ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਪ੍ਰਭੂ ਅਗੇ ਬੇਨਤੀ ਕਰਨ ਦਾ ਢੰਗ ਸਿਖਾਇਆ ਹੈ। ਕਰਮ-ਧਰਮ ਤੋਂ ਹੀਣੇ ਮਨੁਖ ਦਾ ਵਰਣਨ ਉਤਮ ਪੁਰਖੀ ਸ਼ੈਲੀ ਵਿਚ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਪ੍ਰਭੂ ਹੀ ਆਪਣੀ ਕਿਰਪਾ ਨਾਲ ਮਨੁਖ ਦਾ ਪਾਰ-ਉਤਾਰਾ ਕਰ ਸਕਦਾ ਹੈ। ਇਸ ਲਈ, ਉਸ ਅਗੇ ਹੀ ਬੇਨਤੀ ਕਰਨੀ ਬਣਦੀ ਹੈ।
ਧਨਾਸਰੀ ਮਹਲਾ ੯ ॥
ਅਬ ਮੈ ਕਉਨੁ ਉਪਾਉ ਕਰਉ ॥
ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ॥
ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥
ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥
ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥
-ਗੁਰੂ ਗ੍ਰੰਥ ਸਾਹਿਬ ੬੮੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਅਜਿਹੇ ਮਨੁਖ ਦੀ ਅਵਸਥਾ ਬਿਆਨ ਕਰਦੇ ਹਨ, ਜੋ ਮੁਕਤੀ ਪ੍ਰਾਪਤ ਕਰਨ ਲਈ ਬੜੇ ਜਤਨ ਕਰ ਚੁੱਕਾ ਹੈ ਤੇ ਜਿਸ ਨੂੰ ਮੁਕਤੀ ਪ੍ਰਾਪਤ ਨਹੀਂ ਹੋ ਰਹੀ। ਹੁਣ ਉਹ ਥੱਕ ਹਾਰ ਕੇ, ਬੇਵੱਸ ਤੇ ਲਚਾਰ ਹੋ ਕੇ ਸੋਚ ਰਿਹਾ ਹੈ ਕਿ ਹੁਣ ਉਹ ਕਿਹੜਾ ਢੰਗ-ਤਰੀਕਾ ਅਪਣਾਵੇ ਜਿਸ ਨਾਲ ਉਸ ਦੇ ਮਨ ਦਾ ਭਰਮ ਦੂਰ ਹੋ ਜਾਵੇ ਤੇ ਉਹ ਡਰ ਦੇ ਸਮੁੰਦਰ ਤੋਂ ਪਾਰ ਹੋ ਜਾਵੇ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪਾਤਸ਼ਾਹ ਦੱਸਦੇ ਹਨ ਕਿ ਅਜਿਹੇ ਮਨੁਖ ਨੂੰ ਇਸ ਗੱਲ ਦਾ ਡਰ ਹੋਰ ਵੀ ਵਧੇਰੇ ਸਤਾਉਂਦਾ ਹੈ ਕਿ ਉਸ ਨੇ ਪੂਰੇ ਜੀਵਨ ਵਿਚ ਕੋਈ ਵੀ ਭਲੇ ਦਾ ਕੰਮ ਨਹੀਂ ਕੀਤਾ। ਉਹ ਆਪਣੇ ਮਨ ਵਿਚ ਇਹ ਵੀ ਸੋਚਦਾ ਹੈ ਕਿ ਉਸ ਨੇ ਕਦੇ ਆਪਣੇ ਮਨ, ਬਚਨ ਅਤੇ ਕਰਮ ਦੀ ਇਕਸੁਰਤਾ ਵਿਚ ਹਰੀ-ਪ੍ਰਭੂ ਦੀ ਸਿਫਤਿ-ਸਾਲਾਹ ਜਾਂ ਨਾਮ-ਸਿਮਰਨ ਵੀ ਨਹੀਂ ਕੀਤਾ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਅਜਿਹੇ ਮਨੁਖ ਦੇ ਮਨ ਵਿਚ ਗੁਰੂ ਦਾ ਉਪਦੇਸ਼ ਜਾਂ ਮੱਤ ਸੁਣ ਕੇ ਵੀ ਕੋਈ ਸੂਝ-ਬੂਝ ਜਾਂ ਸਮਝ ਪੈਦਾ ਨਾ ਹੋਈ ਤੇ ਉਹ ਪਸ਼ੂਆਂ ਵਾਂਗ ਖਾ-ਖਾ ਕੇ ਢਿੱਡ ਹੀ ਭਰਦਾ ਰਿਹਾ ਹੈ, ਭਾਵ ਆਪਣੀਆਂ ਸ਼ਰੀਰਕ ਲੋੜਾਂ ਹੀ ਪੂਰੀਆਂ ਕਰਨ ਵਿਚ ਲੱਗਾ ਰਿਹਾ। ਪਾਤਸ਼ਾਹ ਅਜਿਹੇ ਮਨੁਖ ਲਈ ਪ੍ਰਭੂ ਅੱਗੇ ਅਰਦਾਸ ਕਰਦੇ ਹਨ ਕਿ ਜੇ ਉਹ ਆਪਣੇ ਕਿਰਪਾਲੂ ਸੁਭਾਅ ਅਨੁਸਾਰ ਉਸ ’ਤੇ ਕਿਰਪਾ ਕਰੇ ਤਾਂ ਹੀ ਉਸ ਪਤਿਤ ਦਾ ਪਤਿਤਪੁਣੇ ਤੋਂ ਪਾਰਉਤਾਰਾ ਹੋ ਸਕਦਾ ਹੈ।