ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ ॥
ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥
-ਗੁਰੂ ਗ੍ਰੰਥ ਸਾਹਿਬ ੧੩੬੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਕੁਦਰਤ ਦਾ ਕਾਦਰ ਪਹਿਲਾਂ ਵੀ ਪੂਰਨ ਸੀ, ਅੱਜ ਵੀ ਪੂਰਨ ਹੈ ਤੇ ਅੱਗੋਂ ਵੀ ਪੂਰਨ ਹੀ ਰਹੇਗਾ। ਉਸ ਦੇ ਵਿਪਰੀਤ ਕੁਦਰਤ ਦੇ ਅਸੂਲ ਵਿਚ ਪਲ-ਪਲ ਤਬਦੀਲੀ ਵਾਪਰਦੀ ਹੈ। ਜੋ ਕੱਲ੍ਹ ਸੀ, ਅੱਜ ਨਹੀਂ ਹੈ। ਜੋ ਅੱਜ ਹੈ, ਕੱਲ੍ਹ ਨਹੀਂ ਰਹੇਗਾ। ਕੁਦਰਤ ਵਿਚ ਕੁਝ ਵੀ ਸਦੀਵੀ ਨਹੀਂ ਹੈ।
ਇਸ ਕੁਦਰਤ ਵਿਚ ਆਵਾ-ਗਵਣ ਹੈ, ਜਨਮ-ਮਰਨ ਹੈ ਤੇ ਵਾਧ-ਘਾਟ ਹੈ। ਮਨੁਖ ਇਸ ਵਾਧ-ਘਾਟ ਤੇ ਨਫੇ-ਨੁਕਸਾਨ ਦੇ ਹੀ ਰੋਣੇ ਰੋਂਦਾ ਰਹਿੰਦਾ ਹੈ।
ਇਸ ਬਦਲਣਹਾਰ ਦੇ ਪਿੱਛੇ ਅਬਦਲ ਨੂੰ ਨਹੀਂ ਦੇਖਦਾ। ਜਿਸ ਬਾਰੇ ਦਸਮ ਗ੍ਰੰਥ ਵਿਚ ਜਿਕਰ ਹੈ: ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤਿ ਹੈ॥ ਨ ਘਾਟਿ ਹੈ ਨਾ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ॥ ਨਫੇ-ਨੁਕਸਾਨ ਦਾ ਕਰਤਾ ਅਤੇ ਭਰਤਾ ਉਹੀ ਪੂਰਨ-ਪੁਰਖ ਹੈ ਤੇ ਉਸ ਨਾਲ ਪ੍ਰੀਤ ਪਾਉਣ ਤੇ ਆਪਣੇ ਦੁਖ ਨਿਵਾਰਣ ਦਾ ਮਾਧਿਅਮ ਕੇਵਲ ਤੇ ਕੇਵਲ ਸਾਧ-ਸੰਗਤ ਹੈ।