ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਹਰਿ ਲਬਧੋ ਮਿਤ੍ਰ ਸੁਮਿਤੋ ॥ ਬਿਦਾਰਣ ਕਦੇ ਨ ਚਿਤੋ ॥
ਜਾ ਕਾ ਅਸਥਲੁ ਤੋਲੁ ਅਮਿਤੋ ॥ ਸੋੁਈ ਨਾਨਕ ਸਖਾ ਜੀਅ ਸੰਗਿ ਕਿਤੋ ॥੧੩॥
-ਗੁਰੂ ਗ੍ਰੰਥ ਸਾਹਿਬ ੧੩੬੦-੧੩੬੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਿੱਤਰ ਉਹ, ਜੋ ਲੋੜ ਵੇਲੇ ਕੰਮ ਆਵੇ। ਜੀਵਨ ਵਿਚ ਅਸੀਂ ਅਜਿਹੇ ਮਿੱਤਰ ਦੀ ਤਲਾਸ਼ ਵਿਚ ਰਹਿੰਦੇ ਹਾਂ, ਜਿਸ ਦਾ ਰੁਤਬਾ ਏਨਾ ਵਡਾ ਹੋਵੇ ਕਿ ਸਾਨੂੰ ਹਰ ਮੁਸ਼ਕਲ ਵਿਚੋਂ ਬਚਾ ਲਵੇ। ਪਰ ਹੁੰਦਾ ਇਸਦੇ ਬਿਲਕੁਲ ਉਲਟ ਹੈ। ਸੌਖੇ ਸਮੇਂ ਦੇ ਦੋਸਤ ਮੁਸ਼ਕਲ ਆਈ ’ਤੇ ਝੱਟ ਅੱਖਾਂ ਫੇਰ ਜਾਂਦੇ ਹਨ। ਵਡੇ ਅਹੁਦਿਆਂ ਵਾਲੇ ਮਿੱਤਰ ਪਛਾਣਨੋ ਹਟ ਜਾਂਦੇ ਹਨ। ਇਥੋਂ ਤਕ ਕਿ ਕਰੀਬੀ ਰਿਸ਼ਤੇਦਾਰ ਵੀ ਬਦਲ ਜਾਂਦੇ ਹਨ। ਔਖੇ ਸਮੇਂ ਹਰ ਕਿਸੇ ਦੇ ਤੌਰ-ਤਰੀਕੇ ਬਦਲ ਜਾਂਦੇ ਹਨ ਤੇ ਕਿਸੇ ਆਸਰੇ ਦੀ ਭਾਲ ਵਿਚ ਮਨੁਖ ਟੁੱਟ ਜਾਂਦਾ ਹੈ।
ਗਾਥਾ ਬਾਣੀ ਦੇ ਇਸ ਸਲੋਕ ਵਿਚ ਪੰਚਮ ਪਾਤਸ਼ਾਹ ਨੇ ਉਸ ਦੋਸਤ ਦੀ ਦੱਸ ਪਾਈ ਹੈ, ਜਿਹੜਾ ਕਦੇ ਦਿਲ ਨਹੀਂ ਤੋੜਦਾ, ਜਿਹੜਾ ਜੀਅ ਜਾਨ ਤੋਂ ਪਿਆਰ ਕਰਦਾ ਹੈ ਤੇ ਜਿਸ ਦਾ ਰੁਤਬਾ ਵੀ ਸਭ ਤੋਂ ਸ਼ਿਰੋਮਣੀ ਹੈ, ਜਿਸ ਕਰਕੇ ਉਹ ਆਪਣੇ ਪਿਆਰਿਆਂ ਨੂੰ ਹਰ ਮੁਸ਼ਕਲ, ਭੀੜ ਅਤੇ ਦੁਖ ਤੋਂ ਬਚਾ ਲੈਂਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਅਜਿਹਾ ਮਿੱਤਰ ਹੋਰ ਕੋਈ ਨਹੀਂ, ਸਿਰਫ ਰੱਬ ਹੈ, ਜਿਸ ਦਾ ਕੋਈ ਤੋੜ ਨਹੀਂ, ਉਹ ਦਿਲ ਦੇ ਏਨਾ ਕਰੀਬ ਹੈ ਕਿ ਦਿਲ ਦਾ ਅਸਲ ਜਾਨੀ ਹੈ, ਜਿਸ ਨੂੰ ਆਪਣੇ ਦੁਖ ਦੱਸਣ ਦੀ ਵੀ ਲੋੜ ਨਹੀਂ ਪੈਂਦੀ ਤੇ ਜਿਹੜਾ ਖੁਦ-ਬਖੁਦ ਹਰ ਮੁਸ਼ਕਲ ਨੂੰ ਹੱਲ ਕਰ ਦਿੰਦਾ ਹੈ।