ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ ॥
ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ ॥੩॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
‘ਸਤਿ’ ਉਸ ਨੂੰ ਮੰਨਿਆ ਗਿਆ ਹੈ, ਜੋ ਸਰਬਵਿਆਪਕ ਤੇ ਸਦੀਵੀ ਹੈ ਅਤੇ ਜਿਹੜਾ ਸਮਾਂ ਤੇ ਸਥਾਨ ਬਦਲਣ ਨਾਲ ਤਬਦੀਲ ਨਹੀਂ ਹੁੰਦਾ। ਇਸ ਦੇ ਉਲਟ ਜਿਸ ਦੇ ਵਿਚ ਸਮੇਂ ਤੇ ਸਥਾਨ ਮੁਤਾਬਕ ਤਬਦੀਲੀ ਵਾਪਰਦੀ ਹੈ, ਉਸ ਨੂੰ ‘ਮਿਥਿਆ’ ਕਿਹਾ ਗਿਆ ਹੈ।
ਸੰਸਾਰ ਦਾ ਅਰਥ ਹੈ: ਬਦਲਣਹਾਰ। ਜਗਤ ਦਾ ਅਰਥ ਹੈ: ਜੋ ਗਤੀ ਵਿਚ ਹੈ। ਅਰਬੀ ਭਾਸ਼ਾ ਦੇ ਸ਼ਬਦ ‘ਦੁਨੀਆ’ ਦਾ ਅਰਥ ਹੈ: ਜੋ ਸਾਡੇ ਨਜ਼ਦੀਕ ਹੈ। ਸਾਡੇ ਨੇੜੇ ਦੇ ਲੋਕ ਤੇ ਸਾਜੋ-ਸਮਾਨ ਹੀ ਸਾਡੀ ਦੁਨੀਆ ਹੁੰਦੀ ਹੈ, ਜੋ ਸਮੇਂ ਤੇ ਸਥਾਨ ਦੇ ਬਦਲਣ ਨਾਲ ਤਬਦੀਲ ਹੁੰਦੀ ਰਹਿੰਦੀ ਹੈ। ਇਸੇ ਨੂੰ ਨਾਸ਼ਮਾਨਤਾ ਕਹਿੰਦੇ ਹਨ। ਭਾਵ, ਜਿਸ ਦਾ ਸਦਾ ਨਾਸ਼ ਜਾਂ ਵਿਨਾਸ਼ ਹੁੰਦਾ ਰਹਿੰਦਾ ਹੈ।
ਵਿਕਾਸ ਤੇ ਵਿਨਾਸ਼ ਸਾਨੂੰ ਦੋ ਗਤੀਆਂ ਪ੍ਰਤੀਤ ਹੁੰਦੀਆਂ ਹਨ। ਮਨੁਖੀ ਜ਼ਿੰਦਗੀ ਦੇ ਪਹਿਲੇ ਅੱਧ ਨੂੰ ਅਸੀਂ ਵਿਕਾਸ ਤਸਲੀਮ ਕਰਦੇ ਹਾਂ ਤੇ ਦੂਸਰੇ ਅੱਧ ਨੂੰ ਵਿਨਾਸ਼। ਜਦਕਿ ਇਹ ਇਕ ਹੀ ਪ੍ਰਕਿਰਿਆ ਦੇ ਦੋ ਪਹਿਲੂ ਹਨ। ਅਸਲ ਵਿਚ ਵਿਕਾਸ ਹੀ ਵਿਨਾਸ਼ ਹੈ। ਭਗਤ ਕਬੀਰ ਜੀ ਕਹਿੰਦੇ ਹਨ: ‘ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ॥’ ਸਪਸ਼ਟ ਹੈ ਕਿ ਦੁਨੀਆ ਦੀ ਹਰ ਸ਼ੈਅ ਅਸਲ ਵਿਚ ਵਿਨਾਸ਼ ਦੀ ਹੀ ਪ੍ਰਕਿਰਿਆ ਵਿਚ ਹੈ, ਪਰ ਭਾਸ ਇਸ ਤਰ੍ਹਾਂ ਰਹੀ ਹੈ, ਜਿਵੇਂ ਵਿਕਾਸ ਵਿਚ ਹੋਵੇ। ਇਸੇ ਲਈ ਬਾਣੀ ਵਿਚ ਰੇਤ ਦੇ ਬਣੇ ਇਸ ਘਰ-ਬਾਰ ਅਰਥਾਤ ਜਗਤ ਨੂੰ ‘ਮ੍ਰਿਤ ਮੰਡਲ’ ਕਿਹਾ ਗਿਆ ਹੈ।
ਮਿਥਿਆ ਦਾ ਅਰਥ ਹੈ: ਤੈਅ ਕੀਤਾ ਜਾਂ ਮੰਨਿਆ ਹੋਇਆ। ਅੰਗਰੇਜ਼ੀ ਦੇ ਸ਼ਬਦ ‘ਮਿਥ’ ਦਾ ਮੂਲ ਅਰਥ ਵੀ ‘ਮਾਊਥ’ ਅਰਥਾਤ ਮੁਖ ਤੋਂ ਕਥਨ ਕੀਤਾ, ਕਥਿਆ ਹੋਇਆ ਜਾਂ ਕਥਿਤ ਹੈ। ਵਿਸ਼ਵ ਦੀ ਹਰ ਦਿਸਦੀ ਸ਼ੈਅ ਦਾ ਅਸੀਂ ਨਾਮਕਰਣ ਕੀਤਾ ਹੈ। ਜਿਸ ਦਾ ਕੋਈ ਨਾਮ ਨਹੀਂ, ਉਹ ਸ਼ੈਅ ਸਾਡੇ ਲਈ ਹੋਂਦ ਨਹੀਂ ਰਖਦੀ। ਹਰ ਨਾਮ ਅਸਲ ਵਿਚ ਕਥਨ, ਕਥਿਆ ਹੋਇਆ, ਕਥਿਤ ਅਰਥਾਤ ਮਿਥ ਹੈ।
ਇਸ ਸਲੋਕ ਵਿਚ ਪੰਚਮ ਪਾਤਸ਼ਾਹ ਆਦੇਸ਼ ਕਰਦੇ ਹਨ ਕਿ ਇਸ ਕਥਿਤ ਅਤੇ ਅਨੁਮਾਨਤ ਦੁਨੀਆ ਦਾ ਵਿਨਾਸ਼ ਤਿੰਨ-ਕਾਲ ਤੈਅ ਅਤੇ ਸਤਿ ਹੈ। ਇਹ ਸਤਿ ਉਸ ਪਾਰਬ੍ਰਹਮ ਦੀ ਖੇਡ ਹੈ, ਜਿਸ ਕਾਰਣ ਵਿਰਲਾਪ ਕਰਨ ਦੀ ਬਜਾਏ ਸਾਧ-ਸੰਗਤ ਵਿਚ ਜਾ ਕੇ ਇਸ ਖੇਡ ਕਰਤਾ ਦੀ ਸਿਫ਼ਤ ਸ਼ਲਾਘਾ ਕਰੋ। ਨਾਮ ਅਭਿਆਸ ਨੂੰ ਇਥੇ ਕੀਰਤ ਕਿਹਾ ਗਿਆ ਹੈ ਤੇ ਇਹੀ ਗੁਰਮਤਿ ਮਾਰਗ ਹੈ।