਸ ਦੀ ਪ੍ਰਭੂ ਨੇ ਸਿਰਜਣਾ ਕੀਤੀ ਹੈ।
ਦੇਹੀ ਨੂੰ ਘੋੜੀ ਕਹਿਣ ਤੋਂ ਭਾਵ ਇਹ ਹੈ ਕਿ ਗੁਰਮਤਿ ਅਨੁਸਾਰ ਪ੍ਰਭੂ ਨੇ ਮਨੁਖੀ-ਆਤਮਾ ਨੂੰ ਪ੍ਰਭੂ-ਆਤਮਾ ਨਾਲ ਮੇਲਣ ਦੇ ਸਾਧਨ ਵਜੋਂ ਦੇਹੀ ਬਖਸ਼ਿਸ਼ ਕੀਤੀ ਹੈ। ਇਸ ਲਈ ਜਿਹੜਾ ਵੀ ਕੋਈ ਇਸ ਦੇਹੀ ਨੂੰ ਸਿਮਰਨ ਵਿਚ ਲਾ ਕੇ ਪ੍ਰਭੂ ਮਿਲਾਪ ਵੱਲ ਨਹੀਂ ਵੱਧਦਾ, ਉਸ ਦਾ ਜੀਣਾ ਨਿਸਫਲ ਮੰਨਿਆ ਗਿਆ ਹੈ। ਮਨੁਖ ਵਜੋਂ ਜਨਮ ਲੈਣ ਬਾਬਤ ਪੰਚਮ ਪਾਤਸ਼ਾਹ ਨੇ ਦੱਸਿਆ ‘ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ’ ਤੇ ਮਨੁਖ ਦੀ ਦੇਹੀ ਨੂੰ ‘ਮਿਲੁ ਜਗਦੀਸ ਮਿਲਨ ਕੀ ਬਰੀਆ’ ਦਾ ਆਦੇਸ਼ ਦਿੱਤਾ ਹੈ।
ਇਸ ਲਈ ਪਾਤਸ਼ਾਹ ਫਿਰ ਦੁਹਰਾਉਂਦੇ ਹਨ ਕਿ ਮਨੁਖ ਦੀ ਇਹ ਦੇਹੀ ਪ੍ਰਭੂ ਦੀ ਸੂਝ ਅਤੇ ਸਿਮਰਨ ਲਈ ਲਾਹੇਵੰਦ ਹੈ ਤੇ ਇਹ ਘੋੜੀ ਬੜੀ ਹੀ ਉੱਤਮ ਅਤੇ ਮਹਾਨ ਕਿਸਮ ਦੀ ਹੈ।
ਫਿਰ ਪਾਤਸ਼ਾਹ ਇਸ ਦੇਹੀ ਬਾਰੇ ਦੱਸਦੇ ਹਨ ਕਿ ਜਿਸ ਦੇ ਨਾਲ ਹਰੀ-ਪ੍ਰਭੂ ਦਾ ਜਾਪ ਜਪਿਆ ਜਾਂਦਾ ਹੈ, ਉਹ ਦੇਹੀ ਬੜੀ ਹੀ ਮਹਾਨ ਅਤੇ ਸ੍ਰੇਸ਼ਟ ਹੈ। ਇਸ ਦੇਹੀ ਦੇ ਸ਼ਾਬਾਸ਼ ਹੈ ਜਿਸ ਦੇ ਨਾਲ ਪਹਿਲਾਂ ਤੋਂ ਲਿਖੇ ਹੋਏ ਕਰਮਾ ਅਨੁਸਾਰ ਪ੍ਰਭੂ ਦਾ ਮਿਲਾਪ ਜਾਂ ਜੋੜ-ਮੇਲ ਸੰਭਵ ਹੁੰਦਾ ਹੈ।
ਪਾਤਸ਼ਾਹ ਮਨੁਖ ਨੂੰ ਇਸ ਦੇਹ ਰੂਪੀ ਘੋੜੀ ’ਤੇ ਸਵਾਰ ਹੋਣ, ਅਰਥਾਤ ਕਾਬੂ ਪਾਉਣ ਜਾਂ ਅਨੁਸ਼ਾਸਤ ਕਰਨ ਲਈ ਆਦੇਸ਼ ਕਰਦੇ ਹਨ ਤੇ ਪ੍ਰਭੂ ਨੂੰ ਮਿਲਾਉਣ ਵਾਲੇ ਗੁਰੂ ਦੀ ਸ਼ਰਣ ਵਿਚ ਜਾ ਕੇ ਉੱਤਮ ਕਿਸਮ ਦੀ ਖੁਸ਼ੀ ਪ੍ਰਾਪਤ ਕਰਨ ਲਈ ਪ੍ਰੇਰਦੇ ਹਨ।
ਪਾਤਸ਼ਾਹ ਇਸ ਦੇਹੀ ਰੂਪ ਘੋੜੀ ਰਾਹੀਂ ਆਤਮਾ ਤੇ ਪਰਮਾਤਮਾ ਦੇ ਮਿਲਾਪ ਨੂੰ ਜੰਞ ਦੇ ਪ੍ਰਤੀਕ ਵਿਚ ਪੇਸ਼ ਕਰਦੇ ਹਨ, ਜਿਵੇਂ ਗੁਰੂ ਨੇ ਪਰਿਪੂਰਨ ਪਰਮਾਤਮਾ ਨਾਲ ਸ਼ੁਭ-ਲਗਨ ਦਾ ਕਾਜ ਰਚਾਇਆ ਹੋਵੇ ਤੇ ਸੰਤ ਜਨ ਮਿਲਾਪ ਦੇ ਇਸ ਕਾਜ ਲਈ ਜੰਞ ਲੈ ਕੇ ਆਏ ਹੋਣ।
ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਦੀ ਆਤਮਾ ਨੇ ਹਰੀ-ਪ੍ਰਭੂ ਰੂਪ ਵਰ ਪ੍ਰਾਪਤ ਕਰ ਲਿਆ ਹੈ। ਹੁਣ ਇਸ ਮੰਗਲਮਈ ਕਾਰਜ ਦੇ ਮੁਕੰਮਲ ਹੋਣ ’ਤੇ ਸੰਤ ਜਨਾਂ ਨੇ ਵਧਾਈ ਦਿੱਤੀ ਹੈ।