ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ ॥
ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਬਿਆਪਣਹ ॥੯॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਮੁੰਦਰ ਨੂੰ ਦੇਖਿਆਂ ਜਲ ਦੀ ਬਹੁਤਾਤ ਦਾ ਭੈ ਆਉਣ ਲੱਗ ਜਾਂਦਾ ਹੈ, ਜਿਸ ਕਰਕੇ ਸਮੁੰਦਰ ਨੂੰ ਭਵਜਲ ਵੀ ਕਿਹਾ ਜਾਂਦਾ ਹੈ। ਏਨੀ ਵਿਸ਼ਾਲ ਕਾਇਨਾਤ ਵਿਚ ਜੀਵਨ ਬਤੀਤ ਕਰਨ ਦਾ ਖਿਆਲ ਵੀ, ਸਮੁੰਦਰ ਅਰਥਾਤ ਭਵਜਲ ਪਾਰ ਕਰਨ ਜਿਹਾ ਹੀ ਲੱਗਦਾ ਹੈ। ਸੰਸਾਰ-ਸਮੁੰਦਰ ਦਾ ਡਰ ਅਜਿਹਾ ਹੈ, ਜਿਸ ਦਾ ਦੁਨਿਆਵੀ ਪਧਰ ’ਤੇ ਕੋਈ ਹੱਲ ਨਜ਼ਰ ਨਹੀਂ ਆਉਂਦਾ। ਕੇਵਲ ਰੱਬ ਦਾ ਡਰ ਹੀ ਇਸ ਡਰ ਦਾ ਹੱਲ ਹੈ। ਰੱਬ ਦਾ ਡਰ ਅਸਲ ਵਿਚ ਡਰ ਨਹੀਂ, ਬਲਕਿ ਉਸ ਦੇ ਹੋਣ ਦਾ ਅਹਿਸਾਸ ਅਤੇ ਵਿਸ਼ਵਾਸ ਹੈ।
ਭਾਵਨੀ ਜਾਂ ਭਾਵਨਾ ਪ੍ਰੇਮ, ਆਸਥਾ ਅਤੇ ਸ਼ਰਧਾ-ਭਾਵ ਨੂੰ ਕਹਿੰਦੇ ਹਨ। ਵਿਦਵਾਨਾਂ ਨੇ ਗਿਆਨ ਦਾ ਸਿਖਰ ਅਹਿਸਾਸ ਨੂੰ ਮੰਨਿਆ ਹੈ। ਜਿਵੇਂ ਸੋਨਾ ਕੁਠਾਲੀ ਵਿਚ ਢਲ ਕੇ ਕੁੰਦਨ ਹੋ ਜਾਂਦਾ ਹੈ, ਤਿਵੇਂ ਗਿਆਨ ਸਾਡੇ ਅਹਿਸਾਸ ਵਿਚ ਉਤਰ ਕੇ ਅਭਿਆਸ ਵਿਚ ਪ੍ਰਵਾਹਤ ਹੋ ਜਾਂਦਾ ਹੈ ਤੇ ਸਾਡੀ ਆਸਥਾ ਅਰਥਾਤ ਭਾਵਨਾ ਵਿਚ ਢਲ ਜਾਂਦਾ ਹੈ।
ਆਸਥਾ, ਅਹਿਸਾਸ ਅਤੇ ਭਾਵਨਾ ਜਿਹਾ ਸੱਚਾ ਗਿਆਨ ਵਡੇ ਭਾਗਾਂ ਨਾਲ ਸਾਧ-ਸੰਗਤ ਵਿਚ ਪ੍ਰਾਪਤ ਹੁੰਦਾ, ਜਿਥੇ ਵਿਚਾਰ-ਚਰਚਾ ਅਤੇ ਸਿਮਰਨ ਕਰਦਿਆਂ ਸੰਸਾਰ-ਸਮੁੰਦਰ ਦਾ ਡਰ ਸਤਾਉਂਣੋ ਹਟ ਜਾਂਦਾ ਹੈ।