ਮਨੁਖ ਦੇ ਜੀਵਨ ਵਿਚ ਵਿਆਹ ਦਾ ਅਤੇ ਵਿਆਹ ਸਮੇਂ ਜੰਞ ਚੜ੍ਹਨ ਦਾ ਅਵਸਰ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਚਾਅ ਤੇ ਉਤਸ਼ਾਹ ਭਰੇ ਜਿਹੜੇ ਗੀਤ ਔਰਤਾਂ ਗਾਉਂਦੀਆਂ ਹਨ, ਉਨ੍ਹਾਂ ਨੂੰ ‘ਘੋੜੀਆਂ’ ਕਿਹਾ ਜਾਂਦਾ ਹੈ। ਜਗਿਆਸੂ ਲਈ ਮਨੁਖਾ-ਜੀਵਨ ਦਾ ਸਮਾਂ ਵੀ ਅਜਿਹੇ ਹੀ ਚਾਅ ਤੇ ਉਤਸ਼ਾਹ ਦਾ ਹੁੰਦਾ ਹੈ, ਕਿਉਂਕਿ ਇਸ ਵਿਚ ਹੀ ਪ੍ਰਭੂ-ਮਿਲਾਪ ਸੰਭਵ ਹੁੰਦਾ ਹੈ। ਇਸ ਦਾ ਉਲੇਖ ਇਨ੍ਹਾਂ ਛੰਤਾਂ ਵਿਚ ਕਰਦਿਆਂ ਜਗਿਆਸੂ ਨੂੰ ਪ੍ਰਭੂ-ਮਿਲਾਪ ਲਈ ਪ੍ਰੇਰਿਤ ਕੀਤਾ ਗਿਆ ਹੈ। ਮਨੁਖਾ ਦੇਹੀ ਨੂੰ ਘੋੜੀ ਸਮਾਨ ਚਿਤਰਦਿਆਂ ਭੇਦ ਖੋਲ੍ਹਿਆ ਗਿਆ ਹੈ ਕਿ ਇਸ ਦੇਹ ਰੂਪੀ ਘੋੜੀ ਉੱਤੇ ਗੁਰ-ਸ਼ਬਦ ਦੀ ਕਾਠੀ ਪਾ ਕੇ ਹੀ ਪ੍ਰਭੂ-ਮਿਲਾਪ ਹਾਸਲ ਕੀਤਾ ਜਾ ਸਕਦਾ ਹੈ।
ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥
ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥
ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥
ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥
ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥
ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥
-ਗੁਰੂ ਗ੍ਰੰਥ ਸਾਹਿਬ ੫੭੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਘੋੜੀ ਦੇ ਮੂੰਹ ਵਿਚ ਲੇਟਵੇਂ ਰੁਖ ਕੰਡੇਦਾਰ ਪੱਤੀ ਰਖੀ ਹੁੰਦੀ ਹੈ, ਜਿਹੜੀ ਲਗਾਮ ਖਿੱਚਣ ਨਾਲ ਖੜ੍ਹੀ ਹੋ ਜਾਂਦੀ ਹੈ। ਕੰਡੇਦਾਰ ਪੱਤੀ ਤਾਲੂਏ ਵਿਚ ਖੁਭਣ ਕਾਰਣ ਘੋੜੀ ਲਗਾਮ ਫੜੀ ਬੈਠੇ ਸਵਾਰ ਦੇ ਕਾਬੂ ਹੇਠ ਰਹਿੰਦੀ ਹੈ।
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਗੁਰੂ ਨੇ ਜਿਹੜਾ ਪਰਿਪੱਕ ਗਿਆਨ ਮਨ ਵਿਚ ਉਤਾਰ ਦਿੱਤਾ ਹੈ, ਉਹ ਘੋੜੀ ਦੇ ਮੁਖ ਵਾਲੀ, ਲਗਾਮ ਨਾਲ ਖਿੱਚੀ ਜਾਣ ਵਾਲੀ ਕੰਡੇਦਾਰ ਪੱਤੀ, ਅਰਥਾਤ ਕੜਿਆਲ ਦੀ ਤਰ੍ਹਾਂ ਚੰਚਲ ਮਨ ਨੂੰ ਆਪਣੇ ਕਾਬੂ ਹੇਠ ਰਖਦਾ ਹੈ।
ਮਨ ਏਨਾ ਚੰਚਲ ਅਤੇ ਢੀਠ ਹੈ ਕਿ ਗੁਰੂ ਮਨੁਖ ਦੀ ਦੇਹੀ ਉੱਤੇ ਚਾਬਕ ਮਾਰਦਾ ਹੈ, ਪਰ ਇਹ ਚਾਬਕ ਗੁੱਸੇ ਦਾ ਨਹੀਂ, ਬਲਕਿ ਪ੍ਰੇਮ ਦਾ ਹੈ ਤੇ ਪ੍ਰੇਮ-ਰੂਪ ਚਾਬਕ ਅਸਲ ਵਿਚ ਗੁਰੂ ਦਾ ਸ਼ਬਦ ਹੈ।
ਇਸ ਦੇਹ ਰੂਪੀ ਘੋੜੀ ਦੇ ਵੱਜਣ ਵਾਲੇ, ਹਰੀ-ਪ੍ਰਭੂ ਦੇ ਪ੍ਰੇਮ-ਰੂਪ ਚਾਬਕ ਸਦਕਾ ਮਨ ਕਾਬੂ ਵਿਚ ਰਹਿੰਦਾ ਹੈ ਤੇ ਇਹ ਦੇਹ ਰੂਪੀ ਘੋੜੀ ਗੁਰੂ ਵੱਲ ਮੁਖ ਕਰੀ ਰਖਦੀ ਹੈ। ਇਸ ਤਰ੍ਹਾਂ ਮਨੁਖ ਆਪਣੇ ਜੀਵਨ ਸੰਗਰਾਮ ਵਿਚ ਜਿੱਤ ਪ੍ਰਾਪਤ ਕਰਦਾ ਹੈ ਤੇ ਆਪਣੀ ਮੰਜ਼ਲ ’ਤੇ ਪੁੱਜ ਜਾਂਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਗੁਰ-ਸ਼ਬਦ ਦੀ ਬਰਕਤ ਨਾਲ ਮਨੁਖ ਦਾ ਸਾਦਾ ਮਨ ਸਾਧਿਆ ਜਾਂਦਾ ਹੈ। ਇਸ ਸਾਧਨਾ ਸਦਕਾ ਉਸ ਨੂੰ ਹਰੀ-ਪ੍ਰਭੂ ਦਾ ਅਜਿਹਾ ਵਿਸ਼ੇਸ਼ ਅੰਮ੍ਰਿਤਮਈ ਰਸ ਨਸੀਬ ਹੁੰਦਾ ਹੈ, ਜੋ ਹੋਰ ਕਿਸੇ ਨੂੰ ਨਹੀਂ ਹੁੰਦਾ।
ਉਹ ਆਪਣੇ ਕੰਨਾਂ ਨਾਲ ਗੁਰੂ ਦੀ ਉਚਾਰੀ ਬਾਣੀ ਸਰਵਣ ਕਰਕੇ ਇਸ ਦੇਹੀ-ਰੂਪ ਘੋੜੀ ਨੂੰ ਹਰੀ-ਪ੍ਰਭੂ ਦੇ ਰੰਗ ਵਿਚ ਰੰਗ ਲੈਂਦਾ ਹੈ।
ਬੇਸ਼ੱਕ ਜੀਵਨ ਦਾ ਸਫਰ ਬੇਹੱਦ ਲਮੇਰਾ ਹੈ ਤੇ ਅੜਚਣ ਭਰਪੂਰ ਹੈ, ਪਰ ਮਨੁਖ ਗੁਰੂ ਦੇ ਬਖਸ਼ੇ ਸੱਚ, ਸ਼ਬਦ ਅਤੇ ਬਾਣੀ ਦੇ ਆਦੇਸ਼ ਅਨੁਸਾਰ ਮੁਸ਼ਕਲਾਂ ਤੇ ਕਠਨਾਈਆਂ ਤੋਂ ਪਾਰ ਲੰਘ ਜਾਂਦਾ ਹੈ।