ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਅਪਜਸੰ ਮਿਟੰਤ ਸਤ ਪੁਤ੍ਰਹ ॥ ਸਿਮਰਤਬੵ ਰਿਦੈ ਗੁਰ ਮੰਤ੍ਰਣਹ ॥
ਪ੍ਰੀਤਮ ਭਗਵਾਨ ਅਚੁਤ ॥ ਨਾਨਕ ਸੰਸਾਰ ਸਾਗਰ ਤਾਰਣਹ ॥੧੪॥
-ਗੁਰੂ ਗ੍ਰੰਥ ਸਾਹਿਬ ੧੩੬੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਨੁਖੀ ਮਨ ਵਿਚ ਲਾਲਸਾ ਹੁੰਦੀ ਹੈ ਕਿ ਜ਼ਮਾਨਾ ਉਸ ਦੀ ਸਿਫਤਿ ਕਰੇ, ਸ਼ਲਾਘਾ ਕਰੇ ਤੇ ਜੱਸ ਗਾਵੇ। ਜਦਕਿ ਦਸਤੂਰ ਇਸ ਦੇ ਐਨ ਉਲਟ ਹੈ। ਬਾਰਿਸ਼ ਦੀ ਇੱਛਾ ਰਖਣ ਵਾਲਿਆਂ ’ਤੇ ਜ਼ਮਾਨੇ ਦੀ ਅੱਗ ਵਰ੍ਹਦੀ ਹੈ। ਇਹ ਤਾਂ ਹੋ ਸਕਦਾ ਹੈ ਕਿ ਬੇਈਮਾਨ ਤੇ ਬਦਮਾਸ਼ ਲੋਕਾਂ ਦੀ ਕੋਈ ਬਦਖੋਈ ਨਾ ਕਰੇ, ਇਹ ਨਹੀਂ ਹੋ ਸਕਦਾ ਕਿ ਕਿਸੇ ਸੱਚੇ-ਸੁੱਚੇ ਇਮਾਨਦਾਰ ਤੇ ਸ਼ਰੀਫ ਦੀ ਕੋਈ ਨਿੰਦਿਆ ਨਾ ਕਰੇ। ਬਲਕਿ ਝੂਠੇ ਤੋਂ ਵੱਧ ਸੱਚਿਆਂ ਦੀ ਨਿੰਦਿਆ ਹੁੰਦੀ ਹੈ।
ਇਸ ਸਲੋਕ ਵਿਚ ਪੰਚਮ ਪਾਤਸ਼ਾਹ ਦੱਸਦੇ ਹਨ ਕਿ ਜ਼ਮਾਨੇ ਦੇ ਇਸ ਬੁਰੇ ਦਸਤੂਰ ਦੇ ਅਨੁਸਾਰ ਇਮਾਨਦਾਰ ਅਤੇ ਸੱਚੇ ਇਨਸਾਨ ਦੀ ਕੋਈ ਕਿੰਨੀ ਵੀ ਬਦਖੋਈ ਕਰਦਾ ਰਹੇ, ਅਖੀਰ ਸੱਚ ਸੌ ਪਰਦੇ ਪਾੜ ਕੇ ਉਜਾਗਰ ਹੋ ਜਾਂਦਾ ਹੈ: ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥’
ਅਜਿਹਾ ਉਨ੍ਹਾਂ ਨਾਲ ਵਾਪਰਦਾ ਹੈ, ਜਿਹੜੇ ਆਪਣੇ ਅਸਲ ਮਿੱਤਰ ‘ਸੱਚ’ ਉੱਤੇ ਅਟੱਲ, ਅਡਿਗ ਅਤੇ ਅਮੁੱਕ ਯਕੀਨ ਰਖਦੇ ਹਨ ਤੇ ਜਿਹੜੇ ਏਨੇ ਪੂਰਨ ਪੁਰਖ ਹੁੰਦੇ ਹਨ ਕਿ ਡੋਲਦੇ ਨਹੀਂ। ਕਦੇ ਵੀ ਵਿਨਾਸ਼ ਨਾ ਹੋਣ ਵਾਲਾ ਸਦੀਵੀ ਮਿੱਤਰ, ਅਜਿਹੇ ਅਡੋਲ ਲੋਕਾਂ ਦਾ ਹਰ ਦੁਖ ਤੇ ਮੁਸ਼ਕਲ ਵਿਚ ਸਾਥ ਦਿੰਦਾ ਹੈ ਤੇ ਉਨ੍ਹਾਂ ਨੂੰ ਸੰਸਾਰ-ਸਮੁੰਦਰ ਜਹੇ ਭਵਜਲ ਤੋਂ ਪਾਰ ਲਾ ਦਿੰਦਾ ਹੈ।