Guru Granth Sahib Logo
  
ਇਨ੍ਹਾਂ ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਪਰਮਾਣੋ ਪਰਜੰਤ ਆਕਾਸਹ   ਦੀਪ ਲੋਅ ਸਿ ਖੰਡਣਹ
ਗਛੇਣ ਨੈਣ ਭਾਰੇਣ   ਨਾਨਕ  ਬਿਨਾ ਸਾਧੂ ਸਿਧੵਤੇ ॥੨॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਤੰਜਲੀ ਦੇ ਜੋਗ ਸੂਤਰਾਂ ਵਿਚ ਦੱਸਿਆ ਗਿਆ ਹੈ ਕਿ ਜੋਗ ਸਾਧਨਾ ਦੌਰਾਨ ਸਾਧਕ ਨੂੰ ਅਜਿਹੀਆਂ ਸਿੱਧੀਆਂ ਹਾਸਲ ਹੋ ਜਾਂਦੀਆਂ ਹਨ, ਜਿਨ੍ਹਾਂ ਨਾਲ ਉਹ ਆਪਣੀ ਦੇਹ ਨੂੰ ਪਰਮਾਣੂੰ ਜਿੰਨਾ ਛੋਟਾ ਕਰ ਸਕਦਾ ਹੈ ਤੇ ਅੱਖ ਦੇ ਫੋਰ ਵਿਚ ਖੰਡਾਂ-ਬ੍ਰਹਮੰਡਾਂ ਵਿਚ ਕਿਤੇ ਵੀ ਆ-ਜਾ ਸਕਦਾ ਹੈ।

ਪਤੰਜਲੀ ਦੇ ਜੋਗ ਸੂਤਰਾਂ ਦੀ ਵਿਆਖਿਆ ਕਰਦਿਆਂ ਸੁਚੇਤ ਕੀਤਾ ਗਿਆ ਹੈ ਕਿ ਸਾਧਕ ਨੂੰ ਕਿਸੇ ਸੰਪੰਨ ਸਾਧੂ ਦੀ ਦੇਖ-ਰੇਖ ਵਿਚ ਹੀ ਜੋਗ ਸਾਧਨਾ ਕਰਨੀ ਚਾਹੀਦੀ ਹੈ, ਨਹੀਂ ਤਾਂ ਉਹ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਜਿਹੜਾ ਵੀ ਕੋਈ ਕਿਸੇ ਨੂੰ ਪ੍ਰਭੂ ਮਿਲਾਪ ਤੋਂ ਇਲਾਵਾ ਕਿਸੇ ਹੋਰ ਮਕਸਦ ਲਈ ਜੋਗ-ਅਭਿਆਸ ਕਰਨ ਲਈ ਕਹਿੰਦਾ ਹੈ, ਉਹ ਨਿਰਸੰਦੇਹ ਮਹਾਂ ਅਗਿਆਨੀ ਹੈ।

ਗੁਰੂ ਨਾਨਕ ਪਾਤਸ਼ਾਹ ਨੇ ਵੀ ‘ਮਤੁ ਦੇਖਿ ਭੂਲਾ ਵੀਸਰੈ’ ਵਾਲੇ ਸ਼ਬਦ ਵਿਚ ਅਜਿਹੀਆਂ ਰਿੱਧੀਆਂ-ਸਿੱਧੀਆਂ ਦਾ ਜਿਕਰ ਕਰਦਿਆਂ ਫਿਕਰ ਜ਼ਾਹਰ ਕੀਤਾ ਹੈ ਕਿ ਇਨ੍ਹਾਂ ਰਿੱਧੀਆਂ-ਸਿੱਧੀਆਂ ਕਾਰਣ ਮੈਂ ਕਿਤੇ ਆਪਣੇ ਅਸਲ ਮਕਸਦ ਨੂੰ ਭੁੱਲ ਹੀ ਨਾ ਜਾਵਾਂ। ਪੰਚਮ ਪਾਤਸ਼ਾਹ ਨੇ ਵੀ ਲਾਹੌਰ ਵਿਖੇ ਤੱਤੀ ਤਵੀ ’ਤੇ ਬੈਠਿਆਂ ਸਾਈਂ ਮੀਆਂ ਮੀਰ ਜੀ ਨੂੰ ਅਜਿਹੀਆਂ ਸ਼ਕਤੀਆਂ ਦੀ ਵਰਤੋਂ ਤੋਂ ਵਰਜਦਿਆਂ ਸਹਿਜ, ਸੰਜਮ ਅਤੇ ਸ਼ਾਂਤੀ ਦਾ ਆਦੇਸ਼ ਦਿੱਤਾ ਸੀ।

ਨਾਮ-ਅਭਿਆਸ ਨੂੰ ਵਿਦਵਾਨਾਂ ਨੇ ‘ਸਿਖ ਜੋਗ’ ਦੱਸਿਆ ਹੈ, ਕਿਉਂਕਿ ਗੁਰਮਤਿ ਅਨੁਸਾਰ ‘ਨਾਮ’ ਪ੍ਰਭੂ ਮਿਲਾਪ ਦਾ ਮਾਰਗ ਹੈ। ਇਸ ਮਾਰਗ ’ਤੇ ਤੁਰਦਿਆਂ ਮਨੁਖ ਨੂੰ ਅਨੇਕ ਬਰਕਤਾਂ ਹਾਸਲ ਹੁੰਦੀਆਂ ਹਨ, ਜਿਨ੍ਹਾਂ ਦੀ ਬੇਲੋੜੀ ਵਰਤੋਂ ਨਾਲ ਮਨੁਖ ਆਪਣੇ ਅਸਲ ਮਕਸਦ ਤੋਂ ਭਟਕ ਸਕਦਾ ਹੈ। ਇਸੇ ਕਾਰਣ ਬਾਣੀ ਵਿਚ ਰਿੱਧੀਆਂ-ਸਿੱਧੀਆਂ ਦਾ ਖੰਡਨ ਕਰਨ ਦੀ ਬਜਾਏ ‘ਅਵਰਾ ਸਾਦ’ ਕਿਹਾ ਗਿਆ ਹੈ। ਪ੍ਰੋੜਤਾ ਵਜੋਂ ਰਾਮ ਰਾਇ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ, ਜਿਸ ਨੇ ਡਰ ਅਤੇ ਲਾਲਚ ਕਾਰਣ ਔਰੰਗਜ਼ੇਬ ਨੂੰ ਕਰਾਮਾਤਾਂ ਦਿਖਾਈਆਂ ਸਨ, ਜਿਸ ਕਰਕੇ ਪਿਤਾ ਗੁਰੂ ਹਰਿ ਰਾਏ ਸਾਹਿਬ ਨੇ ਉਸ ਨੂੰ ਸਿਖੀ ਵਿਚੋਂ ਹੀ ਬੇਦਖਲ ਕਰ ਦਿੱਤਾ ਸੀ।

ਪੰਚਮ ਪਾਤਸ਼ਾਹ ‘ਗਾਥਾ’ ਦੇ ਇਸ ਸਲੋਕ ਵਿਚ ਰਿੱਧੀਆਂ-ਸਿੱਧੀਆਂ ਦੇ ਮੁਕਾਬਲੇ ਗੁਰਮਤਿ ਆਸ਼ੇ ਵਿਚ ਪਰਿਪੂਰਣ ਅਤੇ ਸੰਪੰਨ ਸਾਧ-ਸੰਗਤ ਦੀ ਅਹਿਮੀਅਤ ਦਰਸਾਉਂਦੇ ਹਨ, ਜਿਸ ਦੇ ਬਿਨਾਂ ਸਾਧਕ ਚੰਗੇ ਸਮਾਜ ਦੀ ਉਸਾਰੀ ਤੋਂ ਭਟਕ ਸਕਦਾ ਹੈ।
Tags