ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ ॥
ਹਰਿ ਚਰਣ ਕਮਲ ਧੵਾਨੰ ਨਾਨਕ ਕੁਲ ਸਮੂਹ ਉਧਾਰਣਹ ॥੧੧॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮੰਤਰ ਮਹਿਜ਼ ਧੁਨੀ ਹੁੰਦੀ ਹੈ ਤੇ ਜਦ ਕਿਸੇ ਧੁਨੀ ਵਿਚ ਅਰਥ ਪ੍ਰਵੇਸ਼ ਕਰ ਜਾਵੇ ਤੇ ਉਸ ਅਰਥ ਵਿਚ ਉਸ ਅਹਿਸਾਸ ਦਾ ਵਾਸਾ ਹੋਵੇ, ਜਿਸ ਵਿਚ ਸਦਾਚਾਰ ਸਮੋਇਆ ਹੋਵੇ, ਤਾਂ ਉਹ ਧੁਨੀ, ਉਹ ਮੰਤਰ ਸੁਮੰਤਰ ਅਰਥਾਤ ਸ਼ੁਭ ਮੰਤਰ ਹੋ ਜਾਂਦਾ ਹੈ।
ਜਿਨ੍ਹਾਂ ਨੇ ਸ਼ਬਦ-ਬਾਣੀ ਦੀ ਕਿਰਪਾ ਨਾਲ ਆਪਣੇ ਮਨ ਦੇ ਭਰਮ ਨਿਵਿਰਤ ਕਰ ਲਏ ਹਨ, ਵਲ-ਛਲ ਸਿੱਧੇ ਕਰਕੇ, ਖ਼ੁਦ ਨੂੰ ਸਾਧ ਲਿਆ ਹੈ ਤੇ ਸਦਾਚਾਰ ਅਪਣਾ ਲਿਆ ਹੈ। ਅਜਿਹੇ ਸਤਿ-ਪੁਰਖਾਂ ਦੀ ਸੰਗਤ ਤੇ ਬਚਨ-ਬਿਲਾਸ, ਉਸ ਸ਼ੁਭ ਮੰਤਰ ਦੀ ਨਿਆਈਂ ਹਨ, ਜਿਸ ਨੂੰ ਸੁਣਦਿਆਂ ਹੀ ਮਨ ਦੇ ਤਮਾਮ ਵਿਸ਼ੇ-ਵਿਕਾਰਾਂ ਦਾ ਨਾਸ ਹੋ ਜਾਂਦਾ ਹੈ।
ਅਜਿਹੇ ਸਤਿ-ਪੁਰਖ, ਸੱਚੇ-ਪਾਤਸ਼ਾਹ ਦੇ ਚਰਨ-ਕੰਵਲਾਂ ਵਿਖੇ ਧਿਆਨ ਧਰ ਕੇ, ਆਪਣਾ ਹੀ ਨਹੀਂ ਬਲਕਿ ਆਪਣੀ ਕੁੱਲ ਦਾ ਵੀ ਕਲਿਆਣ ਕਰ ਜਾਂਦੇ ਹਨ। ਕੋਈ ਵੀ ਬੱਚਾ ਜਨਮ ਸਮੇਂ ਅਚਾਰ-ਵਿਹਾਰ ਪਖੋਂ ਕੋਰੀ ਸਲੇਟ ਹੁੰਦਾ ਹੈ। ਜਿਹੋ-ਜਿਹੇ ਮਾਂ-ਬਾਪ, ਭੈਣ-ਭਾਈ, ਗਲੀ-ਮਹੱਲੇ, ਸ਼ਹਿਰ, ਚੌਗਿਰਦੇ ਅਤੇ ਵਾਤਾਵਰਣ ਵਿਚ ਉਹ ਵਡਾ ਹੋਇਆ ਹੁੰਦਾ ਹੈ, ਉਹੋ ਜਿਹਾ ਹੀ ਉਸ ਦਾ ਵਿਹਾਰ ਹੁੰਦਾ ਹੈ। ਮਾਂ-ਬਾਪ ਦੀ ਅੱਛਾਈ-ਬੁਰਾਈ ਬੱਚਿਆਂ ਰਾਹੀ ਪੂਰੀ ਕੁੱਲ ਵਿਚ ਪ੍ਰਵਾਹਤ ਹੋ ਜਾਂਦੀ ਹੈ। ਇਸੇ ਕਰਕੇ ਗਾਥਾ ਦੇ ਇਸ ਸਲੋਕ ਵਿਚ ਪੰਚਮ ਪਾਤਸ਼ਾਹ ਨੇ ਸਮੂਹ ਕੁੱਲ ਦੇ ਉਧਾਰਣ ਦਾ ਇਕਰਾਰ ਕੀਤਾ ਹੈ।