ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥
ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਦਵਾਨਾਂ ਦਾ ਮੱਤ ਹੈ ਕਿ ਹਰ ਅੱਖਰ ਕਿਸੇ ਵੇਲੇ ਕੋਈ ਚਿੱਤਰ ਸੀ ਤੇ ਹਰ ਸ਼ਬਦ ਕਵਿਤਾ। ਇਸੇ ਕਰਕੇ ਕਿਸੇ ਵੀ ਸ਼ਬਦ ਦੇ ਅਰਥ ਅਨੰਤ ਅਤੇ ਅਪਾਰ ਹੁੰਦੇ ਹਨ, ਜਿਨ੍ਹਾਂ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਕਿਹਾ ਜਾਂਦਾ ਹੈ ਕਿ ਸ਼ਬਦ ਦਾ ਸਹੀ ਪ੍ਰਯੋਗ ਰੱਬ ਨਾਲ ਮਿਲਾ ਸਕਦਾ ਹੈ। ਸ਼ਬਦ ਦੀ ਇਹ ਸਮਰੱਥਾ ਉਸ ਦੀ ਧੁਨੀ, ਅਕਾਰ ਅਤੇ ਅਰਥ ਦੀ ਅਨੰਤਤਾ ਤੋਂ ਵੀ ਪਾਰ, ਉਸ ਦੇ ਭਾਵ ਵਿਚ ਪਈ ਹੁੰਦੀ ਹੈ। ਭਾਸ਼ਾਈ ਗਿਆਨ ਹਾਸਲ ਕਰਦਿਆਂ, ਉਮਰਾਂ ਬੀਤ ਜਾਣ ’ਤੇ ਵੀ ਭਾਸ਼ਾਈ ਪਰਿਪੂਰਣਤਾ ਅਤੇ ਪ੍ਰਵੀਨਤਾ ਨਸੀਬ ਨਹੀਂ ਹੁੰਦੀ।
ਪੰਚਮ ਪਾਤਸ਼ਾਹ ਇਸ ਸਲੋਕ ਵਿਚ ਕਹਿੰਦੇ ਹਨ ਕਿ ਇਹ ਗਾਥਾ ਏਨੀ ਗੂੜ੍ਹ, ਮਹੀਨ, ਮਹਾਨ ਅਤੇ ਅਪਾਰ ਭਾਵ ਵਾਲੀ ਹੈ ਕਿ ਇਸ ਨੂੰ ਕੋਈ ਵਿਰਲਾ ਹੀ ਸਮਝ ਸਕਦਾ ਹੈ। ਇਸ ਨੂੰ ਸਮਝਣ ਲਈ ਲਗਾਤਾਰ ਧਿਆਨ ਅੰਤਰ ਹੋਣਾ ਪੈਂਦਾ ਹੈ, ਪਰਿਵਾਰਕ ਅਤੇ ਸੰਸਾਰਕ ਝਮੇਲੇ ਛੱਡਣੇ ਪੈਂਦੇ ਹਨ। ਇਥੇ ਹੀ ਬਸ ਨਹੀਂ, ਇਸ ਗਾਥਾ ਦਾ ਗੂੜ੍ਹ ਮਰਮ ਅਤੇ ਗੁਹਜ ਭਾਵ ਜਾਨਣ ਲਈ ਸਾਧ-ਸੰਗਤ ਵਿਚ ਜਾ ਕੇ ਗਰੀਬ ਨਿਵਾਜ਼ ਗੋਬਿੰਦ (ਪ੍ਰਭੂ) ਦੀ ਵਿਚਾਰ-ਚਰਚਾ ਅਤੇ ਸਿਮਰਨ ਕਰਨਾ ਪੈਂਦਾ ਹੈ। ਇਸ ਤੋਂ ਬਿਨਾਂ ਗਾਥਾ ਦਾ ਅੰਤਰੀਵ ਭਾਵ ਸਮਝਣਾ ਸੌਖਾ ਨਹੀਂ।