ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਸੁੰਦਰ ਮੰਦਰ ਸੈਣਹ ਜੇਣ ਮਧੵ ਹਰਿ ਕੀਰਤਨਹ ॥
ਮੁਕਤੇ ਰਮਣ ਗੋਬਿੰਦਹ ਨਾਨਕ ਲਬਧੵੰ ਬਡ ਭਾਗਣਹ ॥੧੨॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਘਰ ਕੇਵਲ ਕੰਧਾਂ ਨਾਲ ਨਹੀਂ ਬਣਦਾ, ਬਲਕਿ ਉਦੋਂ ਬਣਦਾ ਹੈ ਜਦੋਂ ਉਸ ਵਿਚ ਸੱਚੇ-ਸੁੱਚੇ ਜੀਅ ਵਸਦੇ ਹਨ। ਜਿਨ੍ਹਾਂ ਦੇ ਸਤਿ-ਚਿਤ, ਉਦਾਰ ਅਤੇ ਪਿਆਰ ਦਾ ਅਹਿਸਾਸ ਉਸ ਘਰ ਨੂੰ ਮੰਦਰ ਬਣਾ ਦਿੰਦਾ ਹੈ। ਅਜਿਹੇ ਮੰਦਰ, ਜਿਨ੍ਹਾਂ ਵਿਚ ਹਰ ਸਮੇਂ ਸੱਚ ਦਾ ਅਹਿਸਾਸ ਅਤੇ ਪ੍ਰਕਾਸ਼ ਕੀਰਤਨ ਬਣ ਗੂੰਜਦਾ ਹੋਵੇ, ਉਹੀ ਮੰਦਰ ਸੋਹਣੇ ਹੁੰਦੇ ਹਨ। ਧਰਮਸਾਲ ਜਿਹੇ ਘਰਾਂ ਵਿਚ ਵਸਦੇ ਜੱਸ ਅਤੇ ਕੀਰਤੀ ਦੀ ਲਗਨ ਵਾਲੇ ਲੋਕਾਂ ਦੀ ਪਛਾਣ ਵੀ ਉਹੀ ਲੋਕ ਕਰਦੇ ਹਨ, ਜਿਹੜੇ ਖ਼ੁਦ ਗਰੀਬ ਨਿਵਾਜ਼ ਗੋਵਿੰਦ (ਪ੍ਰਭੂ) ਦੇ ਸਿਮਰਨ ਨਾਲ ਮੁਕਤੀ ਪ੍ਰਾਪਤ ਕਰ ਚੁੱਕੇ ਹੁੰਦੇ ਹਨ।
ਪੌਰਾਣਕ ਧਾਰਨਾ ਅਨੁਸਾਰ ਜੀਵਨ ਦੇ ਚੌਥੇ ਆਸ਼ਰਮ ਅਰਥਾਤ ਸਨਿਆਸ ਰਾਹੀਂ ਮੁਕਤੀ ਨਸੀਬ ਹੁੰਦੀ ਹੈ। ਪਰ ਗੁਰਮਤਿ ਅਨੁਸਾਰ ਜੀਵਨ ਦੇ ਹਰ ਚਰਣ ਵਿਚ ‘ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ’ ਨਾਲੋ-ਨਾਲ ਮੁਕਤੀ ਦਾ ਅਹਿਸਾਸ ਰਹਿੰਦਾ ਹੈ। ਪੰਚਮ ਪਾਤਸ਼ਾਹ ਦੱਸਦੇ ਹਨ ਕਿ ਅਜਿਹੇ ਲੋਕ ਮਸਾਂ ਲੱਭਦੇ ਹਨ, ਜਿਹੜੇ ਜੀਵਨ ਦੇ ਹਰ ਚਰਣ ਵਿਚ ਮੁਕਤੀ ਦੇ ਉਪਾਸ਼ਕ ਅਤੇ ਅਭਿਲਾਸ਼ੀ ਹੁੰਦੇ ਹਨ।