ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ ॥
ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ ॥੬॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪੂਰਬੀ ਪਰੰਪਰਾ ਵਿਚ ਗਊ, ਗਰੀਬ ਅਤੇ ਮਾਸੂਮੀਅਤ ਦੀ ਪ੍ਰਤੀਕ ਮੰਨੀ ਗਈ ਹੈ ਤੇ ਗਰੀਬ ਦੀ ਰਖਿਆ ਵਾਹਿਗੁਰੂ ਦਾ ਬਿਰਦ ਹੈ। ਜਿਸ ਲਈ ਉਸ ਨੂੰ ਗਊ ਪਾਲ ਦੇ ਅਰਥਾਂ ਵਿਚ ਗੋਪਾਲ ਵੀ ਕਹਿ ਲਿਆ ਜਾਂਦਾ ਹੈ।
ਇਨਸਾਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਅਸੰਜਮ ਨਾਲ ਵਿਕਾਰ ਪੈਦਾ ਹੁੰਦੇ ਹਨ, ਜਿਸ ਕਾਰਣ ਇਨਸਾਨ ਅਭਿਮਾਨੀ ਅਤੇ ਹੈਵਾਨੀ ਹੋ ਜਾਂਦਾ ਹੈ। ਅਜਿਹੇ ਲੋਕਾਂ ਦੇ ਰੋਗ ਨਿਵਾਰਣ ਦਾ ਰਾਹ ਇਸ ਗਾਥਾ ਬਾਣੀ ਵਿਚ ਸੁਝਾਇਆ ਗਿਆ ਹੈ।
ਨਿਮਾਣੇ ਅਤੇ ਨਿਤਾਣੇ ਲੋਕਾਂ ਨੂੰ ਪਾਲਣ ਵਾਲੇ ਗੋਪਾਲ ਦੀ ਇਸ ਗੁੰਦੀ ਹੋਈ ਕਥਾ ਦੀ ਵਿਚਾਰ-ਚਰਚਾ ਵਡੇ-ਵਡੇ ਲੋਕਾਂ ਨੂੰ ਨਿਮਰ ਕਰ ਦਿੰਦਾ ਹੈ। ਇਸ ਕਥਾ ਦੇ ਭੱਥੇ ਵਿਚ ਰੱਬੀ ਗਿਆਨ ਦੇ ਅਜਿਹੇ ਤੀਰ ਹਨ, ਜਿਹੜੇ ਵਡੇ-ਵਡੇ ਹੰਕਾਰੀ ਲੋਕਾਂ ਦੇ ਦਿਲ ਵਿਚ ਬੈਠੇ ਪੰਜ ਦੁਸ਼ਮਣਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਬੁਰੀ ਤਰਾਂ ਵਿੰਨ੍ਹ ਸੁੱਟਦੇ ਹਨ।